-12.5 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ਼ 23 ਸਾਲਾਂ ਤੋਂ ਕੇਸ ਲੜ ਰਹੀ 100...

ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ਼ 23 ਸਾਲਾਂ ਤੋਂ ਕੇਸ ਲੜ ਰਹੀ 100 ਸਾਲਾ ਬੀਬੀ ਅਮਰ ਕੌਰ ਦਾ ਹੋਇਆ ਦੇਹਾਂਤ

ਇਨਸਾਫ਼ ਨਾ ਬਹੁੜਿਆ ਮੌਤ ਆ ਗਈ
ਪਿਛਲੇ 10 ਵਰ੍ਹਿਆਂ ਤੋਂ ਸੀ ਮਾਤਾ ਅਮਰ ਕੌਰ ਨੂੰ ਅਧਰੰਗ ਫਿਰ ਵੀ ਹਰ ਤਾਰੀਖ ‘ਤੇ ਹੋਈ ਪੇਸ਼
ਹੁਸ਼ਿਆਰਪੁਰ/ਬਿਊਰੋ ਨਿਊਜ਼
ਲਗਭਗ 23 ਸਾਲ ਤੋਂ ਇਨਸਾਫ ਦੀ ਉਡੀਕ ਕਰ ਰਹੀਆਂ ਦੋ ਬੁੱਢੀਆਂ ਅੱਖਾਂ ਆਖਰ ਹਮੇਸ਼ਾ ਲਈ ਬੰਦ ਹੋ ਗਈਆਂ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ‘ਤੇ ਚੱਲ ਰਹੇ ਸੈਣੀ ਮੋਟਰ ਕੇਸ ਦੀ ਅਹਿਮ ਗਵਾਹ ਮਾਤਾ ਅਮਰ ਕੌਰ ਜਿਸਦੀ ਉਮਰ 100 ਸਾਲ ਤੋਂ ਜ਼ਿਆਦਾ ਦੱਸੀ ਜਾਂਦੀ ਹੈ, ਦਾ ਮੰਗਲਵਾਰ ਨੂੰ ਦਿੱਲੀ ਦੇ ਸਾਊਥ ਐਕਸਟੈਨਸ਼ਨ ਪਾਰਟ-2 ਵਿਚ ਦੇਹਾਂਤ ਹੋ ਗਿਆ।
ਉਨ੍ਹਾਂ ਦੇ ਇਕ ਪੁੱਤਰ ਅਤੇ ਪੁੱਤਰ ਦੇ ਸਾਲੇ ਸਮੇਤ ਡਰਾਈਵਰ ਨੂੰ ਅਗਵਾ ਕਰਕੇ ਕਤਲ ਕਰਨ ਦਾ ਆਰੋਪ ਸੁਮੇਧ ਸੈਣੀ ‘ਤੇ ਲੱਗਿਆ ਸੀ ਅਤੇ ਇਸਦਾ ਕੇਸ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਚੱਲ ਰਿਹਾ ਹੈ।
15 ਮਾਰਚ, 1994 ਨੂੰ ਵਿਨੋਦ ਕੁਮਾਰ, ਵਿਨੋਦ ਕੁਮਾਰ ਦੇ ਸਾਲੇ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਖਤਿਆਰ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਅਗਵਾ ਕੀਤਾ ਗਿਆ ਸੀ। ਉਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਅਤੇ ਇਸ ਕੇਸ ਦੀ ਜਾਂਚ ਸੀਬੀਆਈ ਨੇ ਕੀਤੀ ਸੀ। ਸੀਬੀਆਈ ਨੇ ਜਾਂਚ ਕਰਕੇ ਸੁਮੇਧ ਸਿੰਘ ਸੈਣੀ ਅਤੇ ਤਿੰਨ ਪੁਲਿਸ ਅਫਸਰਾਂ ਨੂੰ ਆਰੋਪੀ ਬਣਾਉਂਦੇ ਹੋਏ ਚਾਰਜਸ਼ੀਟ ਫਾਈਲ ਕੀਤੀ ਸੀ।
2008 ਵਿਚ ਅਮਰ ਕੌਰ ਨੇ ਇਸ ਕੇਸ ਵਿਚ ਅਹਿਮ ਗਵਾਹੀ ਦਿੱਤੀ ਸੀ ਅਤੇ ਉਹ ਪਿਛਲੇ 10 ਸਾਲਾਂ ਤੋਂ ਅਧਰੰਗ ਤੋਂ ਪੀੜਤ ਹੋਣ ਦੇ ਬਾਵਜੂਦ ਲਗਾਤਾਰ ਸਟਰੈਚਰ ‘ਤੇ ਅਦਾਲਤ ਜਾਂਦੀ ਰਹੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਇਕ ਬੇਟੇ ਪ੍ਰਮੋਦ ਕੁਮਾਰ ਨੇ ਖੁਦਕੁਸ਼ੀ ਕਰ ਲਈ ਸੀ।
ਇਹੀ ਨਹੀਂ, ਸੁਮੇਧ ਸੈਣੀ ਨਾਲ ਵਿਵਾਦ ਦੌਰਾਨ 4 ਮਾਰਚ 1994 ਨੂੰ ਮਾਤਾ ਅਮਰ ਕੌਰ ਦੇ ਪਤੀ ਰਤਨ ਸਿੰਘ ਆਹਲੂਵਾਲੀਆ ਦਾ ਦੇਹਾਂਤ ਹੋ ਗਿਆ ਸੀ। ਮਾਤਾ ਅਮਰ ਕੌਰ ਨੂੰ ਉਮੀਦ ਸੀ ਕਿ ਉਹ ਆਪਣੇ ਜਿਊਂਦੇ ਜੀਅ ਇਸ ਕੇਸ ਵਿਚ ਇਨਸਾਫ ਲੈ ਕੇ ਜਾਵੇਗੀ, ਪਰ ਇਹ ਇੱਛਾ ਉਸ ਦੀ ਮੌਤ ਦੇ ਨਾਲ ਹੀ ਖਤਮ ਹੋ ਗਈ।

RELATED ARTICLES
POPULAR POSTS