-11.5 C
Toronto
Friday, January 23, 2026
spot_img
Homeਹਫ਼ਤਾਵਾਰੀ ਫੇਰੀਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਆਇਆ ਸਾਹਮਣੇ

ਭਾਜਪਾ ਦਾ ਸਿੱਖ ਵਿਰੋਧੀ ਚਿਹਰਾ ਆਇਆ ਸਾਹਮਣੇ

ਚੰਡੀਗੜ੍ਹ : ਕਹਿਣ ਨੂੰ ਤਾਂ ਭਾਰਤੀ ਜਨਤਾ ਪਾਰਟੀ ਦਾਅਵਾ ਕਰਦੀ ਹੈ ਕਿ ਅਸੀਂ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਤੇ ਇਸੇ ਲਈ ਅਕਾਲੀ ਦਲ ਨਾਲ ਆਪਣੇ ਗਠਜੋੜ ਨੂੰ ਉਹ ਇੰਝ ਪੇਸ਼ ਕਰਦੀ ਹੈ ਕਿ ਜਿਵੇਂ ਸਾਰੇ ਸਿੱਖ ਭਾਈਚਾਰੇ ਨੂੰ ਉਸ ਨੇ ਆਪਣੇ ਨਾਲ ਬਰਾਬਰ ਥਾਂ ਦਿੱਤੀ ਹੋਵੇ, ਪਰ ਹਕੀਕਤ ਇਹ ਹੈ ਕਿ ਨਾਲ ਰੱਖ ਕੇ ਵੀ ਭਾਜਪਾ ਨੇ ਸਿੱਖ ਭਾਈਚਾਰੇ ਨੂੰ ਗਲ਼ ਨਹੀਂ ਲਾਇਆ। ਤਾਹੀਓਂ ਤਾਂ ਪੰਜਾਬ ਸਮੇਤ ਦੇਸ਼ ਭਰ ਵਿਚ ਹੁਣ ਇਸ ਚਰਚਾ ਨੇ ਜ਼ੋਰ ਫੜ ਲਿਆ ਹੈ ਕਿ ਭਾਜਪਾ ਵੀ ਅੰਦਰੋਂ ਸਿੱਖ ਵਿਰੋਧੀ ਹੀ ਹੈ। ਨਰਿੰਦਰ ਮੋਦੀ ਕੈਬਨਿਟ ਵਿਚ ਕਿਸੇ ਵੀ ਚਰਚਿਤ ਅਤੇ ਪ੍ਰਮਾਣਿਤ ਸਿੱਖ ਚਿਹਰੇ ਨੂੰ ਥਾਂ ਨਹੀਂ ਦਿੱਤੀ ਗਈ। ਹੁਣ ਉਮੀਦ ਸੀ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਜਾਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਦਸਤਾਰਧਾਰੀ ਦੀ ਚੋਣ ਹੋਵੇਗੀ। ਪਰ ਦੋਵਾਂ ਅਹੁਦਿਆਂ ਤੋਂ ਸਿੱਖਾਂ ਨੂੰ ਦੂਰ ਰੱਖ ਕੇ ਇਹ ਸਪੱਸ਼ਟ ਕਰ ਦਿੱਤਾ ਗਿਆ ਕਿ ਮੋਦੀ ਸਰਕਾਰ ਵੀ ਸਿੱਖਾਂ ਨਾਲ ਦਗਾ ਕਮਾ ਰਹੀ ਹੈ। ਕਹਿਣ ਨੂੰ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਵਿਚ ਸ਼ਾਮਲ ਹੈ, ਪਰ ਉਸਦੀ ਸ਼ਮੂਲੀਅਤ ਸਿੱਖ ਹੋਣ ਕਰਕੇ ਨਹੀਂ ਬਲਕਿ ਇਸ ਲਈ ਹੈ ਕਿ ਉਹ ਬਾਦਲਾਂ ਦੀ ਨੂੰਹ ਹੈ। ਇਸ ਤੋਂ ਪਹਿਲਾਂ ਚਾਹੇ ਨਹਿਰੂ ਸਰਕਾਰ ਹੋਵੇ, ਚਾਹੇ ਲਾਲ ਬਹਾਦਰ ਸ਼ਾਸ਼ਤਰੀ ਤੇ ਚਾਹੇ ਇੰਦਰਾ ਗਾਂਧੀ ਦਾ ਮੰਤਰੀ ਮੰਡਲ। ਇੰਝ ਹੀ ਮੁਰਾਰਜੀ ਦੇਸਾਈ, ਰਾਜੀਵ ਗਾਂਧੀ ਤੇ ਨਰਸਿਮ੍ਹਾ ਰਾਓ ਦੇ ਮੰਤਰੀ ਮੰਡਲ ਵਿਚ ਦਸਤਾਰਧਾਰੀ ਸਿੱਖਾਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾਂਦਾ ਰਿਹਾ। ਵਾਜਪਾਈ ਮੰਤਰੀ ਮੰਡਲ ਵਿਚ ਵੀ ਸਿੱਖਾਂ ਨੂੰ ਪੂਰਾ ਸਨਮਾਨ ਮਿਲਿਆ। ਸਿੱਖ ਕਤਲੇਆਮ ਅਤੇ ਦਰਬਾਰ ਸਾਹਿਬ ‘ਤੇ ਹਮਲੇ ਦਾ ਦਾਗ ਧੋਣ ਦੀ ਕੋਸ਼ਿਸ਼ ਦੇ ਚੱਲਦਿਆਂ ਕਾਂਗਰਸ ਨੇ ਲਗਾਤਾਰ 10 ਸਾਲ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਵੀ ਨਿਵਾਜਿਆ, ਪਰ ਹਿੰਦੂਵਾਦ ਦੇ ਏਜੰਡੇ ‘ਤੇ ਚੱਲ ਰਹੀ ਮੌਜੂਦਾ ਭਾਜਪਾ ਅਤੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਘੱਟ ਗਿਣਤੀਆਂ ਪ੍ਰਤੀ ਆਪਣੀ ਬੇਰੁਖੀ ਦਿਖਾਉਂਦਿਆਂ ਸਿੱਖ ਭਾਈਚਾਰੇ ਨੂੰ ਬਣਦੀ ਉਹਨਾਂ ਦੀ ਥਾਂ ਤੋਂ ਦੂਰ ਕਰ ਦਿੱਤਾ। ਜਿਸ ਨੂੰ ਲੈ ਕੇ ਸਿੱਖਾਂ ਵਿਚ, ਘੱਟ ਗਿਣਤੀਆਂ ਵਿਚ ਅਤੇ ਪੰਜਾਬੀ ਭਾਈਚਾਰੇ ਵਿਚ ਰੋਸਾ ਪਾਇਆ ਜਾ ਰਿਹਾ ਹੈ।
ਨਹਿਰੂ ਮੰਤਰੀ ਮੰਡਲ : ਬਲਦੇਵ ਸਿੰਘ ਰੱਖਿਆ ਮੰਤਰੀ, ਸੁਰਜੀਤ ਸਿੰਘ ਮਜੀਠੀਆ ਡਿਪਟੀ ਰੱਖਿਆ ਮੰਤਰੀ, ਹੁਕਮ ਸਿੰਘ ਸਪੀਕਰ, ਸਵਰਨ ਸਿੰਘ ਖਨਨ ਵਿਭਾਗ।
ਇੰਦਰਾ ਗਾਂਧੀ ਮੰਤਰੀ ਮੰਡਲ : ਸਵਰਨ ਸਿੰਘ ਵਿਦੇਸ਼ ਮੰਤਰੀ, ਰੱਖਿਆ ਮੰਤਰੀ, ਗਿਆਨੀ ਜ਼ੈਲ ਸਿੰਘ ਗ੍ਰਹਿ ਮੰਤਰੀ, ਬੂਟਾ ਸਿੰਘ ਸੰਸਦੀ ਮਾਮਲਿਆਂ ਦੇ ਮੰਤਰੀ।
ਮੁਰਾਰਜੀ ਦੇਸਾਈ ਮੰਤਰੀ ਮੰਡਲ : ਪ੍ਰਕਾਸ਼ ਸਿੰਘ ਬਾਦਲ ਖੇਤੀਬਾੜੀ ਮੰਤਰੀ ਫਿਰ ਸੁਰਜੀਤ ਸਿੰਘ ਬਰਨਾਲਾ ਖੇਤੀਬਾੜੀ ਮੰਤਰੀ।
ਨਰਸਿਮ੍ਹਾ ਰਾਓ ਮੰਤਰੀ ਮੰਡਲ : ਡਾ. ਮਨਮੋਹਨ ਸਿੰਘ ਵਿੱਤ ਮੰਤਰੀ, ਸਰਤਾਜ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ।
ਵਾਜਪਾਈ ਮੰਤਰੀ ਮੰਡਲ : ਸੁਰਜੀਤ ਸਿੰਘ ਬਰਨਾਲਾ ਰਸਾਇਣਕ ਖਾਦ ਤੇ ਖੁਰਾਕ ਮੰਤਰੀ, ਬੂਟਾ ਸਿੰਘ ਸੰਚਾਰ ਮੰਤਰੀ, ਸੁਖਦੇਵ ਢੀਂਡਸਾ ਖੇਡ ਤੇ ਰਸਾਇਣ ਮੰਤਰੀ, ਸੁਖਬੀਰ ਬਾਦਲ ਰਾਜ ਮੰਤਰੀ ਉਦਯੋਗ।
ਰਾਜੀਵ ਗਾਂਧੀ ਮੰਤਰੀ ਮੰਡਲ :ਬੂਟਾ ਸਿੰਘ ਪਹਿਲਾਂ ਗ੍ਰਹਿ ਮੰਤਰੀ, ਫਿਰ ਖੇਤੀਬਾੜੀ ਮੰਤਰੀ।
ਲਾਲ ਬਹਾਦਰ ਸ਼ਾਸ਼ਤਰੀ ਮੰਤਰੀ ਮੰਡਲ : ਸਵਰਨ ਸਿੰਘ ਉਦਯੋਗ ਮੰਤਰੀ।
ਡਾ. ਮਨਮੋਹਨ ਸਿੰਘ ਮੰਤਰੀ ਮੰਡਲ :ਲਗਾਤਾਰ 10 ਸਾਲ ਦੋ ਟਰਮਾਂ ਵਿਚ ਪ੍ਰਧਾਨ ਮੰਤਰੀ ਰਹੇ।
ਖਾਸ ਅਹੁਦੇ : ਉਪਰੋਕਤ ਤੋਂ ਇਲਾਵਾ ਗਿਆਨੀ ਜ਼ੈਲ ਸਿੰਘ ਭਾਰਤ ਦੇ ਰਾਸ਼ਟਰਪਤੀ ਰਹੇ, ਗੁਰਦਿਆਲ ਸਿੰਘ ਢਿੱਲੋਂ ਡਿਪਟੀ ਸਪੀਕਰ, ਸਪੀਕਰ ਅਤੇ ਖੇਤੀਬਾੜੀ ਮੰਤਰੀ ਰਹੇ।
ਦੋ ਕਰੋੜ ਦੇ ਕਰੀਬ ਸਿੱਖ ਵਸਦੇ ਹਨ ਭਾਰਤ ਵਿਚ
ਸਿੱਖਾਂ ਦੀ ਕੁੱਲ ਆਬਾਦੀ 2 ਕਰੋੜ 70 ਲੱਖ ਦੇ ਕਰੀਬ ਹੈ, ਜੋ ਦੁਨੀਆ ਦੀ ਕੁੱਲ ਆਬਾਦੀ ਦਾ 0.39 ਫੀਸਦੀ ਬਣਦਾ ਹੈ। ਪੰਜਾਬ ਵਿਚ 1.60 ਕਰੋੜ, ਹਰਿਆਣਾ ‘ਚ 12 ਲੱਖ, ਉਤਰ ਪ੍ਰਦੇਸ਼ ਤੇ ਉਤਰਾਂਚਲ ‘ਚ 10 ਲੱਖ, ਰਾਜਸਥਾਨ ‘ਚ 9 ਲੱਖ, ਨਵੀਂ ਦਿੱਲੀ ‘ਚ 6 ਲੱਖ, ਮਹਾਰਾਸ਼ਟਰ ‘ਚ 4 ਲੱਖ ਅਤੇ ਜੰਮੂ ਕਸ਼ਮੀਰ ਵਿਚ ਢਾਈ ਲੱਖ ਦੇ ਕਰੀਬ ਸਿੱਖ ਹਨ।

RELATED ARTICLES
POPULAR POSTS