ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 40 ਟਨ ਮੈਡੀਕਲ ਸਪਲਾਈ ਲੈ ਕੇ ਏਅਰ ਕੈਨੇਡਾ ਦਾ ਇੱਕ ਜਹਾਜ਼ ਲੰਘੇ ਮੰਗਲਵਾਰ ਨੂੰ ਭਾਰਤ ਰਵਾਨਾ ਹੋ ਗਿਆ ਸੀ। ਇਸ ਮਾਲਵਾਹਕ ਜਹਾਜ਼ ਵਿੱਚ ਵੈਂਟੀਲੇਟਰਜ਼, ਪੀਪੀਈ, ਆਕਸੀਜ਼ਨ ਸਿਲੰਡਰ ਤੇ ਜੈਨਰੇਟਰਜ਼ ਸਨ ਤੇ ਇਹ ਜਹਾਜ਼ ਦਿੱਲੀ ਪਹੁੰਚ ਗਿਆ। ਭਾਰਤ ਵਿਚ ਕੋਵਿਡ-19 ਕਾਰਨ ਮੌਤਾਂ ਹੋਣ ਦੀ ਗਿਣਤੀ ਜ਼ਿਆਦਾ ਹੈ। ਇੱਕ ਬਿਆਨ ਵਿੱਚ ਏਅਰ ਕੈਨੇਡਾ ਦੇ ਕਾਰਗੋ ਦੇ ਵਾਈਸ ਪ੍ਰੈਜ਼ੀਡੈਂਟ ਜੇਸਨ ਬੈਰੀ ਨੇ ਦੱਸਿਆ ਕਿ ਭਾਰਤ ਦੇ ਹਾਲਾਤ ਤੋਂ ਸਾਰੇ ਚਿੰਤਤ ਹਨ ਤੇ ਇਸ ਸਮੇਂ ਦੁਨੀਆ ਭਰ ਵਿੱਚ ਜੋ ਕੁੱਝ ਵੀ ਹੋ ਰਿਹਾ ਹੈ ਉਸ ਤੋਂ ਕੋਈ ਵੱਖਰਾ ਹੋ ਕੇ ਨਹੀਂ ਰਹਿ ਸਕਦਾ।
ਭਾਵੇਂ ਇਨਫੈਕਸ਼ਨ ਦੀ ਦਰ ਘਟੀ ਹੈ ਪਰ ਭਾਰਤ ਵਿੱਚ ਇਸ ਸਮੇਂ ਕੋਵਿਡ-19 ਦੇ 25 ਮਿਲੀਅਨ ਤੋਂ ਵੀ ਵੱਧ ਮਾਮਲੇ ਹੋ ਚੁੱਕੇ ਹਨ। ਇਸ ਮਾਮਲੇ ਵਿੱਚ ਅਮਰੀਕਾ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਹੈ। ਟੋਰਾਂਟੋ ਬਿਜ਼ਨਸ ਡਿਵੈਲਪਮੈਂਟ ਸੈਂਟਰ ਅਤੇ ਉਨਟਾਰੀਓ ਸਰਕਾਰ ਵੱਲੋਂ ਡੋਨੇਸ਼ਨ ਦਿੱਤੀ ਗਈ ਹੈ ਤੇ ਇਨ੍ਹਾਂ ਵੱਲੋਂ ਬਰੈਂਪਟਨ ਵਿੱਚ ਤਿਆਰ 2000 ਵੈਂਟੀਲੇਟਰਜ਼ ਭਾਰਤ ਭੇਜੇ ਜਾ ਰਹੇ ਹਨ। ਇਹ ਸਰਕਾਰ ਦੀ 3000 ਵੈਂਟੀਲੇਟਰਜ਼ ਦੀ ਸ਼ੁਰੂਆਤੀ ਡੋਨੇਸ਼ਨ ਦਾ ਹਿੱਸਾ ਹਨ, ਜੋ ਕਿ ਇਸ ਹਫਤੇ ਭਾਰਤ ਪਹੁੰਚਣੇ ਸ਼ੁਰੂ ਹੋ ਜਾਣਗੇ। ਟੋਰਾਂਟੋ ਬਿਜ਼ਨਸ ਡਿਵੈਲਪਮੈਂਟ ਸੈਂਟਰ ਚੇਅਰਮੈਨ ਵਿਕਰਮ ਖੁਰਾਨਾ ਨੇ ਆਖਿਆ ਕਿ ਭਾਰਤ ਨਾਲ ਸਾਡੇ ਮਜ਼ਬੂਤ ਤੇ ਡੂੰਘੇ ਰਿਸ਼ਤੇ ਹਨ। ਅਸੀਂ ਇਸ ਔਖੀ ਘੜੀ ਵਿੱਚ ਉੱਥੋਂ ਦੇ ਲੋਕਾਂ ਤੇ ਫਰੰਟਲਾਈਨ ਵਰਕਰਜ਼ ਨਾਲ ਖੜ੍ਹੇ ਹਾਂ। ਭਾਰਤ ਦੁਨੀਆ ਦਾ ਸੱਭ ਤੋਂ ਵੱਡਾ ਵੈਕਸੀਨ ਨਿਰਮਾਤਾ ਹੈ ਤੇ ਹੁਣ ਤੱਕ ਦੁਨੀਆ ਭਰ ਵਿੱਚ ਭਾਰਤ 66 ਮਿਲੀਅਨ ਡੋਜ਼ਾਂ ਭੇਜ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਗਲੋਬਲ ਕਮਿਊਨਿਟੀ ਨੂੰ ਮਹਾਂਮਾਰੀ ਵਿੱਚ ਇੱਕ ਦੂਜੇ ਦੀ ਮਦਦ ਕਰਨ ਦਾ ਸੱਦਾ ਦਿੰਦੇ ਹਾਂ ਤੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਹਰ ਕੋਈ ਸੇਫ ਨਹੀਂ ਉਦੋਂ ਤੱਕ ਕੋਈ ਵੀ ਸੇਫ ਨਹੀਂ। ਏਅਰ ਕੈਨੇਡਾ ਦੀ ਇਸ ਫਲਾਈਟ ਵਿੱਚ ਸਸਕੈਚਵਨ ਸਰਕਾਰ ਵੱਲੋਂ ਡੋਨੇਟ ਕੀਤੇ ਗਏ 100 ਵੈਂਟੀਲੇਟਰਜ਼ ਵੀ ਹਨ। ਇਹ ਸਪਲਾਈ ਭਾਰਤ ਭਰ ਵਿੱਚ ਲੋੜ ਤੇ ਰੈੱਡ ਕਰਾਸ ਦੀ ਸਲਾਹ ਨਾਲ ਵੰਡੀ ਜਾਵੇਗੀ।
Check Also
ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ
45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …