ਆਮ ਆਦਮੀ ਪਾਰਟੀ ਦਾ ਆਰੋਪ – ਪੰਜਾਬ ਦਾ ਬਜਟ ਵੀ ਪ੍ਰਸ਼ਾਂਤ ਨੇ ਹੀ ਬਣਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਮਗਰੋਂ ਪ੍ਰਸ਼ਾਂਤ ਕਿਸ਼ੋਰ ਵੱਲੋਂ ਚੋਣ ਮੈਨੇਜਰ ਵਜੋਂ ਸੰਨਿਆਸ ਲੈਣ ਦੇ ਕੀਤੇ ਗਏ ਐਲਾਨ ਨੇ ਪੰਜਾਬ ਕਾਂਗਰਸ ਨੂੰ ਟੈਨਸ਼ਨ ਵਿੱਚ ਪਾ ਦਿੱਤਾ ਹੈ। ਚੋਣ ਰਣਨੀਤੀ ਘਾੜਾ ਪ੍ਰਸ਼ਾਂਤ ਕਿਸ਼ੋਰ ਇਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵਜੋਂ ਤਾਇਨਾਤ ਹੈ ਅਤੇ ਅਗਲੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਉਸ ਦੀਆਂ ਸੇਵਾਵਾਂ ਲੈਣ ਦੀ ਵਿਉਂਤ ਹੈ। ਪ੍ਰਸ਼ਾਂਤ ਕਿਸ਼ੋਰ ਦਾ ਚੋਣ ਮੈਨੇਜਰ ਵਜੋਂ ਕੰਮ ਛੱਡਣ ਦਾ ਐਲਾਨ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਪੰਜਾਬ ਸਰਕਾਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਦਫ਼ਤਰ ਅਤੇ ਸਟਾਫ ਵੀ ਦਿੱਤਾ ਹੋਇਆ ਹੈ। ਚਰਚੇ ਸਨ ਕਿ ਪ੍ਰਸ਼ਾਂਤ ਕਿਸ਼ੋਰ ਇੱਕ ਦੋ ਦਿਨਾਂ ‘ਚ ਪੰਜਾਬ ਆਉਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬਜਟ ਵੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਤਿਆਰ ਕਰਨ ਦੇ ਆਰੋਪ ਲਗਾਏ ਹਨ। ਭਗਵੰਤ ਮਾਨ ਦਾ ਕਹਿਣਾ ਸੀ ਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ 2017 ਦੀਆਂ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਸੁਫ਼ਨੇ ਦਿਖਾਏ ਸਨ ਪਰ ਨੌਜਵਾਨ ਅੱਜ ਤਕ ਰੁਜ਼ਗਾਰ ਲੱਭ ਰਹੇ ਹਨ।