ਦਿੱਲੀ ਸ਼ਰਾਬ ਘੋਟਾਲਾ : ਸਿਸੋਦੀਆ ਦੇ ਨਾਲ ਮੀਟਿੰਗ ‘ਚ ਸਨ ਰਾਘਵ ਚੱਢਾ
ਈਡੀ ਨੇ ਸਪਲੀਮੈਂਟਰੀ ਚਾਰਜਸ਼ੀਟ ‘ਚ ਨਾਮ ਜੋੜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਘੋਟਾਲਾ ਮਾਮਲੇ ਵਿਚ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਪੰਜਾਬ ਸਰਕਾਰ ਵਿਚ ਮੁੱਖ ਭੂਮਿਕਾ ਨਿਭਾ ਰਹੇ ਰਾਘਵ ਚੱਢਾ ਦਾ ਨਾਮ ਵੀ ਜੁੜ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਅਦਾਲਤ ਵਿਚ ਦਾਖਲ ਕੀਤੀ ਗਈ ਸਪਲੀਮੈਂਟਰੀ ਚਾਰਜਸ਼ੀਟ ਵਿਚ ਰਾਘਵ ਚੱਢਾ ਦੇ ਨਾਮ ਦਾ ਜ਼ਿਕਰ ਇਕ ਆਰੋਪੀ ਦੇ ਬਿਆਨ ਦੇ ਹਵਾਲੇ ਨਾਲ ਕੀਤਾ ਗਿਆ ਹੈ। ਚਾਰਜਸ਼ੀਟ ਵਿਚ ਈਡੀ ਨੇ ਕਈ ਨਵੀਆਂ ਜਾਣਕਾਰੀਆਂ ਅਦਾਲਤ ਦੇ ਸਾਹਮਣੇ ਰੱਖੀਆਂ ਹਨ। ਮਾਮਲਾ ਸਾਹਮਣੇ ਆਉਣ ‘ਤੇ ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ, ਉਸ ਨੂੰ ਬੇਵਜ੍ਹਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਨਾ ਤਾਂ ਉਹ ਆਰੋਪੀ ਹਨ ਅਤੇ ਨਾ ਸ਼ੱਕੀ। ਈਡੀ ਵਲੋਂ ਜਮ੍ਹਾ ਕੀਤੀ ਗਈ ਸਪਲੀਮੈਂਟਰੀ ਚਾਰਜਸ਼ੀਟ ਦੇ ਅਨੁਸਾਰ ਮਨੀਸ਼ ਸਿਸੋਦੀਆ ਦੇ ਪੀਏ ਅਰਵਿੰਦ ਨੇ ਆਪਣੇ ਬਿਆਨ ਵਿਚ ਰਾਘਵ ਚੱਢਾ ਦਾ ਨਾਮ ਲਿਆ ਹੈ। ਅਰਵਿੰਦ ਨੇ ਈਡੀ ਨੂੰ ਇਹ ਜਾਣਕਾਰੀ ਦਿੱਤੀ ਵੀ ਦਿੱਤੀ ਹੈ ਕਿ ਡਿਪਟੀ ਸੀਐਮ ਸਿਸੋਦੀਆ ਦੇ ਘਰ ‘ਤੇ ਇਕ ਬੈਠਕ ਹੋਈ ਸੀ। ਇਸ ਵਿਚ ਰਾਘਵ ਚੱਢਾ ਅਤੇ ਵਿਜੇ ਨਾਇਰ ਮੌਜੂਦ ਸਨ। ਚਾਰਜਸ਼ੀਟ ਵਿਚ ਰਾਘਵ ਦਾ ਨਾਮ ਤਾਂ ਹੈ, ਪਰ ਉਨ੍ਹਾਂ ਨੂੰ ਆਰੋਪੀ ਦੇ ਤੌਰ ‘ਤੇ ਮਾਮਲੇ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਈਡੀ ਨੇ ਚਾਰਜਸ਼ੀਟ ਵਿਚ ਖੁਲਾਸਾ ਕੀਤਾ ਕਿ ਵਿਜੇ ਨਾਇਰ ਨੇ ਅਰੁਣ ਪਿਲੱਈ, ਅਭਿਸ਼ੇਕ ਬੋਇਨਪੱਲੀ ਅਤੇ ਬੁਚੀ ਬਾਬੂ ਦੇ ਨਾਲ ਜੂਮ ਮੀਟਿੰਗ ਦਾ ਪ੍ਰਬੰਧ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਵਿਜੇ ਨਾਇਰ ਆਮ ਆਦਮੀ ਪਾਰਟੀ ਦੇ ਮਹੱਤਵਪੂਰਨ ਮੈਂਬਰ ਸਨ ਅਤੇ ਆਬਕਾਰੀ ਨੀਤੀ ਨੂੰ ਮੈਨੇਜ਼ ਕਰ ਰਹੇ ਸਨ।
ਇਹ ਹੈ ਮਾਮਲਾ : ਦਿੱਲੀ ਵਿਚ ਨਵੀਂ ਐਕਸਾਈਜ਼ ਪਾਲਿਸੀ ਵਿ ਹੋਏ ਘੋਟਾਲੇ ਦੇ ਮਾਮਲੇ ਵਿਚ ਮਨੀਸ਼ ਸਿਸੋਦੀਆ ਨੂੰ ਫਰਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਦੀ ਨਵੀਂ ਸ਼ਰਾਬ ਨੀਤੀ ਤਿਆਰ ਕਰਨ ਅਤੇ ਲਾਗੂ ਕਰਨ ਦੇ ਮਾਮਲੇ ਵਿਚ ਕਥਿਤ ਊਣਤਾਈਆਂ ਨੂੰ ਲੈ ਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ, ਹਾਲਾਂਕਿ ਮਾਮਲਾ ਸੁਰਖੀਆਂ ਵਿਚ ਆਉਣ ਤੋਂ ਬਾਅਦ ਨਵੀਂ ਸ਼ਰਾਬ ਨੀਤੀ ਨੂੰ ਰੱਦ ਵੀ ਕਰ ਦਿੱਤਾ ਗਿਆ ਸੀ।
ਚਾਰਜਸ਼ੀਟ ਵਿਚ ਤੇਲੰਗਾਨਾ ਦੇ ਸੀਐਮ ਦੀ ਬੇਟੀ ਨਾਲ ਨਾਇਰ ਦੀਆਂ ਮੀਟਿੰਗਾਂ ਦਾ ਜ਼ਿਕਰ : ਈਡੀ ਨੇ ਇਸ ਸਪਲੀਮੈਂਟਰੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਅਰਵਿੰਦ ਕੇਜਰੀਵਾਲ ਦੀ ਹੀ ਪਲਾਨਿੰਗ ਸੀ। ਇਸਦੇ ਨਾਲ ਹੀ ਚਾਰਜਸ਼ੀਟ ਵਿਚ ਤੇਲੰਗਾਨਾ ਦੇ ਸੀਐਮ ਕੇਸੀਆਰ ਦੀ ਬੇਟੀ ਕੇ. ਕਵਿਤਾ ਦਾ ਵੀ ਜ਼ਿਕਰ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਕੇ.ਕਵਿਤਾ ਨੇ ਆਬਕਾਰੀ ਨੀਤੀ ਬਣਾਉਣ ਅਤੇ ਉਸ ਨੂੰ ਲਾਗੂ ਹੋਣ ਤੋਂ ਬਾਅਦ ਵਿਜੇ ਨਾਇਰ ਦੇ ਨਾਲ ਕਈ ਵਾਰ ਮੀਟਿੰਗ ਵੀ ਕੀਤੀ ਸੀ।
ਵਿਰੋਧੀ ਧਿਰ : ਚੋਣਵੀਆਂ ਕੰਪਨੀਆਂ ਨੂੰ ਲਾਭ ਪਹੁੰਚਾਣ ਦੇ ਲਈ ਕੋਸ਼ਿਸ਼ਾਂ ਦਾ ਆਰੋਪ : ਐਕਸਾਈਜ਼ ਸਕੈਮ ਵਿਚ ਸੰਸਦ ਮੈਂਬਰ ਰਾਘਵ ਚੱਢਾ ਦੇ ਨਾਮ ਤੋਂ ਬਾਅਦ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀ ਪਾਲਿਸੀ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਐਕਸਾਈਜ਼ ਘੋਟਾਲੇ ਵਿਚ ਰਾਘਵ ਚੱਢਾ ਦਾ ਨਾਮ ਆਉਣ ਨਾਲ ਜੂਨ 2022 ਵਿਚ ਦਰਜ ਮੇਰੀ ਸ਼ਿਕਾਇਤ ਵਿਚ ਸਾਂਝਾ ਕੀਤੀ ਗਈ ਜਾਣਕਾਰੀ ਦੀ ਪੁਸ਼ਟੀ ਹੁੰਦੀ ਹੈ। ਚੋਣਵੀਆਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਵਿਚ ਵੀ ਐਕਸਾਈਜ਼ ਦੇ ਦਿੱਲੀ ਮਾਡਲ ਨੂੰ ਦੂਹਰਾਉਣ ਦੀ ਕੋਸ਼ਿਸ਼ ਕੀਤੀ ਗਈ। ਉਥੇ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਰਹਿ ਰਹੇ ਸੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਏ। ਪੰਜਾਬ ਵਿਚ ਵੀ ਜਾਂਚ ਕੀਤੀ ਜਾਏ।
ਮੈਨੂੰ ਕੀਤਾ ਜਾ ਰਿਹਾ ਹੈ ਬਦਨਾਮ : ਰਾਘਵ ਚੱਢਾ
ਸੰਸਦ ਮੈਂਬਰ ਰਾਘਵ ਚੱਢਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਚੈਨਲਾਂ ਵਲੋਂ ਉਨ੍ਹਾਂ ਨੂੰ ਆਰੋਪੀ ਬਣਾਇਆ ਜਾ ਰਿਹਾ ਹੈ। ਇਹ ਗਲਤ ਹੈ। ਉਹ ਨਾ ਤਾਂ ਆਰੋਪੀ ਹਨ, ਨਾ ਗਵਾਹ ਅਤੇ ਨਾ ਹੀ ਸ਼ੱਕੀ ਹਨ। ਲੱਗਦਾ ਹੈ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਹ ਕਦਮ ਉਠਾਇਆ ਗਿਆ ਹੈ। ਇਕ ਵਿਅਕਤੀ ਨੇ ਉਨ੍ਹਾਂ ਦੇ ਇਕ ਬੈਠਕ ਵਿਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਇਸੇ ਨੂੰ ਲੈ ਕੇ ਮੇਰੇ ਖਿਲਾਫ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ, ਜਦਕਿ ਮੇਰੇ ਖਿਲਾਫ ਨਾ ਕੋਈ ਆਰੋਪ ਹੈ ਅਤੇ ਨਾ ਹੀ ਕੋਈ ਸਬੂਤ ਜਾਂ ਗਵਾਹ ਹੈ। ਇਹ ਪੂਰੀ ਤਰ੍ਹਾਂ ਨਾਲ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ।