ਜੌਹਲ ਨੇ ਸਰਕਾਰੀ ਸਕੂਲ ਸਿਸਟਮ ਨੂੰ ਦੱਸਿਆ ਮਜ਼ਬੂਤ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਜ਼ਿਆਦਾ ਵਸੋਂ ਵਾਲੇ ਪੀਲ ਖੇਤਰ ਵਿੱਚ ਪਬਲਿਕ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਅਤੇ ਬਰੈਂਪਟਨ ਤੋਂ ਵਾਰਡ 9 ਤੇ 10 ਦੇ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਹੈ ਕਿ ਸਾਡਾ ਸਰਕਾਰੀ ਸਕੂਲ ਸਿਸਟਮ ਮਜ਼ਬੂਤ ਹੈ ਜਿਸ ਵਿੱਚੋਂ ਨਿਪੁੰਨ ਹੋ ਕੇ ਕੈਨੇਡੀਅਨ ਨਾਗਰਿਕ ਆਪਣੇ ਦੇਸ਼ ਨੂੰ ਨੰਬਰ ਇਕ ਦਾ ਦੇਸ਼ ਬਣਾਉਣ ਵਿੱਚ ਕਾਮਯਾਬ ਹੁੰਦੇ ਰਹੇ ਹਨ। ਜੌਹਲ ਨੇ ਕਿਹਾ ਕਿ ਉਨਟਾਰੀਓ ‘ਚ ਸਕੂਲਾਂ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਾਇੰਸ, ਭਾਸ਼ਾ, ਮੈਥੇਮੈਟਿਕਸ ਅਤੇ ਤਕਨੀਕ ਦੀ ਵਿਵਹਾਰਿਕ ਵਿਦਿਆ ਸ਼ੈਲੀ ਨਾਲ਼ ਪਹਿਲ ਦੇ ਅਧਾਰ ‘ਤੇ ਜੋੜਿਆ ਜਾਂਦਾ ਹੈ।
ਸਾਲ 2024 ਦੇ ਅਖੀਰ ਵਿੱਚ ਆਪਣੀਆਂ ਪ੍ਰਾਪਤੀਆਂ ਬਾਰੇ ਮੀਡੀਆ ਨਾਲ ਗੱਲਾਂ ਕਰਦਿਆਂ ਡਿਪਟੀ ਚੇਅਰਮੈਨ ਜੌਹਲ ਨੇ ਆਖਿਆ ਕਿ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਭਰਵੀਂ ਵਸੋਂ ਹੈ ਅਤੇ ਜੋ ਅਗਲੀਆਂ ਪੀੜ੍ਹੀਆਂ ਨੂੰ ਆਪਣੀ ਬੋਲੀ, ਸੱਭਿਆਚਾਰਕ ਕਲਾਵਾਂ ਅਤੇ ਖੇਡਾਂ ਨਾਲ ਜੋੜਨ ਵਿੱਚ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਬਰੈਂਪਟਨ ਵਿੱਚ ਵਾਰਡ 9 ਅਤੇ 10 ਦੇ ਵਾਸੀਆਂ ਦੀਆਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਸਥਾਨਕ ਸਕੂਲ ਸਿਸਟਮ ਤੋਂ ਆਸਾਂ ਦਾ ਸਤਿਕਾਰ ਕਰਨਾ ਮੇਰਾ ਮੁੱਢਲਾ ਫਰਜ਼ ਹੈ। ਇਸ ਕਰਕੇ ਦੋਵਾਂ ਵਾਰਡਾਂ ਦੇ ਸਾਰੇ ਸੈਕੰਡਰੀ ਸਕੂਲਾਂ ਵਿੱਚ ਪੰਜਾਬੀ, ਹਿੰਦੀ, ਤਾਮਿਲ, ਗੁਜਰਾਤੀ ਆਦਿਕ ਭਾਸ਼ਾਵਾਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਸਾਰਾ ਸਾਲ (ਸਤੰਬਰ ਤੋਂ ਜੂਨ ਤੱਕ) ਹਫਤਾਵਾਰੀ ਕਲਾਸਾਂ ਲੱਗ ਰਹੀਆਂ ਹਨ। ਜੌਹਲ ਨੇ ਕਿਹਾ ਕਿ ਸਕੂਲਾਂ ਵਿੱਚ ਭੰਗੜਾ ਅਤੇ ਹੋਰ ਸੱਭਿਆਚਾਰਕ ਕਲਾਵਾਂ ਸਿਖਾਉਣ ਲਈ ਬੱਚਿਆਂ ਦੇ ਕਲੱਬ ਬਣੇ ਹੋਏ ਹਨ। ਉਨ੍ਹਾਂ ਆਖਿਆ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਲੋਂ ਖੇਡਾਂ, ਬੋਲੀਆਂ,ਅਤੇ ਭੰਗੜੇ ਦੀ ਟਰੇਨਿੰਗ ਮੁਫਤ ਉਪਲੱਬਧ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮਾਲਟਨ, ਬੌਲਟਨ ਤੇ ਬਰੈਂਪਟਨ ਵਿਖੇ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀਆਂ ਦੀ ਖੇਡ ਕਬੱਡੀ ਨਾਲ਼ ਜੋੜਨ ਲਈ ਕਬੱਡੀ ਲੀਗ ਸਥਾਪਿਤ ਕਰਕੇ ਸਕੂਲਾਂ ਵਿੱਚ ਟੀਮਾਂ ਬਣਾਉਣ ਅਤੇ ਟਰੇਨਿੰਗ ਦੇਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਨਵੇਂ ਸਾਲ ਤੋਂ ਸੰਦਲਵੁੱਡ, ਕੈਸਲਬਰੁੱਕ, ਲੁਈਸ ਆਰਬਰ ਤੇ ਪੀਲ ਦੇ ਕੁਝ ਹੋਰ ਸੈਕੰਡਰੀ ਸਕੂਲਾਂ ਨੂੰ ਲੀਗ ਵਿੱਚ ਰੱਖਿਆ ਜਾਵੇਗਾ ਅਤੇ ਮਈ ਜਾਂ ਜੂਨ ਵਿੱਚ ਵਾਰਡ 10 ਵਿਖੇ ਬੱਚਿਆਂ ਦਾ ਕੱਬਡੀ ਮੇਲਾ-2025 ਕਰਵਾਏ ਜਾਣ ਦੀ ਯੋਜਨਾ ਹੈ। ਉਸ ਮੇਲੇ ਵਿੱਚ ਖੇਡਣ ਲਈ ਬੱਚਿਆਂ ਦੇ ਸਰੀ ਤੋਂ ਵੀ ਪੁੱਜਣ ਦੀ ਸੰਭਾਵਨਾ ਹੋਵੇਗੀ। ਇਹ ਵੀ ਕਿ ਸਕੂਲਾਂ ਵਿੱਚ ਕ੍ਰਿਕਟ ਨਾਲ਼ ਜੋੜਨ ਲਈ ਵੀ ਕਲੱਬ ਬਣੇ ਹੋਏ ਹਨ। ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਵਾਰਡ 10 ਵਿੱਚ ਇਕ ਨਵਾਂ (ਕੈਸਲਮੋਰ) ਸੈਕੰਡਰੀ ਸਕੂਲ ਬਣਾਉਣ ਯੋਜਨਾ ਬਣਾਈ ਜਾ ਰਹੀ ਹੈ ਜਿਸ ਵਿੱਚ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ 8 ਹਫਤਿਆਂ ਦੀ ਬਜਾਏ 4 ਹਫਤਿਆਂ ਦੀ ਹੋਣਗੀਆਂ ਅਤੇ ਉਸ ਸਕੂਲ ਵਿੱਚ ਆਰ.ਐਲ.ਸੀ.ਪੀ. ਦੇ ਕੋਰਸ ਵੀ ਉਪਲੱਬਧ ਹੋਣਗੇ। ਉਨ੍ਹਾਂ ਆਖਿਆ ਕਿ ਸਕੂਲਾਂ ਵਿੱਚ ਸਤੰਬਰ 2024 ਤੋਂ ਲਗਾਏ ਗਏ ਸੈੱਲਫੋਨ ਬੈਨ ਨਾਲ਼ ਕਲਾਸ ਰੂਮ ਵਿੱਚ ਸਿੱਖਿਆ ਦਾ ਵਾਤਾਰਵਰਨ ਸੁਧਰਿਆ ਹੈ।
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਪੰਜਾਬੀ ਨੂੰ ਬੋਲੀ, ਖੇਡਾਂ ਤੇ ਸੱਭਿਆਚਾਰ ਨਾਲ ਜੋੜਨ ਦੇ ਕਾਰਜ ਜਾਰੀ-ਸਤਪਾਲ ਸਿੰਘ ਜੌਹਲ
Check Also
ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਨੇ ਫੜਿਆ ਜ਼ੋਰ
ਪੋਲੀਏਵਰ ਦੇ ਕੰਸਰਵੇਟਿਵ 2024 ਦੇ ਅੰਤ ਵਿਚ ਪੋਲ ‘ਚ ਉੱਚ ਪੱਧਰ ‘ਤੇ ਪਹੁੰਚੇ : ਨੈਨੋਸ …