ਤਨਖਾਹ ਨਾ ਮਿਲਣ ਦਾ ਮੁੱਦਾ ਵੀ ਨਹੀਂ ਉਠਾ ਪਾ ਰਹੇ ਵਿਧਾਇਕ
ਚੰਡੀਗੜ੍ਹ : ਪੰਜਾਬ ਦੀ ਖਰਾਬ ਆਰਥਿਕ ਹਾਲਤ ਦਾ ਸ਼ਿਕਾਰ ਹੁਣ ਵਿਧਾਇਕਾਂ ਨੂੰ ਵੀ ਹੋਣਾ ਪੈ ਰਿਹਾ ਹੈ। ਪਿਛਲੇ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹ ਲਈ ਇੰਤਜ਼ਾਰ ਕਰਨਾ ਪਿਆ ਸੀ, ਜਦਕਿ ਇਸ ਵਾਰ ਵਿਧਾਇਕਾਂ ਨੂੰ ਹੀ ਤਨਖ਼ਾਹ ਦਾ ਇੰਤਜ਼ਾਰ ਕਰਨਾ ਪਿਆ ਹੈ। ਵਿਧਾਇਕਾਂ ਦੀ ਸਥਿਤੀ ਇਹ ਹੈ ਕਿ ਉਹ ਸਾਹਮਣੇ ਆ ਕੇ ਕੁਝ ਬੋਲ ਵੀ ਨਹੀਂ ਪਾ ਰਹੇ। ਕਿਉਂਕਿ ਕਿਤੇ ਲੋਕਾਂ ਚ ਇਹ ਸੰਦੇਸ਼ ਨਾ ਜਾਵੇ ਕਿ ਵਿਧਾਇਕਾਂ ਨੂੰ ਆਪਣੀ ਤਨਖ਼ਾਹ ਦੀ ਚਿੰਤਾ ਹੈ। ਕਾਂਗਰਸ ਦੇ ਇਕ ਸਾਬਕਾ ਮੰਤਰੀ ਕਹਿੰਦੇ ਹਨ, ਆਮ ਆਦਮੀ ਪਾਰਟੀ ਦੀ ਜਦੋਂ ਤੋਂ ਸਰਕਾਰ ਆਈ ਹੈ, ਉਦੋਂ ਤੋਂ ਇਹ ਤੀਜਾ ਤੇ ਚੌਥਾ ਮੌਕਾ ਹੈ ਜਦੋਂ ਤਨਖ਼ਾਹ ਸਮੇਂ ਸਿਰ ਨਹੀਂ ਆਈ। ਸੱਤਾ ਧਿਰ ਦੇ ਵਿਧਾਇਕ ਵੀ ਦੱਬੀ ਜ਼ੁਬਾਨ ‘ਚ ਤਨਖ਼ਾਹ ਨਾ ਆਉਣ ਦਾ ਰੋਣਾ ਰੋ ਰਹੇ ਹਨ। ਸੂਬੇ ਵਿਚ 117 ਵਿਧਾਇਕ ਹਨ ਤੇ ਹਰ ਵਿਧਾਇਕ ਨੂੰ ਪ੍ਰਤੀ ਮਹੀਨਾ 84,354 ਰੁਪਏ ਤਨਖ਼ਾਹ ਮਿਲਦੀ ਹੈ। ਵਿਧਾਇਕਾਂ ਨੂੰ ਵੀ ਸਰਕਾਰੀ ਮੁਲਾਜ਼ਮਾਂ ਤੋਂ ਬਾਅਦ ਤਨਖ਼ਾਹ ਮਿਲਦੀ ਹੈ। ਆਮ ਤੌਰ ‘ਤੇ ਵਿਧਾਇਕਾਂ ਨੂੰ 5 ਤਰੀਕ ਤੋਂ ਪਹਿਲਾਂ ਤਨਖ਼ਾਹ ਮਿਲ ਜਾਂਦੀ ਸੀ, ਪਰ ਐਤਕੀਂ 11 ਅਕਤੂਬਰ ਤੱਕ ਵੀ ਵਿਧਾਇਕਾਂ ਨੂੰ ਤਨਖਾਹ ਨਹੀਂ ਮਿਲੀ ਸੀ। ਮਿਲੀ ਜਾਣਕਾਰੀ ਮੁਤਾਬਕ ਮਾੜੀ ਆਰਥਿਕ ਹਾਲਤ ਦੇ ਚੱਲਦਿਆਂ ਪੰਜਾਬ ਸੂਬੇ ਸਿਰ ਕਰੀਬ 2.75 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਚੁੱਕਾ ਹੈ।
ਸਰਕਾਰ ਸਮੇਂ ਸਿਰ ਤਨਖਾਹਾਂ ਦੇਣੋਂ ਅਸਮਰਥ : ਕਾਂਗਰਸ ਦੇ ਇਕ ਵਿਧਾਇਕ ਨੇ ਤਨਖਾਹ ਨਾ ਮਿਲਣ ਦੇ ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਨੂੰ ਸਰਕਾਰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਤਨਖਾਹ ਮਿਲਣ ‘ਚ ਲਗਾਤਾਰ ਦੇਰ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਹੀ ਚੋਣਾਂ ਤੋਂ ਪਹਿਲਾਂ ਕਹਿੰਦੇ ਰਹੇ ਹੋਣ ਕਿ ਖਾਲੀ ਤਾਂ ਪੀਪਾ ਹੁੰਦਾ ਹੈ, ਖਜ਼ਾਨਾ ਤਾਂ ਭਰਿਆ ਹੁੰਦਾ ਹੈ, ਪਰ ਹਕੀਕਤ ਇਹ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਵੀ ਸਮੇਂ ਸਿਰ ਤਨਖਾਹਾਂ ਦੇਣ ਵਿਚ ਅਸਮਰਥ ਹੈ।