428 ਵਿਦਿਆਰਥੀਆਂ ਦੇ ਸਿਤਾਰੇ ਗਰਦਿਸ਼ ‘ਚ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਸਥਿਤ ਕਾਲਜਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਭਰਮਾਰ ਹੈ ਅਤੇ ਉਨ੍ਹਾਂ ਦੀ ਚਹਿਲ-ਪਹਿਲ ਬੀਤੇ ਸਾਲਾਂ ਤੋਂ ਲਗਾਤਾਰਤਾ ਨਾਲ ਵਧ ਰਹੀ ਹੈ। ਇਹ ਵੀ ਕਿ ਭਾਰਤੀ ਵਿਦਿਆਰਥੀਆਂ ਵਿਚ ਬਹੁਤ ਵੱਡੀ ਗਿਣਤੀ ਪੰਜਾਬੀ ਮੁੰਡੇ ਤੇ ਕੁੜੀਆਂ ਦੀ ਹੁੰਦੀ ਹੈ। ਦੱਖਣੀ ਉਨਟਾਰੀਓ ਵਿਚ ਨਿਆਗਾਰਾ ਕਾਲਜ ਹੈ ਜਿਸ ਤੋਂ ਪ੍ਰਾਪਤ ਅੰਕੜਿਆਂ ਤੋਂ ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ ਭਾਰਤ ਤੋਂ ਵਿਦਿਆਰਥੀ ਵਜੋਂ ਕੈਨੇਡਾ ਜਾਣ ਵਾਸਤੇ ਲੋਕ ਬੜੇ ਯਤਨਸ਼ੀਲ ਹਨ। ਚੱਲ ਰਹੇ ਸਮੈਸਟਰ ‘ਚ ਨਿਆਗਰਾ ਕਾਲਜ ਵਿਚ ਕੁੱਲ 4683 ਵਿਦਿਆਰਥੀ ਹਨ ਜਿਨ੍ਹਾਂ ‘ਚੋਂ 2914 ਭਾਰਤੀ (ਬਹੁਗਿਣਤੀ ਪੰਜਾਬੀ) ਮੁੰਡੇ-ਕੁੜੀਆਂ ਹਨ। ਹਰੇਕ ਵਿਦਿਆਰਥੀ ਦੀ ਟਿਊਸ਼ਨ ਫੀਸ 13500 ਡਾਲਰ ਹੈ। ਇਹ ਵੀ ਕਿ ਜਨਵਰੀ 2019 ਦੇ ਸਮੈਸਟਰ ਵਿਚ ਨਿਆਗਰਾ ਕਾਲਜ ‘ਚ ਪੜ੍ਹਨ ਲਈ ਦੁਨੀਆ ਭਰ ਤੋਂ ਲਗਪਗ 8200 ਵਿਦਿਆਰਥੀਆਂ ਨੇ ਅਪਲਾਈ ਕੀਤਾ ਜਿਨ੍ਹਾਂ ਵਿਚੋਂ 4800 ਦੇ ਕਰੀਬ ਭਾਰਤ ਤੋਂ ਹਨ। ਉਨ੍ਹਾਂ 4800 ‘ਚੋਂ ਮਸਾਂ 1300 ਨੂੰ ਦਾਖਲਾ ਦਿੱਤਾ ਗਿਆ। ਉਨ੍ਹਾਂ 1300 ਵਿਚੋਂ 428 ਦੇ ਸਿਤਾਰੇ ਹੁਣ ਗਰਦਿਸ਼ ‘ਚ ਹਨ ਕਿਉਂਕਿ ਉਨ੍ਹਾਂ ਵਲੋਂ ਦਿੱਤੇ ਗਏ ਅੰਗਰੇਜ਼ੀ ਦੇ ਟੈਸਟ ਵਿਚੋਂ ਆਏ ਬੈਂਡ ਨੂੰ ਸ਼ੱਕੀ ਮੰਨਿਆ ਗਿਆ ਹੈ। ਉਨ੍ਹਾਂ ਦੇ ਅੰਗਰੇਜ਼ੀ ਟੈਸਟ (ਆਈਲੈਟਸ) ਸਰਟੀਫਿਕੇਟਾਂ ਦੇ ਬੈਂਡ ਮੁਤਾਬਿਕ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਸ ਕਰਕੇ ਉਨ੍ਹਾਂ ਸਭ ਨੂੰ ਅੰਗਰੇਜ਼ੀ ਦਾ ਟੈਸਟ ਦੁਬਾਰਾ ਦੇਣ ਨੂੰ ਆਖਿਆ ਗਿਆ। ਜੋ ਅਜਿਹਾ ਨਾ ਕਰਨ ਵਾਲ਼ੇ ਵਿਦਿਆਰਥੀਆਂ ਦਾ ਅਡਮਿਸ਼ਨ ਆਫਰ ਲੈਟਰ ਕੈਂਸਲ ਕਰ ਦਿੱਤਾ ਜਾਣਾ ਹੈ। ਬੀਤੇ ਸਮੇਂ ਦੌਰਾਨ ਕੈਨੇਡਾ ਦਾ ਸਟੱਡੀ ਪਰਮਿਟ ਲੈ ਕੇ ਪੁੱਜੇ ਮੁੰਡੇ-ਕੁੜੀਆਂ ਦੇ ਫੇਲ੍ਹ ਹੋਣ ਦੀ ਗਿਣਤੀ ਵਧੀ ਤਾਂ ਕਾਲਜਾਂ ਦੇ ਪ੍ਰਬੰਧਕਾਂ ਨੂੰ ਹੈਰਾਨੀ ਹੋਈ ਕਿ ਅੰਗਰੇਜ਼ੀ ਦੇ ਟੈਸਟ ਵਿਚ ਸੱਤ ਬੈਂਡ ਤੱਕ ਦੇ ਸਰਟੀਫਿਕੇਟਾਂ ਵਾਲ਼ੇ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਆਮ ਬੋਲ-ਚਾਲ ਦੀ ਅੰਗਰੇਜ਼ੀ ਦੇ ਗਿਆਨ ਤੋਂ ਵੀ ਵਿਹੂਣੇ ਸਨ। ਜਦੋਂ ਉਨ੍ਹਾਂ ਨੂੰ ਅਧਿਆਪਕਾਂ ਦੀ ਗੱਲ ਅਤੇ ਕਿਤਾਬਾਂ ਦੀ ਭਾਸ਼ਾ ਸਮਝ ਵਿਚ ਨਹੀਂ ਪੈਂਦੀ ਤਾਂ ਉਨ੍ਹਾਂ ਦੇ ਕੋਰਸ ਬਦਲੇ ਜਾਂਦੇ ਹਨ ਜਾਂ ਅੰਗਰੇਜ਼ੀ ਸਿੱਖਣ ਵਾਸਤੇ ਕਿਹਾ ਜਾਂਦਾ ਹੈ। ਦੁਬਾਰਾ ਟੈਸਟ ਲੈਣ ਦੀ ਨਿਆਗਰਾ ਕਾਲਜ ਵਲੋਂ ਤਾਂ ਸ਼ੁਰੂਆਤ ਹੋਈ ਹੈ ਜਿਸ ਨੂੰ ਅਜੇ ਹੋਰ ਬਹੁਤ ਸਾਰੇ ਕਾਲਜਾਂ ਵਲੋਂ ਅਪਣਾਏ ਜਾਣ ਦੀ ਸੰਭਾਵਨਾ ਹੈ।ઠ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਨੂੰ ਵੀ ਸਥਿਤੀ ਤੋਂ ਜਾਣੂੰ ਕਰਵਾਇਆ ਗਿਆ ਹੈ ਜਿਸ ਤੋਂ ਸੰਕੇਤ ਮਿਲ਼ ਰਿਹਾ ਹੈ ਕਿ ਭਾਰਤ ਵਿਚ ਅੰਗਰੇਜ਼ੀ ਦੇ ਟੈਸਟ ਦੀ ਸਖਤੀ ਬਹੁਤ ਵਧ ਜਾਵੇਗੀ ਅਤੇ ਨਲਾਇਕਾਂ ਦਾ ਬੈਂਡਾਂ ਦੀ ਖਰੀਦ ਨਾਲ਼ ਕੈਨੇਡਾ ਪੁੱਜਣ ਦਾ ਚੱਲ ਰਿਹਾ ਕੰਮ ਠੱਪਿਆ ਜਾਵੇਗਾ। ਪਿਛਲੇ ਮਹੀਨਿਆਂ ਦੌਰਾਨ ਕੈਨੇਡੀਅਨ ਹਵਾਈ ਅੱਡਿਆਂ ਅੰਦਰ ਇਮੀਗ੍ਰੇਸ਼ਨ ਅਫ਼ਸਰਾਂ ਨੇ ਕੁਝ ਅਜਿਹੇ ਨਲਾਇਕ ਮੁੰਡੇ ਤੇ ਕੁੜੀਆਂ ਬੇਰੰਗ ਵਾਪਸ ਵੀ ਮੋੜੇ ਹਨ ਜਿਨ੍ਹਾਂ ਕੋਲ਼ ਸੱਤ/ਅੱਠ ਬੈਂਡ ਵਾਲ਼ੇ ਆਇਲਟਸ ਸਰਟੀਫਿਕੇਟ ਸਨ ਪਰ ਅੰਗਰੇਜ਼ੀ ਦਾ ਇਕ ਅੱਖਰ ਤੱਕ ਬੋਲਣ/ਪੜ੍ਹਨ ਤੋਂ ਅਸਮਰੱਥ ਸਨ। ਨਿਆਗਰਾ ਕਾਲਜ ਦੇ ਪ੍ਰਬੰਧਕਾਂ ਦਾ ਆਖਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਨ੍ਹਾਂ ਨੂੰ ਕੈਨੇਡਾ ਆ ਕੇ ਪ੍ਰੇਸ਼ਾਨ ਹੋਣ ਤੋਂ ਬਚਾਉਣ ਲਈ ਭਾਰਤ ਵਿਚ ਦੁਬਾਰਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਪਰ ਬਹੁਤ ਸਾਰੇ ਕੈਨੇਡੀਅਨ ਕਾਲਜਾਂ ਦੇ ਪ੍ਰਬੰਧਕ ਅਜੇ ਖਾਮੋਸ਼ ਹਨ। ਅਜਿਹੇ ਵਿਚ ਭਾਰਤ ਦੇ ਆਈਲਟਸ ਟੈਸਟ ਸੈਂਟਰਾਂ ਦੀ ਭਰੋਸੇਯੋਗਤਾ ਉਪਰ ਵੱਡਾ ਪ੍ਰਸ਼ਨ ਚਿੰਨ ਲੱਗ ਗਿਆ ਹੈ। ਆਮ ਕਿਹਾ ਜਾਂਦਾ ਹੈ ਕਿ ਓਥੇ ਵੱਢੀਖੋਰੀ ਨਾਲ ਬੈਂਡਾਂ ਦੀ ਖਰੀਦ-ਵੇਚ ਹੋ ਰਹੀ ਹੈ। ਇਹ ਵੀ ਕਿ ਵੱਢੀ ਨਾਲ਼ ਨਲਾਇਕ ਵਿਦਿਆਰਥੀਆਂ ਦਾ ਟੈਸਟ ਕਿਸੇ ਹੁਸ਼ਿਆਰ ਬੱਚੇ ਤੋਂ ਲਿਖਵਾ ਲਿਆ ਜਾਂਦਾ ਕਿਉਂਕਿ ਕੁਝ ਅਜਿਹੇ ਵਿਦਿਆਰਥੀ ਫੜ੍ਹੇ ਜਾ ਚੁੱਕੇ ਹਨ ਜਿਨ੍ਹਾਂ ਦੇ ਆਈਲਟਸ ਸਰਟੀਫਿਕੇਟਾਂ ਉਪਰ ਅਸਲੀ ਫੋਟੋ ਨਹੀਂ ਸੀ।ઠ
ਨਵੇਂ ਡਰਾਅ ਵਿਚ 3900 ਲੋਕਾਂ ਨੂੰ ਮਿਲਿਆ ਮੌਕਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕਿੱਤੇ ਅਤੇ ਵਿਦਿਆ ਪੱਖੋਂ ਯੋਗਤਾ ਦੇ ਅਧਾਰ ‘ਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਐਕਸਪ੍ਰੈਸ ਐਂਟਰੀ ਸਿਸਟਮ ਵਿਚੋਂ 3900 ਲੋਕਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਮੰਤਰਾਲੇ ਦੇ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਵਿਚ 445 ਤੇ ਇਸ ਤੋਂ ਵੱਧ ਸਕੋਰ ਪ੍ਰਾਪਤ ਕਰਨ ਵਾਲ਼ੇ ਸਾਰੇ ਅਰਜ਼ੀਕਰਤਾਵਾਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਅਗਲੇ ਦੋ ਮਹੀਨਿਆਂ ਵਿਚ ਪੱਕੀ ਇਮੀਗ੍ਰੇਸ਼ਨ ਦੀ ਆਪਣੀ ਅਰਜ਼ੀ ਮੁਕੰਮਲ ਕਰਕੇ ਭੇਜਣੀ ਪਵੇਗੀ। ਇਸ ਡਰਾਅ ਵਿਚ 22 ਅਕਤੂਬਰ 2018 ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਵਿਚ ਅਪਲਾਈ ਕਰਨ ਵਾਲ਼ੇ ਲੋਕ ਸ਼ਾਮਿਲ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …