Breaking News
Home / ਹਫ਼ਤਾਵਾਰੀ ਫੇਰੀ / ਫਰੀਲੈਂਡ ਦੇ ਅਸਤੀਫੇ ਨਾਲ ਕੈਨੇਡਾ

ਫਰੀਲੈਂਡ ਦੇ ਅਸਤੀਫੇ ਨਾਲ ਕੈਨੇਡਾ

‘ਚ ਸਿਆਸੀ ਹਲਚਲ ਤੇਜ਼
ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫਰੀਲੈਂਡ ਦੀ ਥਾਂ ਵਿੱਤ ਮੰਤਰੀ ਵਜੋਂ ਸਹੁੰ ਚੁੱਕੀ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕਰਿਸਟੀਆ ਫਰੀਲੈਂਡ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਫਰੀਲੈਂਡ ਵਿਚਾਲੇ ਕਈ ਦਿਨਾਂ ਤੋਂ ਕਸ਼ੀਦਗੀ ਚੱਲ ਰਹੀ ਸੀ। ਅਸਤੀਫੇ ਤੋਂ ਬਾਅਦ ਕਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ ਅਗਲੀ ਚੋਣ ਵੀ ਆਪਣੇ ਪੁਰਾਣੇ ਹਲਕੇ ਤੋਂ ਹੀ ਲੜੇਗੀ। ਇਸ ਤੋਂ ਪਹਿਲਾਂ ਇੱਕ ਹੋਰ ਮੰਤਰੀ ਸਿਆਨ ਫਰੇਜਰ ਨੇ ਵੀ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਸੀ। ਤਿੰਨ ਸਾਲ ਪਹਿਲਾਂ ਆਵਾਸ ਮੰਤਰੀ ਹੁੰਦਿਆਂ ਸਿਆਨ ਫਰੇਜਰ ਕੁਝ ਵਿਵਾਦਾਂ ਵਿੱਚ ਵੀ ਘਿਰੇ ਸਨ। ਦੋ ਮੰਤਰੀਆਂ ਵੱਲੋਂ ਦਿੱਤੇ ਅਸਤੀਫ਼ੇ ਟਰੂਡੋ ਵਜ਼ਾਰਤ ਲਈ ਖ਼ਤਰੇ ਦੀ ਘੰਟੀ ਮੰਨੇ ਜਾ ਰਹੇ ਹਨ।
ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਨੇੜਲਿਆਂ ‘ਚੋਂ ਇਕ ਮੰਨਿਆ ਜਾਂਦਾ ਸੀ, ਵਲੋਂ ਲੰਘੇ ਦਿਨ ਚਾਣਚੱਕ ਦਿੱਤਾ ਅਸਤੀਫਾ ਜਨਤਕ ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ਟਰੂਡੋ ਸਰਕਾਰ ਦੇ ਭਵਿੱਖ ਬਾਰੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ। ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਪੈਦਾ ਹੋਏ ਇਸ ਸੰਕਟ ਨਾਲ ਦੇਸ਼ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਬਣਨ ਲੱਗੇ ਹਨ। ਵਿੱਤ ਮੰਤਰੀ ਦੇ ਲੰਘੇ ਦਿਨ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਬਾਰੇ ਵਿਸਥਾਰਤ ਜਾਣਕਾਰੀ ਦੇਣ ਤੋਂ ਕੁਝ ਘੰਟੇ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦੇ ਐਲਾਨ ਨੇ ਜਸਟਿਨ ਟਰੂਡੋ ਸਰਕਾਰ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਬੇਸ਼ੱਕ ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫਰੀਲੈਂਡ ਦੀ ਥਾਂ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ, ਪਰ ਟਰੂਡੋ ਸਰਕਾਰ ਅਤੇ ਦੇਸ਼ ਦੇ ਭਵਿੱਖ ਦੀ ਹੋ ਰਹੀ ਚਰਚਾ ‘ਚ ਫਰਕ ਨਾ ਪਿਆ।
ਜਸਟਿਨ ਟਰੂਡੋ ਤੇ ਫਰੀਲੈਂਡ ਵਿਚਾਲੇ ਖਟਾਸ ਦੀਆਂ ਕਨਸੋਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ, ਪਰ ਅਚਾਨਕ ਅਸਤੀਫਾ ਦੇਣ ਦਾ ਕਾਰਨ ਸਰਕਾਰ ਕੋਲ ਵਿੱਤੀ ਪ੍ਰਬੰਧਾਂ ਦੀ ਘਾਟ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਇੱਕ ਇਤਬਾਰੀ ਸੰਸਥਾ ਵੱਲੋਂ ਕਰਵਾਏ ਸਰਵੇਖਣ ਵਿੱਚ 77 ਫੀਸਦ ਕੈਨੇਡਿਆਈ ਲੋਕਾਂ ਨੇ ਫੌਰੀ ਚੋਣਾਂ ਕਰਵਾ ਕੇ ਦੇਸ਼ ਦੀ ਸੱਤਾ ਹੋਰ ਪਾਰਟੀ ਹੱਥ ਸੌਂਪਣ ਦੀ ਰਾਇ ਜ਼ਾਹਿਰ ਕੀਤੀ ਹੈ। ਇਸੇ ਸੰਸਥਾ ਵੱਲੋਂ ਸਤੰਬਰ ਵਿਚ ਕਰਵਾਏ ਸਰਵੇਖਣ ਵਿੱਚ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ 5 ਫੀਸਦ ਦੇ ਖੋਰੇ ਨਾਲ 21 ਫੀਸਦ ਰਹਿ ਗਈ ਸੀ, ਜਦ ਕਿ ਟੋਰੀ ਆਗੂ ਪੀਅਰ ਪੋਲੀਵਰ ਦੀ ਪ੍ਰਧਾਨ ਮੰਤਰੀ ਵਜੋਂ ਲੋਕਪ੍ਰਿਅਤਾ 77 ਫੀਸਦ ‘ਤੇ ਜਾ ਪਹੁੰਚੀ ਹੈ।
77 ਫੀਸਦ ਜਨਤਾ ਫੌਰੀ ਚੋਣਾਂ ਕਰਾਉਣ ਦੇ ਹੱਕ ‘ਚ : ਭਰੋਸੇਯੋਗ ਸੰਸਥਾ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ 77 ਫੀਸਦ ਕੈਨੇਡਿਆਈ ਲੋਕਾਂ ਨੇ ਤੁਰੰਤ ਚੋਣਾਂ ਕਰਵਾ ਕੇ ਦੇਸ਼ ਦੀ ਸੱਤਾ ਹੋਰ ਪਾਰਟੀ ਦੇ ਹੱਥ ਸੌਂਪਣ ਦੀ ਇੱਛਾ ਜ਼ਾਹਿਰ ਕੀਤੀ ਹੈ। ਸਤੰਬਰ ‘ਚ ਇਸੇ ਸੰਸਥਾ ਵੱਲੋਂ ਕੀਤੇ ਸਰਵੇਖਣ ਅਨੁਸਾਰ ਜਸਟਿਨ ਟਰੂਡੋ ਦੀ ਹਰਮਨਪਿਆਰਤਾ 5 ਫੀਸਦ ਹੋਰ ਘੱਟ ਕੇ 21 ਫੀਸਦ ਰਹਿ ਗਈ ਹੈ, ਜਦਕਿ ਟੋਰੀ ਆਗੂ ਪੀਅਰ ਪੋਲੀਵਰ ਦੀ ਪ੍ਰਧਾਨ ਮੰਤਰੀ ਵਜੋਂ ਲੋਕਪ੍ਰਿਅਤਾ 77 ਫੀਸਦ ‘ਤੇ ਜਾ ਪਹੁੰਚੀ ਹੈ। ਲਿਬਰਲ ਪਾਰਟੀ ਨੂੰ ਲੱਗਣ ਵਾਲੇ ਦੇ ਖੋਰੇ ਦਾ ਝੁਕਾਅ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨਡੀਪੀ ਵੱਲ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਕੈਨੇਡਾ ਵਿਚ 2025 ‘ਚ ਹੋਣੀਆਂ ਹਨ ਚੋਣਾਂ
ਕੈਨੇਡਾ ਵਿਚ ਅਗਲੇ ਸਾਲ 2025 ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਚੋਣਾਂ ਹੋਣੀਆਂ ਹਨ। ਇਹ ਚੋਣਾਂ ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਅਗਲੀਆਂ ਚੋਣਾਂ ਲੜਨ ਦੇ ਲਈ ਲਿਬਰਲ ਪਾਰਟੀ ਦੀ ਅਗਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਪਾਰਟੀ ਦੇ ਕਈ ਆਗੂ ਟਰੂਡੋ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਦੇ ਤੌਰ ‘ਤੇ ਪਸੰਦ ਨਹੀਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਟਰੂਡੋ ਚੌਥੀ ਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਦਾਅਵੇਕਾਰੀ ਕਰ ਰਹੇ ਹਨ। ਕੈਨੇਡਾ ਵਿਚ ਪਿਛਲੇ 100 ਸਾਲਾਂ ਦੇ ਇਤਿਹਾਸ ਵਿਚ ਕੋਈ ਵੀ ਪ੍ਰਧਾਨ ਮੰਤਰੀ ਲਗਾਤਾਰ 4 ਵਾਰ ਚੋਣਾਂ ਜਿੱਤ ਕੇ ਨਹੀਂ ਆਇਆ ਹੈ। ਟਰੂਡੋ ਦੀ ਲਿਬਰਲ ਪਾਰਟੀ ਕੋਲ ਸੰਸਦ ਵਿਚ ਇਕੱਲਿਆਂ ਆਪਣੇ ਦਮ ‘ਤੇ ਬਹੁਮਤ ਨਹੀਂ ਹੈ।

Check Also

ਜਸਟਿਨ ਟਰੂਡੋ ਅਸਤੀਫਾ ਦੇਣ : ਜਗਮੀਤ ਸਿੰਘ

ਓਟਵਾ : ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਤੀਫਾ ਦੇਣ ਲਈ …