85 ਫੀਸਦੀ ਅਪਾਹਜ ਬੁੱਟਰ ਨੂੰ ਕੰਡਕਟਰ ਨੇ ਚਲਦੀ ਬੱਸ ‘ਚੋਂ ਧੱਕਾ ਦੇ ਕੇ ਸੁੱਟਿਆ
ਰੂਪਨਗਰ/ਬਿਊਰੋ ਨਿਊਜ਼
ਬਾਦਲਾਂ ਦੀ ਔਰਬਿਟ ਕੰਪਨੀ ਦੀ ਬੱਸ ਦੇ ਕੰਡਕਟਰ ਵੱਲੋਂ ਇੱਕ ਅਪਾਹਜ ਪੱਤਰਕਾਰ ਅਤੇ ਕਾਲਮਨਵੀਸ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਨੂੰ ਧੱਕੇ ਮਾਰ ਕੇ ਬੱਸ ਵਿਚੋਂ ਥੱਲੇ ਸੁੱਟ ਦਿੱਤਾ ਗਿਆ। ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਵਾਸੀ ਸ੍ਰੀ ਆਨੰਦਪੁਰ ਸਾਹਿਬ ਜੋ ਦੋਵੇਂ ਲੱਤਾਂ ਤੋਂ 85 ਫ਼ੀਸਦੀ ਅਪਾਹਜ ਹੈ, ਨੇ ਦੱਸਿਆ ਕਿ ਉਹ ਸ਼ਾਮ 4 ਵਜੇ ਨੰਗਲ ਤੋਂ ਬਠਿੰਡਾ ਜਾ ਰਹੀ ਔਰਬਿਟ ਕੰਪਨੀ ਦੀ ਬੱਸ (ਪੀਬੀ-03ਏਜੇ-7536) ਵਿੱਚ ਪਟਿਆਲਾ ਜਾਣ ਵਾਸਤੇ ਰੂਪਨਗਰ ਤੋਂ ਚੜ੍ਹਿਆ। ਉਸ ਨੇ ਟਿਕਟ ਲਈ ਕੰਡਕਟਰ ਨੂੰ 100 ਰੁਪਏ ਦਿੱਤੇ ਅਤੇ ਡਿਪਟੀ ਕਮਿਸ਼ਨਰ ਵੱਲੋਂ ਅਪਾਹਜਤਾ ਸਬੰਧੀ ਜਾਰੀ ਅੱਧਾ ਕਿਰਾਇਆ ਸਰਟੀਫਿਕੇਟ ਦੇ ਆਧਾਰ ‘ਤੇ ਪਟਿਆਲਾ ਲਈ ਅੱਧੀ ਟਿਕਟ ਮੰਗੀ। ਕੰਡਕਟਰ ਬਦਸਲੂਕੀ ਕਰਦਾ ਹੋਇਆ ਪੂਰੀ ਟਿਕਟ ਕੱਟਣ ‘ਤੇ ਅੜਿਆ ਰਿਹਾ। ਪੱਤਰਕਾਰ ਨੇ ਕਿਹਾ ਕਿ ਜਦੋਂ ਉਸ ਨੇ ਕੰਡਕਟਰ ਨੂੰ ਤਮੀਜ਼ ਨਾਲ ਬੋਲਣ ਲਈ ਕਿਹਾ ਤਾਂ ਕੰਡਕਟਰ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਬੋਲਦਾ ਹੈ ਅਤੇ ਜੇ ਉਹ ਬਹੁਤਾ ਬੋਲੇਗਾ ਤਾਂ ਉਸ ਨੂੰ ਬੱਸ ਵਿੱਚੋਂ ਹੇਠਾਂ ਸੁੱਟ ਦੇਵੇਗਾ।
ਕੰਡਕਟਰ ਨੇ ਉਸ ਨੂੰ ਅਪਸ਼ਬਦ ਵੀ ਆਖੇ ਅਤੇ ਖਿੱਚ-ਧੂਹ ਵੀ ਕੀਤੀ। ਕੰਡਕਟਰ ਨੇ ਰੂਪਨਗਰ ਤੋਂ ਤਕਰੀਬਨ ਪੰਜ ਕਿਲੋਮੀਟਰ ਦੂਰ ਪਿੰਡ ਰੰਗੀਲਪੁਰ ਕੋਲ ਡਰਾਈਵਰ ਨੂੰ ਬੱਸ ਹੌਲੀ ਕਰਨ ਲਈ ਕਿਹਾ ਅਤੇ ਪੱਤਰਕਾਰ ਨੂੰ ਸੀਟ ਤੋਂ ਖਿੱਚ ਕੇ ਧੱਕਾ ਦੇ ਕੇ ਬੱਸ ਵਿਚੋਂ ਹੇਠਾਂ ਸੁੱਟ ਦਿੱਤਾ ਅਤੇ ਉਸ ਦਾ ਸਰਟੀਫਿਕੇਟ ਵੀ ਫਾੜ ਦਿੱਤਾ। ਪੱਤਰਕਾਰ ਨੇ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਔਰਬਿਟ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਵਾਰ-ਵਾਰ ਫੋਨ ਕਰ ਕੇ ਕਥਿਤ ਤੌਰ ‘ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਨਾ ਕਰੇ ઠਅਤੇ ਨਾ ਹੀ ਖ਼ਬਰ ਛਪਵਾਏ।ਜ਼ਿਕਰਯੋਗ ਹੈ ਕਿ ਤਲਵਿੰਦਰ ਸਿੰਘ ਬੁੱਟਰ ਜਿੱਥੇ ਵੱਖੋ-ਵੱਖ ਅਖਬਾਰਾਂ ਲਈ ਆਰਟੀਕਲ ਲਿਖਦੇ ਹਨ ਉਥੇ ਉਹ ਲੰਮੇ ਸਮੇਂ ਤੋਂ ‘ਪਰਵਾਸੀ’ ਗਰੁੱਪ ਦੇ ਪ੍ਰਮੁੱਖ ਅੰਗ ਹਨ।
ਕੰਡਕਟਰ ਨੂੰ ਨੌਕਰੀ ਤੋਂ ਕੀਤਾ ਫਾਰਗ
ਔਰਬਿਟ ਕੰਪਨੀ ਦੇ ਬਠਿੰਡਾ ਸਥਿਤ ਮੈਨੇਜਰ ਹਰਭਜਨ ਸਿੰਘ ਨੇ ਘਟਨਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਬੰਧਤ ਕੰਡਕਟਰ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …