Breaking News
Home / ਹਫ਼ਤਾਵਾਰੀ ਫੇਰੀ / ਨਵਜੋਤ ਸਿੱਧੂ ਜੇਲ੍ਹ ‘ਚੋਂ ਰਿਹਾਈ ਤੋਂ ਪਹਿਲਾਂ ਹੀ ਚਰਚਾ ‘ਚ, ਕਾਂਗਰਸ ਚੌਕਸ

ਨਵਜੋਤ ਸਿੱਧੂ ਜੇਲ੍ਹ ‘ਚੋਂ ਰਿਹਾਈ ਤੋਂ ਪਹਿਲਾਂ ਹੀ ਚਰਚਾ ‘ਚ, ਕਾਂਗਰਸ ਚੌਕਸ

ਹਰੀਸ਼ ਚੌਧਰੀ ਨੇ ਕਿਹਾ : ਨਹੀਂ ਬਰਦਾਸ਼ਤ ਕਰਾਂਗੇ ਅਨੁਸ਼ਾਸਨਹੀਣਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਰੋਡਰੇਜ਼ ਦੇ ਮਾਮਲੇ ਵਿਚ ਪਟਿਆਲਾ ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਰਿਹਾਈ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਏ ਹਨ। ਜੇਲ੍ਹ ‘ਚੋ ਬਾਹਰ ਆਉਣ ਉਪਰੰਤ ਨਵਜੋਤ ਸਿੱਧੂ ਸਿਆਸੀ ਗਤੀਵਿਧੀਆਂ ਕਰਨਗੇ ਜਾਂ ਨਹੀਂ, ਇਹ ਅਜੇ ਭੇਤ ਬਣਿਆ ਹੋਇਆ ਹੈ, ਪਰ ਕਾਂਗਰਸ ਨਵਜੋਤ ਸਿੱਧੂ ਦੀ ਰਿਹਾਈ ਤੇ ਗਤੀਵਿਧੀਆਂ ਨੂੰ ਲੈ ਕੇ ਚੌਕਸ ਹੋ ਗਈ ਹੈ। ਵਰਨਣਯੋਗ ਹੈ ਕਿ ਜੇਲ੍ਹ ਵਿਚ ਚੰਗੇ ਵਿਵਹਾਰ ਨੂੰ ਲੈ ਕੇ ਨਵਜੋਤ ਸਿੱਧੂ ਨੂੰ 26 ਜਨਵਰੀ ਨੂੰ ਰਿਹਾਅ ਕੀਤੇ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।
ਜੇਲ੍ਹ ‘ਚੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੱਧੂ ਆਪਣੇ ਤੈਅ ਏਜੰਡੇ ਮੁਤਾਬਕ ਸਿਆਸੀ ਗਤੀਵਿਧੀਆਂ ਕਰਨਗੇ ਜਾਂ ਫਿਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਮੁਤਾਬਕ। ਇਹ ਗੱਲ ਸਮੇਂ ਦੇ ਗਰਭ ਵਿਚ ਹੈ। ਪਰ, ਕਾਂਗਰਸ ਪਾਰਟੀ ਸਿੱਧੂ ਦੀ ਕਾਰਗੁਜ਼ਾਰੀ ਨੂੰ ਲੈ ਕੇ ਗੰਭੀਰ ਦਿਸ ਰਹੀ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਹਾਈਕਮਾਨ ਅਨੁਸ਼ਾਸ਼ਨਹੀਣਤਾ ਨੂੰ ਬਰਦਾਸ਼ਤ ਨਹੀਂ ਕਰੇਗੀ। ਚੌਧਰੀ ਦਾ ਕਹਿਣਾ ਹੈ ਕਿ ਪਾਰਟੀ ਪਹਿਲਾਂ ਹੀ ਭਾਰੀ ਨੁਕਸਾਨ ਝੱਲ ਚੁੱਕੀ ਹੈ ਪਰ ਹੁਣ ਅਨੁਸ਼ਾਸਨਹੀਣਤਾ ਦੀ ਇਜਾਜ਼ਤ ਨਹੀਂ ਹੋਵੇਗੀ ਭਾਵੇਂ ਕਿਸੇ ਵੀ ਕੱਦ ਦਾ ਨੇਤਾ ਕਿਉਂ ਨਾ ਹੋਵੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਹਰੀਸ਼ ਚੌਧਰੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੀ ਗੱਲ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੋਈ ਜ਼ੋਖ਼ਿਮ ਮੁੱਲ ਨਹੀਂ ਲੈਣਾ ਚਾਹੁੰਦੀ। ਜ਼ਿਕਰਯੋਗ ਹੈ ਕਿ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਪਾਰਟੀ ਨੇ ਅਗਲਾ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਦਿੱਤਾ ਸੀ, ਜਦਕਿ ਨਵਜੋਤ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਪਾਰਟੀ ਦੇ ਫ਼ੈਸਲੇ ਤੋਂ ਖ਼ਫ਼ਾ ਹੋ ਕੇ ਸਿੱਧੂ ਨੇ ਵਿਧਾਨ ਸਭਾ ਚੋਣਾਂ ‘ਚ ਦਿਲਚਸਪੀ ਨਹੀਂ ਦਿਖਾਈ। ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹਰੀਸ਼ ਚੌਧਰੀ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਸੀ। ਪਰ ਕਾਂਗਰਸ ਪ੍ਰਧਾਨ ਨੇ ਇਸ ਸ਼ਿਕਾਇਤ ‘ਤੇ ਗੌਰ ਨਹੀਂ ਕੀਤਾ।
ਕਾਂਗਰਸ ਦੀ ਚਿੰਤਾ ਦਾ ਕਾਰਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਨਾਰਾਜ਼ ਆਗੂਆਂ ਦਾ ਨਵਜੋਤ ਸਿੱਧੂ ਨਾਲ ਸੰਪਰਕ ਕਰਨਾ ਮੰਨਿਆ ਜਾ ਰਿਹਾ ਹੈ।
ਜੇਲ੍ਹ ਦਫਤਰ ਦੀਆਂ ਫਾਈਲਾਂ ਨੂੰ ਦੇਖਦੇ ਹਨ ਨਵਜੋਤ ਸਿੱਧੂ
ਸੂਤਰਾਂ ਅਨੁਸਾਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਵਜੋਤ ਸਿੱਧੂ 26 ਜਨਵਰੀ 2023 ਨੂੰ 8 ਮਹੀਨੇ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋਣ ਜਾ ਰਹੇ ਹਨ। ਜੇਲ੍ਹ ਵਿਚ ਸਿੱਧੂ ਦੇ ਵਧੀਆ ਆਚਰਣ ਅਤੇ ਜੇਲ੍ਹ ਵਿਚ ਸੌਂਪੇ ਗਏ ਕੰਮ ‘ਚ ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟ ਹੋਣ ਦੇ ਚੱਲਦਿਆਂ ਜੇਲ੍ਹ ਨਿਯਮਾਂ ਦੇ ਅਨੁਸਾਰ ਉਨ੍ਹਾਂ ਦੀ 4 ਮਹੀਨੇ ਪਹਿਲਾਂ ਰਿਹਾਈ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਮਾਤਰ ਸਿਰਫ 6 ਹਜ਼ਾਰ ਰੁਪਏ ਦੀ ਕਮਾਈ ਲੈ ਕੇ ਜੇਲ੍ਹ ਵਿਚੋਂ ਬਾਹਰ ਆਉਣਗੇ। ਜੇਲ੍ਹ ਵਿਚ ਸਿੱਧੂ ਨੂੰ ਕਲਰਕ ਦਾ ਕੰਮ ਸੌਂਪਿਆ ਗਿਆ ਹੈ। ਜਿਸ ਵਿਚ ਨਵਜੋਤ ਸਿੱਧੂ ਜੇਲ੍ਹ ਦਫਤਰ ਦੀਆਂ ਫਾਈਲਾਂ ਦੇਖਦੇ ਹਨ। ਨਵਜੋਤ ਸਿੱਧੂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫਾਈਲਾਂ ਉਨ੍ਹਾਂ ਦੀ ਬੈਰਕ ਵਿਚ ਹੀ ਪਹੁੰਚਾ ਦਿੱਤੀਆਂ ਜਾਂਦੀਆਂ ਹਨ ਅਤੇ ਬਾਅਦ ਵਿਚ ਕੰਮ ਨਿਪਟਣ ਤੋਂ ਬਾਅਦ ਜੇਲ੍ਹ ਮੁਲਾਜ਼ਮ ਬੈਰਕ ਤੋਂ ਹੀ ਫਾਈਲਾਂ ਲੈ ਵੀ ਆਉਂਦੇ ਹਨ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …