ਡੀਸੀ ਦਫਤਰ ਦੇ ਬਾਹਰ ਚਿਪਕਾਏ ਗਏ ਪੋਸਟਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਟਵਾਏ
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਮੁੱਖ ਮੰਤਰੀ ਭਾਲ ਯਾਤਰਾ ਦੇ ਪੋਸਟਰ ਲਗਾ ਦਿੱਤੇ ਗਏ ਸਨ। ਭਾਲ ਦਾ ਪੰਜਾਬੀ ਵਿਚ ਅਰਥ ਹੁੰਦਾ ਹੈ ਲੱਭਣਾ। ਇਨ੍ਹਾਂ ਪੋਸਟਰਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵੀ ਛਾਪੀ ਗਈ ਹੈ। ਇਸ ਸਬੰਧੀ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਕੁਝ ਹੀ ਦੇਰ ਬਾਅਦ ਇਹ ਪੋਸਟਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਟਵਾ ਦਿੱਤੇ। ਡੀਸੀ ਦਫਤਰ ਦੇ ਬਾਹਰ ਏ-ਫੋਰ ਸਾਈਜ਼ ਦੇ ਇਨ੍ਹਾਂ ਪੋਸਟਰਾਂ ਨੂੰ ਟੇਪ ਨਾਲ ਚਿਪਕਾਇਆ ਗਿਆ ਸੀ। ਇਨ੍ਹਾਂ ਪੋਸਟਰਾਂ ਨੂੰ ਦੇਖ ਕੇ ਇਕ ਵਾਰ ਤਾਂ ਡੀਸੀ ਦਫਤਰ ਦੇ ਅਧਿਕਾਰੀਆਂ ਵਿਚ ਹੜਕੰਪ ਜਿਹਾ ਮਚ ਗਿਆ ਸੀ। ਇਸੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਇਸ ’ਤੇ ਉਚਿਤ ਕਾਰਵਾਈ ਕੀਤੀ ਜਾਵੇਗੀ।