ਬਠਿੰਡਾ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਇਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਬਠਿੰਡਾ ਅਤੇ ਮਾਨਸਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਬਦਲੇ ਵਿੱਚ ਅਕਾਲੀ ਉਮੀਦਵਾਰਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਤੋਂ ਉਲਟ ਡੇਰਾ ਮੁਖੀ ਦੇ ਪੰਜਾਬ ਵਿਚ ਨਾਮ ਚਰਚਾ ਕਰਾਉਣ ਦਾ ਵੀ ਐਲਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸਿਰਸਾ ਵਿਚ ਗੁਪਤ ਸਮਝੌਤਾ ਹੋਇਆ ਹੈ, ਜਿਸ ਤਹਿਤ ਡੇਰਾ ਸਿਰਸਾ ਦੇ ਮੁਖੀ ਦੇ ਪੰਜਾਬ ਵਿਚ ਸਤਿਸੰਗ ਕਰਵਾਏ ਜਾਣਗੇ ਅਤੇ ਬਦਲੇ ਵਿਚ ਡੇਰੇ ਵਲੋਂ ਅਕਾਲੀ ਉਮੀਦਵਾਰਾਂ ਨੂੰ ਚੋਣਾਂ ਵਿਚ ਹਮਾਇਤ ਦਿੱਤੀ ਜਾਵੇਗੀ।
ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰ ਜਗਜੀਤ ਸਿੰਘ ਵਿਜੇਪੁਰ, ਬਲਰਾਜ ਸਿੰਘ ਅਤੇ ਛਿੰਦਰਪਾਲ ਸਿੰਘ ਵੱਲੋਂ ਖੁੱਲ੍ਹੇ ਪੰਡਾਲ ਵਿਚ ਅਕਾਲੀ ਉਮੀਦਵਾਰਾਂ ਨੂੰ ਸਿਆਸੀ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੰਘ ਸਿੱਧੂ, ਅਮਿਤ ਰਤਨ, ਸਰੂਪ ਚੰਦ ਸਿੰਗਲਾ, ਹਰਪ੍ਰੀਤ ਸਿੰਘ ਕੋਟਭਾਈ, ਜਗਦੀਪ ਸਿੰਘ ਨਕਈ, ਡਾ. ਨਿਸ਼ਾਨ ਸਿੰਘ ਅਤੇ ਦਿਲਰਾਜ ਸਿੰਘ ਭੂੰਦੜ ਡੇਰੇ ਦੀ ਸਿਆਸੀ ਸਟੇਜ ‘ਤੇ ਪੁੱਜੇ। ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਸਾਰੇ ਅਕਾਲੀ ਉਮੀਦਵਾਰਾਂ ਵੱਲੋਂ ਸਟੇਜ ਤੋਂ ਇਹ ਵਾਅਦਾ ਕੀਤਾ ਕਿ ਉਹ ਜਲਦੀ ਹੀ ਪੰਜਾਬ ਵਿਚ ਡੇਰਾ ਸਿਰਸਾ ਦੇ ਸਤਿਸੰਗ ਕਰਾਉਣਗੇ। ਅਕਾਲੀ ਵਜ਼ੀਰ ਸਿਕੰਦਰ ਸਿੰਘ ਮਲੂਕਾ ਨੇ ਡੇਰੇ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਤੀਸਰੀ ਵਾਰ ਸਰਕਾਰ ਬਣਨ ‘ਤੇ ਡੇਰਾ ਪੈਰੋਕਾਰਾਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਡੇਰੇ ਵੱਲੋਂ ਹਮਾਇਤ ਨੂੰ ਇਤਿਹਾਸਕ ਦੱਸਿਆ। ਹਲਕਾ ਲੰਬੀ ਤੋਂ ਅਕਾਲੀ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਹੋਇਆ ਪਰ ਬਾਦਲ ਖੁਦ ਮੌਜੂਦ ਨਹੀਂ ਸਨ। ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਡੇਰਾ ਪੈਰੋਕਾਰਾਂ ਦੇ ਹਰ ਦੁੱਖ ਸੁੱਖ ਵਿਚ ਖੜ੍ਹਨ ਦਾ ਭਰੋਸਾ ਦਿੱਤਾ। ਸਿਆਸੀ ਵਿੰਗ ਦੇ ਆਖਿਆ ਕਿ ਅਕਾਲੀ ਦਲ ਨੇ ਨਸ਼ਿਆਂ ਦੇ ਖ਼ਾਤਮੇ ਦਾ ਭਰੋਸਾ ਦਿੱਤਾ ਹੈ, ਜਿਸ ਕਰ ਕੇ ਇਹ ਹਮਾਇਤ ਦਿੱਤੀ ਗਈ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …