ਕਿਹਾ : ਚੰਨੀ ਨੂੰ ਮਿਲਣਾ ਚਾਹੀਦਾ ਹੈ ਇਕ ਹੋਰ ਮੌਕਾ
ਮੋਗਾ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ ਸੋਨੂ ਸੂਦ ਵੀ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਚੋਣ ਮੈਦਾਨ ਵਿਚ ਵੀ ਉਤਾਰ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਚਿਹਰੇ ਬਾਰੇ ਬੋਲਦਿਆਂ ਸੋਨੂੰ ਸੂਦ ਨੇ ਚਰਨਜੀਤ ਸਿੰਘ ਚੰਨੀ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਮੁੱਖ ਮੰਤਰੀ ਚਿਹਰੇ ਵਜੋਂ ਉਨ੍ਹਾਂ ਨੇ ਚੰਨੀ ਨੂੰ ਆਪਣੀ ਪਹਿਲੀ ਪਸੰਦ ਦੱਸਿਆ। ਉਨ੍ਹਾਂ ਕਿਹਾ ਕਿ ਚੰਨੀ ਨੇ ਆਪਣੇ ਛੋਟੇ ਕਾਰਜਕਾਲ ਦੌਰਾਨ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਜਦੋਂ ਉਨ੍ਹਾਂ ਤੋਂ ਮਾਲਵਿਕਾ ਸੂਦ ਦੇ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀ ਮਾਂ ਪ੍ਰੋਫੈਸਰ ਹੈ ਤੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਹਨ। ਮੇਰੇ ਪਿਤਾ ਵੀ ਇਕ ਸਮਾਜ ਸੇਵੀ ਹਨ ਅਤੇ ਸਮਾਜ ਸਾਡੇ ਖੂਨ ਵਿਚ ਹੈ ਕਿਉਂਕਿ ਮੋਗਾ ਵਿਚ ਸਕੂਲ, ਕਾਲਜ ਅਤੇ ਧਰਮਸ਼ਾਲਾ ਸਾਡੀ ਜ਼ਮੀਨ ’ਤੇ ਬਣੇ ਹੋਏ ਹਨ। ਮਾਲਵਿਕਾ ਨੂੰ ਲੱਗਿਆ ਕਿ ਸਮਾਜ ਸੇਵਾ ਦੇ ਕੰਮ ਵਿਚ ਹੋਰ ਅੱਗੇ ਆਉਣ ਲਈ ਰਾਜਨੀਤੀ ਵਿਚ ਆਉਣਾ ਜ਼ਰੂਰੀ ਹੈ ਇਸ ਲਈ ਉਹ ਚੋਣ ਅਖਾੜੇ ਵਿਚ ਨਿੱਤਰੀ ਹੈ ਤਾਂ ਜੋ ਸਮਾਜ ਨੂੰ ਹੋਰ ਵਧੀਆ ਬਣਾਇਆ ਜਾ ਸਕੇ। ਸਮਾਜ ਨੂੰ ਚੰਗੀ ਸੇਧ ਦੇਣ ਲਈ ਚੰਗੇ ਲੋਕਾਂ ਦਾ ਅੱਗੇ ਆਉਣਾ ਵੀ ਜ਼ਰੂਰੀ ਹੈ।