Breaking News
Home / ਹਫ਼ਤਾਵਾਰੀ ਫੇਰੀ / ਟੋਰਾਂਟੋ ਪੁਲਿਸ ਮੁਖੀ ਨਾਲ ‘ਪਰਵਾਸੀ’ ਮੀਡੀਆ ਦੀ ਇਮੀਗ੍ਰਾਂਟ ਭਾਈਚਾਰੇ ਦੇ ਮੁੱਦਿਆਂ ‘ਤੇ ਗੱਲਬਾਤ

ਟੋਰਾਂਟੋ ਪੁਲਿਸ ਮੁਖੀ ਨਾਲ ‘ਪਰਵਾਸੀ’ ਮੀਡੀਆ ਦੀ ਇਮੀਗ੍ਰਾਂਟ ਭਾਈਚਾਰੇ ਦੇ ਮੁੱਦਿਆਂ ‘ਤੇ ਗੱਲਬਾਤ

ਨੌਜਵਾਨਾਂ ਨੂੰ ਪੁਲਿਸ ਵਿਚ ਭਰਤੀ ਹੋਣ ਦਾ ਸੱਦਾ
ਮਿਸੀਸਾਗਾ/ਬਿਊਰੋ ਨਿਊਜ਼ : ਲੰਘੇ ਮੰਗਲਵਾਰ ਨੂੰ ਟੋਰਾਂਟੋ ਪੁਲਿਸ ਦੇ ਚੀਫ਼ ਜੇਮਜ ਰੇਮਰ ਨੇ ਮਾਲਟਨ ਵਿਚ ਸਥਿਤ ‘ਪਰਵਾਸੀ’ ਮੀਡੀਆ ਗਰੁੱਪ ਦੇ ਹੈਡ ਆਫ਼ਿਸ ਦਾ ਦੌਰਾ ਕੀਤਾ। ਜਿੱਥੇ ਉਹ ਇਕ ਘੰਟੇ ਤੋਂ ਵੱਧ ਸਮਾਂ ਰੁਕੇ। ਇਸ ਦੌਰਾਨ ‘ਪਰਵਾਸੀ’ ਮੀਡੀਆ ਦੇ ਮੁਖੀ ਰਜਿੰਦਰ ਸੈਣੀ ਵੱਲੋਂ ਉਨ੍ਹਾਂ ਦੀ ਸਟੂਡੀਓ ਵਿਚ ਇੰਟਰਵਿਊ ਕੀਤੀ ਗਈ।
ਰਜਿੰਦਰ ਸੈਣੀ ਹੁਰਾਂ ਨੇ ਪੁਲਿਸ ਮੁਖੀ ਨਾਲ ਵਧਦੇ ਅਪਰਾਧਾਂ, ਨਵੇਂ ਆਏ ਇਮੀਗ੍ਰਾਂਟਾਂ ਨੂੰ ਭਾਸ਼ਾ ਸਬੰਧੀ ਮੁਸ਼ਕਿਲਾਂ, ਨਸ਼ਿਆਂ ਅਤੇ ਹਥਿਆਰਾਂ ਦੇ ਵਧਦੇ ਰੁਝਾਨ, ਕਾਰ ਚੋਰੀਆਂ ਅਤੇ ਕਾਰਾਂ ਖੋਹਣ ਦੇ ਵਧਦੇ ਕੇਸਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਰਜਿੰਦਰ ਸੈਣੀ ਹੁਰਾਂ ਨੇ ਪੁਲਿਸ ਮੁਖੀ ਨੂੰ ਪੁੱਛਿਆ ਕਿ ਟੋਰਾਂਟੋ ਸ਼ਹਿਰ ਵਿਚ ਦੁਨੀਆਂ ਦੇ ਲਗਭਗ 150 ਮੁਲਕਾਂ ਤੋਂ ਆਏ ਲੋਕ ਵਸਦੇ ਹਨ। ਜੋ 170 ਤੋਂ ਵੱਧ ਭਾਸ਼ਾਵਾਂ ਬੋਲਦੇ ਹਨ। ਅਜਿਹੇ ਸ਼ਹਿਰ ਦੇ ਪੁਲਿਸ ਮੁਖੀ ਹੋਣ ‘ਤੇ ਕੀ ਉਹ ਮਾਣ ਮਹਿਸੂਸ ਕਰਦੇ ਹਨ ਜਾਂ ਇਕ ਚੈਲੇਂਜ। ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਲਈ ਇਹ ਬਹੁਤ ਵੱਡਾ ਮਾਣ ਹੈ ਕਿ ਉਨ੍ਹਾਂ ਨੂੰ ਮੁਲਕ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਨੂੰ ਲੀਡ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਜਿਸ ਵਿਚ ਕਈ ਤਰ੍ਹਾਂ ਦੇ ਚੈਲੇਂਜ ਵੀ ਆਉਂਦੇ ਹਨ।
ਰਜਿੰਦਰ ਸੈਣੀ ਹੁਰਾਂ ਦਾ ਅਗਲਾ ਸਵਾਲ ਸੀ ਕਿ ਟੋਰਾਂਟੋ ਪੁਲਿਸ ‘ਤੇ ਅਕਸਰ ਨਸਲੀ ਵਿਤਕਰਿਆਂ ਦੇ ਦੋਸ਼ ਲਗਦੇ ਹਨ ਅਤੇ ਪੁਲਿਸ ਫੋਰਸ ਵਿਚ ਇਮੀਗ੍ਰਾਂਟ ਭਾਈਚਾਰੇ ਦੇ ਲੋਕ ਸੇਵਾ ਨਿਭਾਉਂਦੇ ਹੋਏ ਘੱਟ ਨਜ਼ਰ ਆਉਂਦੇ ਹਨ, ਤਾਂ ਪੁਲਿਸ ਚੀਫ਼ ਦਾ ਜਵਾਬ ਸੀ ਕਿ ਅਸੀਂ ਵੱਧ ਤੋਂ ਵੱਧ ਇਮੀਗ੍ਰਾਂਟ ਲੋਕਾਂ ਨੂੰ ਆਪਣੀ ਪੁਲਿਸ ਫੋਰਸ ਵਿਚ ਭਰਤੀ ਕਰਨੇ ਚਾਹੁੰਦੇ ਹਾਂ। ਇਸ ਲਈ ਸਾਡਾ ਭਰਤੀ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਇਮੀਗ੍ਰਾਂਟ ਭਾਈਚਾਰੇ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰਨ, ਅਸੀਂ ਉਨ੍ਹਾਂ ਦਾ ਪੁਲਿਸ ਫੋਰਸ ਵਿਚ ਸਵਾਗਤ ਕਰਾਂਗੇ।
ਉਨ੍ਹਾਂ ਨਾਲ ਆਏ ਪਾਕਿਸਤਾਨ ਮੂਲ ਦੇ ਹਾਰੂਨ ਖਾਨ ਜੋ ਕਿ ਪਿਛਲੇ 32 ਸਾਲ ਤੋਂ ਟੋਰਾਂਟੋ ਪੁਲਿਸ ਵਿਚ ਵਲੰਟੀਅਰ ਸੇਵਾਵਾਂ ਦੇ ਰਹੇ ਹਨ, ਨੇ ਦੱਸਿਆ ਕਿ ਸਤੰਬਰ ਮਹੀਨੇ ਵੱਖ-ਵੱਖ ਪੁਲਿਸ ਮਹਿਕਮਿਆਂ ਜਿਵੇਂ ਕਿ ਆਰਮੀ, ਨੇਵੀ, ਏਅਰ ਫੋਰਸ ਲਈ ਭਰਤੀ ਦਾ ਕੈਂਪ ਟੋਰਾਂਟੋ ਡਾਊਨ ਟਾਊਨ ਦੇ ਇਲਾਕੇ ਵਿਚ ਲਗਾਇਆ ਜਾਵੇਗਾ। ਜੋ ਲੋਕ ਇਨ੍ਹਾਂ ਮਹਿਕਮਿਆਂ ਵਿਚ ਭਰਤੀ ਹੋਣ ਦੇ ਚਾਹਵਾਨ ਹੋਣ ਉਹ ਇਸ ਕੈਂਪ ਦਾ ਲਾਭ ਉਠਾ ਸਕਦੇ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਮੰਨਿਆ ਕਿ ਪਿਛਲੇ ਕੁਝ ਸਮੇਂ ਤੋਂ ਕਾਰਾਂ ਚੋਰੀ ਅਤੇ ਕਾਰਾਂ ਖੋਹਣ ਦੇ ਕੇਸਾਂ ਵਿਚ ਬਹੁਤ ਵਾਧਾ ਹੋਇਆ ਹੈ, ਜਿਸ ਨੂੰ ਠੱਲ੍ਹ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ। ਗੰਨ ਕੰਟਰੋਲ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਅਮਰੀਕਾ ਵਿਚ ਹਥਿਆਰ ਬਹੁਤ ਅਸਾਨੀ ਨਾਲ ਮਿਲ ਜਾਂਦੇ ਹਨ। ਜਿਸ ਕਾਰਨ ਅਪਰਾਧੀ ਲੋਕ ਹਥਿਆਰ ਸਮਗਲ ਕਰਕੇ ਕੈਨੇਡਾ ਵਿਚ ਵਾਰਦਾਤਾਂ ਕਰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਥੋੜ੍ਹੀ ਮਾਤਰਾ ਵਿਚ ਡਰੱਗ ਲੈਣ ਵਾਲੇ ਅਪਰਾਧੀਆਂ ‘ਤੇ ਕੋਈ ਕਾਰਵਾਈ ਨਾ ਕੀਤੇ ਜਾਣ ਬਾਰੇ ਬਹਿਸ ਅਜੇ ਜਾਰੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਅੱਜ ਕੱਲ੍ਹ ਅਪਰਾਧੀ ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਨੂੰ ਲੁੱਟਣ ਲਈ ਨਵੇਂ-ਨਵੇਂ ਢੰਗ ਤਰੀਕੇ ਅਪਣਾਉਂਦੇ ਹਨ, ਜਿਸ ਲਈ ਪੁਲਿਸ ਨੂੰ ਲਗਾਤਾਰ ਆਪਣੇ ਵਸੀਲਿਆਂ ਨੂੰ ਬਿਹਤਰ ਬਣਾਉਣ ਦੀ ਲੋੜ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਲ ਆਉਣ ‘ਤੇ ਡਰਨ ਜਾਂ ਪ੍ਰੇਸ਼ਾਨ ਹੋਣ ਦੀ ਬਜਾਏ, ਉਸ ਨੂੰ ਸਮਝ ਕੇ ਕਾਰਵਾਈ ਕਰਨ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਜ਼ਰੂਰ ਦੇਣ। ਪੁਲਿਸ ਮੁਖੀ ਜੇਮਜ ਰੇਮਰ ਨੇ ਮੰਨਿਆ ਕਿ ਟੋਰਾਂਟੋ ਵਿਚ ਵਸਦੇ ਲੋਕਾਂ ਦੀਆਂ
ਵੱਖ-ਵੱਖ ਭਾਸ਼ਾਵਾਂ ਹੋਣ ਕਰਕੇ ਪੁਲਿਸ ਨੂੰ ਉਨ੍ਹਾਂ ਨਾਲ ਨਾਲ ਮਿਲਵਰਤਣ ਵਿਚ ਮੁਸ਼ਕਿਲਾਂ ਆਉਂਦੀਆਂ ਹਨ। ਪ੍ਰੰਤੂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਤੁਸੀਂ ਹਮੇਸ਼ਾ ਆਪਣਾ ਚੰਗਾ ਦੋਸਤ ਸਮਝੋ ਅਤੇ ਪੁਲਿਸ ਨੂੰ ਅਪਰਾਧਾਂ ਨੂੂੰ ਰੋਕਣ ਵਿਚ ਸਹਿਯੋਗ ਦਿਓ। ਉਨ੍ਹਾਂ ਇਸ ਗੱਲ ‘ਤੇ ਅਫ਼ਸੋਸ ਜ਼ਾਹਿਰ ਕੀਤਾ ਕਿ ਇਕ ਪਾਸੇ ਤਾਂ ਟੋਰਾਂਟੋ ਦੀ ਅਬਾਦੀ ਦੁੱਗਣੀ ਹੋ ਚੁੱਕੀ ਹੈ ਪ੍ਰੰਤੂ ਪੁਲਿਸ ਨੂੰ ਮਿਲਣ ਵਾਲੇ ਬਜਟ ਨੂੰ ਦੁੱਗਣਾ ਕਰਨ ਦੀ ਬਜਾਏ, ਉਸ ਵਿਚ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਕਾਰਨ ਪੁਲਿਸ ਵਿਚ ਵੱਡੀ ਭਰਤੀ ਕਰਨ ਜਾਂ ਵਾਧਾ ਕਰਨ ਵਿਚ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ। ਜੋ ਕਿ ਅਪਰਾਧਾਂ ਨੂੰ ਠੱਲ੍ਹ ਨਾ ਪਾਉਣ ਦਾ ਇਕ ਵੱਡਾ ਕਾਰਨ ਬਣ ਰਹੀ ਹੈ। ਅੰਤ ਵਿਚ ਉਨ੍ਹਾਂ ‘ਪਰਵਾਸੀ’ ਮੀਡੀਆ ਗਰੁੱਪ ਵੱਲੋਂ ਪੱਤਰਕਾਰੀ ਦੇ ਖੇਤਰ ਵਿਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …