Breaking News
Home / ਹਫ਼ਤਾਵਾਰੀ ਫੇਰੀ / ਇਕ ਮੰਤਰੀ ਦੀ ਅਸ਼ਲੀਲ ਵੀਡੀਓ ਨੂੰ ਲੈ ਕੇ ਮਾਨ ਸਰਕਾਰ ਫਸੀ ਕਸੂਤੀ ਸਥਿਤੀ ‘ਚ

ਇਕ ਮੰਤਰੀ ਦੀ ਅਸ਼ਲੀਲ ਵੀਡੀਓ ਨੂੰ ਲੈ ਕੇ ਮਾਨ ਸਰਕਾਰ ਫਸੀ ਕਸੂਤੀ ਸਥਿਤੀ ‘ਚ

ਸਬੰਧਤ ਮੰਤਰੀ ਦੀ ਛਾਂਟੀ ਦਾ ਵੀ ਹੋ ਸਕਦਾ ਹੈ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਇਕ ਹੋਰ ਸਨਸਨੀਖ਼ੇਜ਼ ਵਿਵਾਦ ਵਿਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਇਕ ਵਜ਼ੀਰ ਸੰਬੰਧੀ ਕਾਂਗਰਸ ਦੇ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਰਾਜਪਾਲ ਨੂੰ ਇਕ ਪੈੱਨ ਡਰਾਈਵ ਵਿਚ ਸੰਬੰਧਿਤ ਮੰਤਰੀ ਸੰਬੰਧੀ ਦੋ ਅਸ਼ਲੀਲ ਵੀਡੀਓ ਦਿੱਤੀਆਂ ਗਈਆਂ ਹਨ ਅਤੇ ਰਾਜਪਾਲ ਤੋਂ ਇਸ ਮਾਮਲੇ ਵਿਚ ਬਣਦੀ ਕਾਰਵਾਈ ਤੇ ਸੰਬੰਧਿਤ ਮੰਤਰੀ ਨੂੰ ਬਰਤਰਫ਼ ਕਰਨ ਦੀ ਲਿਖਤੀ ਮੰਗ ਵੀ ਰੱਖੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਹਿਰਾ ਵਲੋਂ ਆਪਣੀ ਸ਼ਿਕਾਇਤ ਵਿਚ ਸੰਬੰਧਿਤ ਮੰਤਰੀ ਦਾ
ਬਕਾਇਦਾ ਨਾਂਅ ਵੀ ਦਿੱਤਾ ਗਿਆ ਹੈ ਪਰ ਉਨ੍ਹਾਂ ਵਲੋਂ ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਨਹੀਂ ਕੀਤੀ ਗਈ। ਰਾਜਪਾਲ ਵਲੋਂ ਸੂਚਨਾ ਅਨੁਸਾਰ ਰਾਜ ਦੇ ਡੀ.ਜੀ.ਪੀ. ਕੋਲੋਂ ਇਸ ਮਾਮਲੇ ‘ਚ ਤੁਰੰਤ ਰਿਪੋਰਟ ਮੰਗੀ ਗਈ ਹੈ ਅਤੇ ਵੀਡੀਓ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਦੀ ਮਦਦ ਲੈਣ ਲਈ ਵੀ ਕਿਹਾ ਗਿਆ ਹੈ। ਸੂਚਨਾ ਅਨੁਸਾਰ ਸ਼ਿਕਾਇਤ ਦੀ ਕਾਪੀ ਮੁੱਖ ਮੰਤਰੀ ਨੂੰ ਵੀ ਭੇਜੀ ਗਈ ਹੈ। ਹਾਲਾਂਕਿ ਮੁੱਖ ਮੰਤਰੀ ਨੂੰ ਰਾਜਪਾਲ ਵਲੋਂ ਭੇਜੀਆਂ ਜਾਣ ਵਾਲੀਆਂ ਸ਼ਿਕਾਇਤਾਂ ਦਾ ਹੁਣ ਤੱਕ ਨਾ ਤਾਂ ਕੋਈ ਨੋਟਿਸ ਲਿਆ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜਵਾਬ ਹੀ ਭੇਜਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਰਾਜ ਦੇ ਐਡਵੋਕੇਟ ਜਨਰਲ ਸੰਬੰਧੀ ਵੀ ਦਿੱਲੀ ਦੀ ਇਕ ਵਕੀਲ ਵਲੋਂ ਵੀਡੀਓ ਰਾਹੀਂ ਦੋਸ਼ ਲਗਾਏ ਗਏ ਸਨ ਅਤੇ ਰਾਜਪਾਲ ਵਲੋਂ ਉਸ ਸੰਬੰਧੀ ਵੀ ਮੁੱਖ ਮੰਤਰੀ ਤੋਂ ਰਿਪੋਰਟ ‘ਤੇ ਕਾਰਵਾਈ ਲਈ ਮੰਗ ਕੀਤੀ ਗਈ ਸੀ ਪਰ ਉਸ ਸੰਬੰਧੀ ਵੀ ਮੁੱਖ ਮੰਤਰੀ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਲੇਕਿਨ ਉੱਚ ਸਰਕਾਰੀ ਸੂਤਰਾਂ ਅਨੁਸਾਰ ਹੁਣ ਇਕ ਸੰਬੰਧਿਤ ਮੰਤਰੀ ਵਿਰੁੱਧ ਲੱਗੇ ਅਜਿਹੇ ਸਨਸਨੀਖ਼ੇਜ਼ ਦੋਸ਼ਾਂ ਨੂੰ ਲੈ ਕੇ ਮੁੱਖ ਮੰਤਰੀ ਵੀ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਵਲੋਂ ਇਸ ਸੰਬੰਧੀ ਪਾਰਟੀ ਪੱਧਰ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਦੋਸ਼ਾਂ ਦੀ ਵੀ ਘੋਖ ਕੀਤੀ ਜਾ ਰਹੀ ਹੈ। ਸੂਚਨਾ ਅਨੁਸਾਰ ਇਹ ਮਾਮਲਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੀ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਸੰਬੰਧਿਤ ਮੰਤਰੀ ਵਿਰੁੱਧ 12 ਮਿੰਟਾਂ ਦੀਆਂ ਇਹ ਦੋ ਵੀਡੀਓ ਜਨਤਕ ਹੋਣ ਦਾ ਡਰ ਵੀ ਪਾਰਟੀ ਨੂੰ ਸਤਾ ਰਿਹਾ ਹੈ, ਕਿਉਂਕਿ ਪਾਰਟੀ ਨੂੰ ਇਸ ਕਾਰਨ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਸਰਕਾਰੀ ਹਲਕਿਆਂ ਵਿਚ ਚਰਚਾ ਇਹ ਵੀ ਹੈ ਕਿ ਸੰਬੰਧਿਤ ਮੰਤਰੀ ਨੂੰ ਕੁਝ ਹੋਰ ਕਾਰਨ ਦੱਸ ਕੇ ਸਰਕਾਰ ‘ਚੋਂ ਬਰਤਰਫ਼ ਵੀ ਕੀਤਾ ਜਾ ਸਕਦਾ ਹੈ ਤਾਂ ਜੋ ਵੀਡੀਓ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਜਾਵੇ। ਲੇਕਿਨ ਸਰਕਾਰ ਲਈ ਇਹ ਸੰਕਟ ਦੀ ਘੜੀ ਜ਼ਰੂਰ ਮੰਨੀ ਜਾ ਰਹੀ ਹੈ।
ਮੇਰੇ ਕੋਲ ਨਾ ਕੋਈ ਅਸਤੀਫ਼ਾ ਪਹੁੰਚਿਆ ਤੇ ਨਾ ਹੀ ਕੋਈ ਵੀਡੀਓ : ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਆਗੂ ਮਨਜਿੰਦਰ ਸਿਰਸਾ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਸੂਬੇ ਦੇ ਮੰਤਰੀ ਖਿਲਾਫ ਲਗਾਏ ਗਏ ਆਰੋਪ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਨੇ ਨਾ ਤਾਂ ਕੋਈ ਅਸਤੀਫ਼ਾ ਦਿੱਤਾ ਹੈ ਤੇ ਨਾ ਹੀ ਮੰਤਰੀ ਦੀ ਕੋਈ ਵੀਡੀਓ ਉਨ੍ਹਾਂ ਕੋਲ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ, ਸੁਖਪਾਲ ਸਿੰਘ ਖਹਿਰਾ ਤੇ ਮਨਜਿੰਦਰ ਸਿੰਘ ਸਿਰਸਾ ਹਮਸਲਾਹ ਹੋ ਕੇ ਬਿਆਨ ਦਿੰਦੇ ਹਨ।

 

Check Also

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …