Breaking News
Home / ਹਫ਼ਤਾਵਾਰੀ ਫੇਰੀ / ਵਿਦੇਸ਼ੀ ਪਤਨੀਆਂ ਤੋਂ ਤੰਗ ਹੋ ਗਏ ਪੰਜਾਬੀ ਪਤੀ

ਵਿਦੇਸ਼ੀ ਪਤਨੀਆਂ ਤੋਂ ਤੰਗ ਹੋ ਗਏ ਪੰਜਾਬੀ ਪਤੀ

ਵਿਦੇਸ਼ ਜਾਣ ਵਾਲੀਆਂ ਪਤਨੀਆਂ ਨੂੰ ਡਿਪੋਰਟ ਕਰਾਵਾਂਗੀ : ਮਨੀਸ਼ਾ ਗੁਲਾਟੀ
ਬਰਨਾਲਾ/ਬਿਊਰੋ ਨਿਊਜ਼ : ਵਿਦੇਸ਼ ਚਲੀਆਂ ਗਈਆਂ ਪਤਨੀਆਂ ਦੇ 42 ਪਤੀ ਬਰਨਾਲਾ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਮਿਲੇ। ਇਹ ਨੌਜਵਾਨ ਆਪਣਾ ਦੁੱਖੜਾ ਦੱਸਣ ਲਈ 6 ਘੰਟੇ ਤੱਕ ਗੁਲਾਟੀ ਦਾ ਇੰਤਜ਼ਾਰ ਵੀ ਕਰਦੇ ਰਹੇ, ਪਰ 4-5 ਨੌਜਵਾਨ ਹੀ ਚੇਅਰਪਰਸਨ ਨੂੰ ਆਪਣਾ ਮੰਗ ਪੱਤਰ ਸੌਂਪ ਸਕੇ। ਇਨ੍ਹਾਂ ਸਾਰੇ ਨੌਜਵਾਨਾਂ ਦੀ ਇਕੋ ਪ੍ਰੇਸ਼ਾਨੀ ਹੈ ਕਿ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕਰਕੇ ਪਤਨੀਆਂ ਨੂੰ ਵਿਦੇਸ਼ ਭੇਜਿਆ ਸੀ। ਹੁਣ ਇਨ੍ਹਾਂ ਪਤਨੀਆਂ ਨੇ ਆਪਣੇ ਪਤੀਆਂ ਨੂੰ ਵਿਦੇਸ਼ ਨਹੀਂ ਬੁਲਾਇਆ ਅਤੇ ਨਾ ਹੀ ਕੋਈ ਸੰਪਰਕ ਕੀਤਾ। ਇਹ ਨੌਜਵਾਨ ਰਾਜੂ ਬੱਲੋ ਦੀ ਅਗਵਾਈ ਵਿਚ ਪਿੰਡ ਕੋਠੇ ਗੋਬਿੰਦਪੁਰਾ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵਿਦੇਸ਼ ਗਈ ਪਤਨੀ ਬੇਅੰਤ ਕੌਰ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੇ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਗਈ ਸੀ। ਇਹ ਖਬਰ ਸੁਣ ਕੇ ਅਜਿਹੇ 42 ਪੀੜਤ ਪਤੀ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਨੇ ਵਿਦੇਸ਼ ਪਹੁੰਚ ਕੇ ਧੋਖਾ ਦਿੱਤਾ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਾਰੇ ਐਸਐਸਪੀ ਨੂੰ ਕਾਰਵਾਈ ਕਰਨ ਲਈ ਪੱਤਰ ਲਿਖੇ ਜਾਣਗੇ। ਗੁਲਾਟੀ ਨੇ ਕਿਹਾ ਕਿ ਵਿਦੇਸ਼ ਜਾ ਕੇ ਧੋਖਾ ਦੇਣ ਵਾਲੀਆਂ ਪਤਨੀਆਂ ਨੂੰ ਉਥੋਂ ਡਿਪੋਰਟ ਕਰਾਵਾਂਗੀ।
ਕੋਈ 23 ਲੱਖ ਤੇ ਕੋਈ 33 ਲੱਖ ਦਾ ਹੋਇਆ ਕਰਜ਼ਈ, ਵਿਦੇਸ਼ ਜਾਣ ਤੋਂ ਬਾਅਦ ਨਾ ਬੁਲਾਇਆ ਅਤੇ ਨਾ ਹੀ ਸੰਪਰਕ ਕੀਤਾ
5 ਮਹੀਨੇ ਤੋਂ ਪਤਨੀ ਨਾਲ ਨਹੀਂ ਹੋਈ ਗੱਲ : ਸੁਖਵਿੰਦਰ
ਲੁਧਿਆਣਾ ਦੇ ਸੁਖਵਿੰਦਰ ਨੇ ਆਪਣੀ ਪਤਨੀ ਦੀ ਫੋਟੋ ਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦਿਖਾਉਂਦੇ ਹੋਏ ਦੱਸਿਆ ਕਿ 20 ਲੱਖ ਖਰਚ ਕਰਕੇ ਪਤਨੀ ਜੈਸਮੀਨ ਨੂੰ ਕੈਨੇਡਾ ਭੇਜਿਆ। ਬਾਅਦ ‘ਚ ਉਸ ਨੇ ਆਪਣਾ ਨੰਬਰ ਬਦਲ ਲਿਆ, ਇਸ ਕਾਰਨ ਉਸ ਨਾਲ 5 ਮਹੀਨੇ ਤੋਂ ਗੱਲ ਨਹੀਂ ਹੋਈ। ਪੁਲਿਸ ਨੇ ਅਜੇ ਤੱਕ ਕੇਸ ਵੀ ਨਹੀਂ ਦਰਜ ਕੀਤਾ।
2 ਸਾਲ ਤੋਂ ਭਟਕ ਰਿਹਾਂ, ਪੁਲਿਸ ਨਹੀਂ ਸੁਣ ਰਹੀਂ : ਅਮਨਦੀਪ
ਧੂਰੀ ਦੇ ਅਮਨਦੀਪ ਨੇ ਦੱਸਿਆ ਕਿ ਉਸਦੀ ਪਤਨੀ ਤਰਨਜੀਤ ਕੌਰ ਨੇ ਇਕ ਵਾਰ ਉਸ ਨੂੰ ਕੈਨੇਡਾ ਬੁਲਾ ਲਿਆ ਸੀ। ਪਰ ਪੱਕੇ ਕਾਗਜ਼ਾਤ ‘ਤੇ ਬੁਲਾਉਣ ਦੀ ਗੱਲ ਕਹਿ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਫੋਨ ਨੰਬਰ ਬਦਲ ਲਿਆ। ਦੋ ਸਾਲ ਤੋਂ ਸ਼ਿਕਾਇਤ ਲੈ ਕੇ ਭਟਕ ਰਿਹਾ ਹਾਂ, ਪਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਉਸ ਨੇ ਦੱਸਿਆ ਕਿ 23 ਲੱਖ ਰੁਪਏ ਦੀ ਠੱਗੀ ਹੋਈ ਹੈ।
33 ਲੱਖ ਕਰਜ਼ ਲੈ ਕੇ ਪਤਨੀ ਨੂੰ ਭੇਜਿਆ ਸੀ : ਸੁਖਬੀਰ
ਤਪਾ ਦੇ ਪਿੰਡ ਗਹਿਲ ਤੋਂ ਪਹੁੰਚੇ ਸੁਖਬੀਰ ਨੇ ਦੱਸਿਆ ਕਿ ਉਸਦੀ ਪਤਨੀ ਸ਼ਰਨਦੀਪ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਕੋਲੋਂ 33 ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਸ ਨੇ ਕਰੀਬ 8 ਮਹੀਨੇ ਪਹਿਲਾਂ ਸ਼ਿਕਾਇਤ ਕੀਤੀ ਸੀ। ਪਰ ਪੁਲਿਸ ਦੀ ਕਾਰਵਾਈ ਅਜੇ ਪੂਰੀ ਨਹੀਂ ਹੋਈ। ਹੁਣ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਹੈ। ਪਰਿਵਾਰ ‘ਤੇ 33 ਲੱਖ ਰੁਪਏ ਦਾ ਕਰਜ਼ ਹੈ।
17 ਲੱਖ ਖਰਚ ਕਰਕੇ ਪਤਨੀ ਭੇਜੀ ਆਸਟਰੇਲੀਆ, ਹੁਣ ਗੱਲ ਨਹੀਂ
ਬਰਨਾਲਾ ਦੇ ਗਗਨਦੀਪ ਨੇ ਦੱਸਿਆ ਕਿ ਉਸਦੇ ਪਿਤਾ ਟੀਚਰ ਰਿਟਾਇਰ ਹੋਏ ਹਨ। ਉਨ੍ਹਾਂ ਨੇ 17 ਲੱਖ ਰੁਪਏ ਖਰਚ ਕਰਕੇ ਉਸਦੀ ਪਤਨੀ ਰਮਨਦੀਪ ਕੌਰ ਨੂੰ ਆਸਟਰੇਲੀਆ ਭੇਜਿਆ। ਪਰ ਉਸ ਨੇ ਆਸਟਰੇਲੀਆ ਨਹੀਂ ਬੁਲਾਇਆ। ਇਕ ਸਾਲ ਤੋਂ ਗੱਲ ਕਰਨਾ ਬੰਦ ਕਰ ਦਿੱਤਾ ਹੈ ਅਤੇ ਉਸਦਾ ਕੋਈ ਪਤਾ ਨਹੀਂ। ਇਸੇ ਮਹੀਨੇ ਸ਼ਿਕਾਇਤ ਦਿੱਤੀ ਹੈ ਅਤੇ ਹੁਣ ਉਸ ‘ਤੇ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਹਾਂ।

 

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …