ਬਰੈਂਪਟਨ/ਬਿਊਰੋ ਨਿਊਜ਼ : ਫੈੱਡਰਲ ਸਰਕਾਰ ਨੇ ਪਿਛਲੇ ਹਫ਼ਤੇ ਤੇਜ਼-ਰਫ਼ਤਾਰ ‘ਆਲਟੋ’ ਨਾਮਕ ‘ਟੋਰਾਂਟੋ-ਕਿਊਬਿਕ ਸਿਟੀ ਕਾਰੀਡੋਰ ਰੇਲ ਨੈੱਟਵਰਕ’ ਦਾ ਐਲਾਨ ਕੀਤਾ ਹੈ ਜਿਸ ਨਾਲ ਕੈਨੇਡਾ ਦੇ ਟ੍ਰਾਂਸਪੋਰਟੇਸ਼ਨ ਵਿਭਾਗ ਵਿਚ ਇਨਕਲਾਬੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਇਸ ਨਾਲ ਬਰੈਂਪਟਨ ਅਤੇ ਨੇੜਲੇ ਦੇ ਇਲਾਕਾ-ਵਾਸੀਆਂ ਨੂੰ ਭਾਰੀ ਲਾਭ ਹੋਵੇਗਾ। ਦਰਅਸਲ, ‘ਟੋਰਾਂਟੋ-ਕਿਊਬਿਕ ਸਿਟੀ ਕੌਰੀਡੋਰ’ ਫ਼ੈੱਡਰਲ ਸਰਕਾਰ ਦਾ ਇੱਕ ਬਹੁਤ ਵੱਡਾ ਪ੍ਰਾਜੈੱਕਟ ਹੈ ਜਿਸ ਦਾ ਸਬੰਧ 18 ਮਿਲੀਅਨ ਲੋਕਾਂ ਦੇ ਨਾਲ ਹੈ ਅਤੇ ਇਹ ਕੈਨੇਡਾ ਦੀ ਜੀ.ਡੀ.ਪੀ. ਵਿੱਚ ਵੀ ਵੱਡਾ ਯੋਗਦਾਨ ਪਾਏਗਾ। ਇਸ ਤੇਜ਼-ਰਫ਼ਤਾਰ ਪ੍ਰਾਜੈੱਕਟ ਸਦਕਾ ਲੱਗਭੱਗ 1000 ਕਿਲੋਮੀਟਰ ਦਾ ਪੈਂਡਾ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੈਅ ਕੀਤਾ ਜਾ ਸਕੇਗਾ। ਇਸ ਵਿਚ ਟੋਰਾਂਟੋ, ਪੀਟਰਬੋਰੋ, ਔਟਵਾ, ਮਾਂਟਰੀਆਲ, ਲੈਵਾਲ, ਟਰੌਇਸ-ਰਿਵਰਜ਼ ਅਤੇ ਕਿਊਬਿਕ ਸਿਟੀ ਵਿਖੇ ਪੜਾਅ ਹੋਣਗੇ। ਇਸ ਵੱਡੇ ਪ੍ਰਾਜੈੱਕਟ ਨਾਲ ਇਨ੍ਹਾਂ ਸ਼ਹਿਰਾਂ ਨੂੰ ਪਹੁੰਚਣ ਦੇ ਸਮੇਂ ਵਿਚ ਭਾਰੀ ਕਮੀ ਹੋਵੇਗੀ ਅਤੇ ਮਾਂਟਰੀਆਲ ਤੋਂ ਟੋਰਾਂਟੋ ਕੇਵਲ ਤਿੰਨਾਂ ਘੰਟਿਆਂ ਵਿੱਚ ਹੀ ਜਾਇਆ ਜਾ ਸਕੇਗਾ।
ਇਸਦੇ ਬਾਰੇ ਆਪਣਾ ਪ੍ਰਤੀਕਰਮ ਦੱਸਦੇ ਹੋਏ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ, ”ਸਰਕਾਰ ਵੱਲੋਂ ਕੀਤਾ ਗਿਆ ਇਹ ਐਲਾਨ ਸਮੁੱਚੇ ਕੈਨੇਡਾ ਅਤੇ ਕਮਿਊਨਿਟੀ ਲਈ ਇਤਿਹਾਸਕ ਪਲ ਨੂੰ ਦਰਸਾਉਦਾ ਹੈ। ਇਹ ਤੇਜ਼ ਰਫ਼ਤਾਰ ਨੈੱਟਵਰਕ ਨਾ ਕੇਵਲ ਸ਼ਹਿਰਾਂ ਦੀ ਦੂਰੀ ਨੂੰ ਘੱਟ ਕਰੇਗਾ ਤੇ ਆਪਸੀ ਤਾਲਮੇਲ਼ ਨੂੰ ਵਧਾਏਗਾ, ਸਗੋਂ ਇਹ ਹਜ਼ਾਰਾਂ ਵਧੀਆ ਨੌਕਰੀਆਂ ਪੈਦਾ ਕਰੇਗਾ ਅਤੇ ਕੈਨੇਡਾ ਦੇ ਅਰਥਚਾਰੇ ਵਿੱਚ ਵਾਧਾ ਵੀ ਕਰੇਗਾ। ਇਹ ਪ੍ਰਾਜੈੱਕਟ ਸਾਡੀ ਸਰਕਾਰ ਦੀ ਇਨਫ਼ਰਾਸਟਰੱਕਚਰ ਦੇ ਸੁਧਾਰ ਵੱਲ ਪ੍ਰਤੀਬੱਧਤਾ ਨੂੰ ਪ੍ਰਗਟ ਕਰਦਾ ਹੈ ਜਿਸ ਦਾ ਸਾਰੇ ਕੈਨੇਡਾ-ਵਾਸੀਆਂ ਨੂੰ ਲਾਭ ਪਹੁੰਚੇਗਾ।”
ਇਸ ਹਾਈ-ਸਪੀਡ ਰੇਲਵੇ ਨੈੱਟਵਰਕ ਦੇ ਲੋਕਾਂ ਨੂੰ ਹੇਠ ਲਿਖੇ ਫ਼ਾਇਦੇ ਹੋਣਗੇ :
ਅਰਥਚਾਰੇ ਵਿੱਚ ਵਾਧਾ : ਇਸ ਪ੍ਰਾਜੈੱਕਟ ਨਾਲ ਕੈਨੇਡਾ ਦੀ ਜੀ.ਡੀ.ਪੀ. ਵਿੱਚ ਸਲਾਨਾ 35 ਬਿਲੀਅਨ ਡਾਲਰ ਦਾ ਵਾਧਾ ਹੋਵੇਗਾ ਅਤੇ ਇਸ ਨਾਲ ਉਸਾਰੀ ਦੇ ਖ਼ੇਤਰ ਵਿੱਚ 51,000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਵਾਤਾਵਰਣ ਵਿੱਚ ਸੁਧਾਰ : ਬਿਜਲਈ ਤੇਜ਼-ਰਫ਼ਤਾਰ ਰੇਲ-ਗੱਡੀਆਂ ਚੱਲਣ ਨਾਲ ਪ੍ਰਦੂਸ਼ਣ ਘੱਟ ਹੋ ਜਾਣ ਨਾਲ ਵਾਤਾਵਰਣ ਵਿੱਚ ਸੁਧਾਰ ਹੋਵੇਗਾ।
ਤਾਲਮੇਲ਼ ਵਿੱਚ ਵਾਧਾ : ਇਸ ਨਵੇਂ ਰੇਲਵੇ ਨੈੱਟਵਰਕ ਦੇ ਚੱਲਣ ਨਾਲ ਵੱਡੇ ਸ਼ਹਿਰ ਵਧੇਰੇ ਚੰਗੇਰੇ ਢੰਗ ਨਾਲ ਆਪਸ ਵਿੱਚ ਜੁੜਨਗੇ ਅਤੇ ਇਸਦੇ ਨਾਲ ਬਿਜ਼ਨੈੱਸ ਅਦਾਰਿਆਂ ਤੇ ਵਰਕਰਾਂ ਨੂੰ ਹੋਰ ਆਸਾਨੀ ਮਿਲ ਜਾਏਗੀ। ਕਮਿਊਨਿਟੀ ਦਾ ਵਿਕਾਸ : ਟਰਾਂਸਪੋਰਟ ਵਿੱਚ ਸੁਧਾਰ ਨਾਲ ਇਸ ਖ਼ੇਤਰ ਵਿੱਚ ਘਰਾਂ ਦੇ ਵਿਕਾਸ ਅਤੇ ਟੂਰਿਜ਼ਮ ਇੰਡਸਟਰੀ ਨੂੰ ਹੋਰ ਉਤਸ਼ਾਹ ਮਿਲੇਗਾ। ਇਸ ਪ੍ਰਾਜੈੱਕਟ ਨੂੰ ਡਿਜ਼ਾਈਨ ਕਰਨ, ਬਨਾਉਣ, ਫ਼ਾਈਨਾਂਸ ਕਰਨ ਅਤੇ ਇਸ ਦੇ ਰੱਖ-ਰਖਾਅ ਲਈ ‘ਕਨਸੌਰਟੀਅਮ ਕੈਡੈਂਸ’ ਦੀ ਚੋਣ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ‘ਕੈਡੈਂਸ’ ਟਰਾਂਸਪੋਰਟੇਸ਼ਨ ਇਨਫ਼ਰਾਸਟਰੱਕਚਰ ਨਾਲ ਸਬੰਧਿਤ ਵਿਸ਼ਵ-ਭਰ ਦੀਆਂ ਤਜਰਬਾਕਾਰ ਕੰਪਨੀਆਂ ਨੂੰ ਇਕੱਠਿਆਂ ਕਰਦਾ ਹੈ ਤੇ ਉਨ੍ਹਾਂ ਦੇ ਤਜਰਬੇ ਦਾ ਭਰਪੂਰ ਲਾਭ ਉਠਾਉਂਦਾ ਹੈ। ‘ਆਲਟੋ’ ਦੇ ਨਾਲ ਭਾਈਵਾਲੀ ਵਧੀਆ ਡੀਜ਼ਾਈਨ, ਵਿਕਾਸ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਏਗੀ। ਸੋਨੀਆ ਸਿੱਧੂ ਨੇ ਹੋਰ ਦੱਸਿਆ ਕਿ ਇਹ ਪ੍ਰਾਜੈੱਕਟ ਕੇਵਲ ਟ੍ਰਾਂਸਪੋਰਟ ਦਾ ਵੱਡਾ ਪ੍ਰਜੈੱਕਟ ਹੀ ਨਹੀਂ ਹੈ, ਬਲਕਿ ਇਹ ਸਾਡੇ ਬੱਚਿਆਂ ਅਤੇ ਅੱਗੋਂ ਉਨ੍ਹਾਂ ਦੇ ਬੱਚਿਆਂ ਦੇ ਚੰਗੇਰੇ ਭਵਿੱਖ ਨਾਲ ਜੁੜਿਆ ਹੋਇਆ ਹੈ।
Home / ਹਫ਼ਤਾਵਾਰੀ ਫੇਰੀ / 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਰੇਲ ਗੱਡੀਆਂ ਰਾਹੀਂ ਟੋਰਾਂਟੋ ਤੋਂ ਮਾਂਟਰੀਅਲ ਦਾ ਸਫਰ ਹੁਣ ਤਿੰਨਾਂ ਘੰਟਿਆਂ ‘ਚ ਸੰਭਵ : ਸੋਨੀਆ ਸਿੱਧੂ
Check Also
ਸਟੱਡੀ ਅਤੇ ਵਰਕ ਪਰਮਿਟ ‘ਤੇ ਕੈਨੇਡਾ ਜਾਣ ਵਾਲਿਆਂ ਨੂੰ ਝਟਕਾ, ਵੀਜ਼ਾ ਨਿਯਮ ਬਦਲੇ
ਭਾਰਤੀ ਵਿਦਿਆਰਥੀਆਂ ਅਤੇ ਕੰਮਕਾਜੀ ਵਿਅਕਤੀਆਂ ‘ਤੇ ਪਵੇਗਾ ਅਸਰ ਓਟਵਾ/ਬਿਊਰੋ ਨਿਊਜ਼ : ਅਮਰੀਕਾ ਤੋਂ ਬਾਅਦ ਕੈਨੇਡਾ …