ਲੰਡਨ : ਯੂਕੇ ਸਰਕਾਰ ਨੇ ਆਪਣੀ ਫੌਜ ਵਿਚ ਕੈਨੇਡੀਅਨਾਂ ਅਤੇ ਭਾਰਤੀਆਂ ਸਮੇਤ ਰਾਸ਼ਟਰਮੰਡਲ ਦੇ 53 ਦੇਸ਼ਾਂ ਦੇ ਨਾਗਰਿਕਾਂ ਨੂੰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਯੂਕੇ ਨੇ ਰਾਸ਼ਟਰਮੰਡਲ ਮੁਲਕਾਂ ਦੇ ਨਾਗਰਿਕਾਂ ਲਈ ਫ਼ੌਜ ਵਿਚ ਭਰਤੀ ਲਈ ਨਿਯਮਾਂ ਵਿਚ ਛੋਟ ਦੇਣ ਦਾ ਐਲਾਨ ਵੀ ਕੀਤਾ ਹੈ। ਹਥਿਆਰਬੰਦ ਬਲਾਂ ਵਿਚ ਭਾਰੀ ਕਮੀ ਨੂੰ ਪੂਰਾ ਕਰਨ ਲਈ ਇੰਗਲੈਂਡ ਨੇ ਇਹ ਕਦਮ ਉਠਾਇਆ ਹੈ। ਰੱਖਿਆ ਮੰਤਰਾਲੇ ਨੇ ਸੰਸਦ ਮੂਹਰੇ ਲਿਖਤੀ ਤਜਵੀਜ਼ ਨੂੰ ਪੇਸ਼ ਕੀਤਾ ਹੈ ਜਿਸ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਥਲ, ਜਲ ਜਾਂ ਹਵਾਈ ਸੈਨਾ ਵਿਚ ਭਰਤੀ ਹੋਣ ਲਈ ਇੰਗਲੈਂਡ ਵਿਚ ਘੱਟੋ ਘੱਟ ਪੰਜ ਸਾਲ ਰਹਿਣ ਦੀ ਮੌਜੂਦਾ ਸ਼ਰਤ ‘ਚ ਰਾਹਤ ਦਿੱਤੀ ਜਾਵੇ। ਇਸ ਫ਼ੈਸਲੇ ਨਾਲ ਭਾਰਤ, ਆਸਟਰੇਲੀਆ ਕੈਨੇਡਾ ਅਤੇ ਕੀਨੀਆ ਵਰਗੇ ਮੁਲਕਾਂ ਦੇ ਨੌਜਵਾਨ ਫ਼ੌਜ ਵਿਚ ਭਰਤੀ ਲਈ ਦਰਖ਼ਾਸਤ ਦੇ ਸਕਣਗੇ। ਰੱਖਿਆ ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਰਾਸ਼ਟਰਮੰਡਲ ਮੁਲਕਾਂ ਦੇ ਨਾਗਰਿਕਾਂ ਲਈ ਪੰਜ ਸਾਲ ਪਰਵਾਸ ਦੀ ਸ਼ਰਤ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਰਾਇਲ ਨੇਵੀ, ਬ੍ਰਿਟਿਸ਼ ਆਰਮੀ ਅਤੇ ਰਾਇਲ ਏਅਰ ਫੋਰਸ ਵਿਚ ਜਵਾਨਾਂ ਦੀ ਨਫ਼ਰੀ ਵਧਾਈ ਜਾ ਸਕੇ। ਮਈ 2016 ਤੋਂ ਰਾਸ਼ਟਰਮੰਡਲ ਮੁਲਕਾਂ ਦੇ 200 ਨੌਜਵਾਨਾਂ ਦੀ ਹਰ ਸਾਲ ਭਰਤੀ ਕੀਤੀ ਜਾਂਦੀ ਸੀ। ਭਰਤੀ ਲਈ ਅਗਲੇ ਸਾਲ ਦੇ ਸ਼ੁਰੂ ਤੋਂ ਅਮਲ ਸ਼ੁਰੂ ਹੋ ਜਾਵੇਗਾ। ਰਾਸ਼ਟਰਮੰਡਲ ਮੁਲਕਾਂ ਤੋਂ ਬਾਹਰਲੇ ਨਾਗਰਿਕਾਂ ਨੂੰ ਇਸ ਭਰਤੀ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਆਇਰਲੈਂਡ ਅਤੇ ਨੇਪਾਲ ਦੇ ਗੋਰਖੇ ਨਾਗਰਿਕਾਂ ਨੂੰ ਬ੍ਰਿਟਿਸ਼ ਸੈਨਾ ਵਿਚ ਭਰਤੀ ਕਰਨ ਲਈ ਪਹਿਲਾਂ ਹੀ ਵਿਸ਼ੇਸ਼ ਨੇਮ ਬਣਾਏ ਗਏ ਹਨ। ਰਾਸ਼ਟਰਮੰਡਲ ਦੇ ਨਾਗਰਿਕਾਂ ਨੂੰ ਫ਼ੌਜ ਵਿਚ ਭਰਤੀ ਲਈ ਪੰਜ ਸਾਲ ਪਰਵਾਸ ਦੀ ਰਾਹਤ 1998 ‘ਚ ਦਿੱਤੀ ਗਈ ਸੀ ਪਰ ਇਸ ਨੂੰ ਮੁੜ 2013 ਵਿਚ ਲਾਗੂ ਕਰ ਦਿੱਤਾ ਗਿਆ ਸੀ। ਨੈਸ਼ਨਲ ਆਡਿਟ ਆਫ਼ਿਸ ਦੀ ਰਿਪੋਰਟ ਮੁਤਾਬਕ ਇਸ ਸਾਲ ਅਪਰੈਲ ਤਕ ਯੂਕੇ ਦੀ ਫ਼ੌਜ ਵਿਚ ਕਰੀਬ 8200 ਜਵਾਨਾਂ, ਨਾਵਿਕਾਂ ਅਤੇ ਹਵਾਈ ਸੈਨਿਕਾਂ ਦੀ ਘਾਟ ਹੈ।
Check Also
ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ
ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …