Breaking News
Home / ਹਫ਼ਤਾਵਾਰੀ ਫੇਰੀ / ਅਕਾਲੀ ਦਲ ਦੀ ‘ਤੱਕੜੀ’ ਫੜਨੋਂ ਡਰਨ ਲੱਗੇ ਲੀਡਰ

ਅਕਾਲੀ ਦਲ ਦੀ ‘ਤੱਕੜੀ’ ਫੜਨੋਂ ਡਰਨ ਲੱਗੇ ਲੀਡਰ

ਪਰਮਿੰਦਰ ਢੀਂਡਸਾ ਨੇ ਚੋਣ ਲੜਨੋਂ ਕੀਤਾ ਇਨਕਾਰ, ਰੱਖੜਾ ਦਾ ਵੀ ਮੈਦਾਨ ‘ਚ ਉਤਰਨ ਦਾ ਮਨ ਨਹੀਂ
ਸੰਗਰੂਰ/ਬਿਊਰੋ ਨਿਊਜ਼ : ਜਿਉਂ ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਸਿਰਦਰਦੀ ਵਧਦੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਦੀ ਟਿਕਟ ‘ਤੇ ਉਮੀਦਵਾਰ ਚੋਣ ਲੜਨ ਤੋਂ ਪਾਸਾ ਵੱਟਣ ਲੱਗ ਪਏ ਹਨ।
ਪਰਮਿੰਦਰ ਢੀਂਡਸਾ ਨੇ ਜਿੱਥੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ, ਉਥੇ ਹੀ ਸੁਰਜੀਤ ਸਿੰਘ ਰੱਖੜਾ ਦਾ ਵੀ ਚੋਣ ਲੜਨ ਦਾ ਕੋਈ ਮਨ ਨਹੀਂ। ਕੁਝ ਹੋਰ ਲੋਕ ਸਭਾ ਹਲਕਿਆਂ ਵਿਚ ਵੀ ਅਕਾਲੀ ਦਲ ਨੂੰ ਆਪਣੀ ਪਸੰਦ ਦੇ ਉਮੀਦਵਾਰ ਨਹੀਂ ਮਿਲ ਰਹੇ। ਸੰਗਰੂਰ ਲੋਕ ਸਭਾ ਹਲਕੇ ਤੋਂ ਵੀ ਅਕਾਲੀ ਦਲ ਨੂੰ ਕੋਈ ਉਮੀਦਵਾਰ ਨਹੀਂ ਮਿਲ ਰਿਹਾ। ਅਕਾਲੀ ਦਲ ਵੱਲੋਂ ਇਸ ਸੀਟ ‘ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪਰਮਿੰਦਰ ਢੀਂਡਸਾ ਨੇ ਇਸ ਸੀਟ ‘ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਅਕਾਲੀ ਦਲ ਤੋਂ ਕਿਨਾਰਾ ਕਰ ਚੁੱਕੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਵੀ ਆਪਣੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹਾਲੇ ਵੀ ਮੱਤਭੇਦ ਹਨ।  ਇਸੇ ਦੌਰਾਨ ਪਰਮਿੰਦਰ ਢੀਂਡਸਾ ਨੇ ਕਹਿ ਦਿੱਤਾ ਹੈ ਕਿ ਉਹ  ਮੌਜੂਦਾ ਵਿਧਾਇਕ ਹਨ, ਇਸ ਲਈ ਕਿਸੇ ਹੋਰ ਉਮੀਦਵਾਰ ਦੀ ਚੋਣ ਕੀਤੀ ਜਾਵੇ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਬਹੁਤ ਸਮਾਂ ਪਹਿਲਾਂ ਭਗਵੰਤ ਮਾਨ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਵੀ ਸੰਗਰੂਰ ਤੋਂ ਹੀ ਚੋਣ ਲੜਨਗੇ।
ਬਾਜਵਾ ਹੋ ਸਕਦੇ ਹਨ ਭਾਜਪਾਈ?
ਅੰਮ੍ਰਿਤਸਰ ਤੋਂ ਜਿੱਥੇ ਸਨੀ ਦਿਓਲ ਤੇ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਭਾਜਪਾਈ ਉਮੀਦਵਾਰਾਂ ਵਜੋਂ ਹੋ ਰਹੀ ਹੈ, ਉਥੇ ਹੀ ਗੁਰਦਾਸਪੁਰ ਹਲਕੇ ਤੋਂ ਸੁਨੀਲ ਜਾਖੜ ਦੇ ਮੁਕਾਬਲੇ ਪ੍ਰਤਾਪ ਸਿੰਘ ਬਾਜਵਾ ਵੀ ਭਾਜਪਾ ਵੱਲੋਂ ਚੋਣ ਲੜ ਸਕਦੇ ਹਨ। ਪਰ ਬਾਜਵਾ ਨੇ ਫਿਲਹਾਲ ਖੁਦ ਨੂੰ ਕਾਂਗਰਸੀ ਹੀ ਦੱਸਿਆ ਹੈ ਜਦੋਂਕਿ ਅਕਸ਼ੈ ਕੁਮਾਰ ਨੇ ਚੋਣ ਲੜਨੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਭਾਜਪਾਈ ਸਾਂਸਦ ਸ਼ਤਰੂਘਨ ਸਿਨਹਾ ਕਾਂਗਰਸ ਤੇ ਰਾਹੁਲ ਗਾਂਧੀ ਦੇ ਸੋਹਲੇ ਗਾਉਣ ਲੱਗ ਪਏ ਹਨ ਪਰ ਸਲਮਾਨ ਖਾਨ ਨੇ ਸਿਆਸੀ ਪਿੜ ‘ਚ ਉਤਰਨ ਦੀਆਂ ਚਰਚਾਵਾਂ ਨੂੰ ਅਫ਼ਵਾਹ ਕਰਾਰ ਦਿੱਤਾ।
ਹੁਣ ਅਡਵਾਨੀ ਦੀ ਸੀਟ ਵੀ ਖਾ ਗਏ ਅਮਿਤ ਸ਼ਾਹ
ਮੋਦੀ ਵਾਰਾਨਸੀ ਤੋਂ ਅਤੇ ਅਮਿਤ ਸ਼ਾਹ ਗਾਂਧੀਨਗਰ ਤੋਂ ਲੜਨਗੇ ਚੋਣ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕੇਂਦਰੀ ਮੰਤਰੀ ਜੇ ਪੀ ਨੱਢਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਹੀ ਚੋਣ ਲੜਨਗੇ। ਜਦਕਿ ਲਾਲ ਕ੍ਰਿਸ਼ਨ ਅਡਵਾਨੀ ਦੀ ਟਿਕਟ ਕੱਟ ਦਿੱਤੀ ਗਈ ਹੈ ਹੁਣ ਅਡਵਾਨੀ ਦੀ ਥਾਂ ਗਾਂਧੀਨਗਰ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਚੋਣ ਲੜਨਗੇ। ਗ੍ਰਹਿ ਮੰਤਰੀ ਰਾਜਨਾਥ ਲਖਨਊ ਤੋਂ, ਨਿਤਿਨ ਗਡਕਰੀ ਨਾਗਪੁਰ ਤੋਂ,ਵੀ ਕੇ ਸਿੰਘ ਗਾਜੀਆਬਾਦ ਤੋਂ ਅਤੇ ਸਮ੍ਰਿਤੀ ਇਰਾਨੀ ਅਮੇਠੀ ਤੋਂ ਚੋਣ ਲੜਨਗੇ।

Check Also

ਟਰੂਡੋ ਦੇ ਅਸਤੀਫੇ ਮਗਰੋਂ ਨਵੇਂ ਨੇਤਾ ਦੀ ਭਾਲ ਸ਼ੁਰੂ

ਕੰਸਰਵੇਟਿਵ, ਐੱਨਡੀਪੀ ਅਤੇ ਬਲਾਕ ਕਿਊਬਕ ਦੇ ਆਗੂ ਚੋਣ ਰਣਨੀਤੀ ਘੜਨ ਲੱਗੇ ਟੋਰਾਂਟੋ : ਕੈਨੇਡਾ ਦੇ …