ਜਾਂਚ ‘ਚ ਸਹੀ ਪਾਈਆਂ ਗਈਆਂ ਸ਼ਿਕਾਇਤਾਂ, ਮੰਤਰੀ ਨੇ ਸਾਰੇ ਜ਼ਿਲ੍ਹਿਆਂ ਨੂੰ ਜਾਂਚ ਰਿਪੋਰਟ ਭੇਜਣ ਦੇ ਦਿੱਤੇ ਨਿਰਦੇਸ਼
3500 ਕਰਮਚਾਰੀਆਂ ਦੇ ਖਿਲਾਫ ਮਿਲੀਆਂ ਸੀ ਸ਼ਿਕਾਇਤਾਂ
ਚੰਡੀਗੜ੍ਹ : ਪੰਜਾਬ ‘ਚ ਅਨੂਸੂਚਿਤ ਅਤੇ ਜਨਜਾਤੀ (ਐਸਸੀ ਐਸਟੀ) ਦੇ ਫਰਜ਼ੀ ਸਰਟੀਫਿਕੇਟਾਂ ਦੇ ਅਧਾਰ ‘ਤੇ ਸਰਕਾਰੀ ਨੌਕਰੀ ਕਰਨ ਵਾਲੇ ਵਿਅਕਤੀਆਂ ਦੀਆਂ 1300 ਸ਼ਿਕਾਇਤਾਂ ਨੂੰ ਜਾਂਚ ਵਿਚ ਸਹੀ ਪਾਇਆ ਗਿਆ ਹੈ। ਹੁਣ ਇਨ੍ਹਾਂ ‘ਤੇ ਗਾਜ਼ ਡਿੱਗਣੀ ਤੈਅ ਹੀ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਡਾ. ਬਲਜੀਤ ਕੌਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਮੁਲਜ਼ਮ ਅਤੇ ਅਫਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੇ ਵਿਅਕਤੀਆਂ ਨੂੰ ਸਿੱਧੇ ਤੌਰ ‘ਤੇ ਬਰਖਾਸਤ ਕੀਤਾ ਜਾਵੇਗਾ। ਪਿਛਲੇ ਦਿਨੀਂ ਦਲਿਤ ਸੰਗਠਨਾਂ ਵਲੋਂ ਹੀ 3500 ਮੁਲਾਜ਼ਮਾਂ ਦੇ ਨਾਵਾਂ ਦੀ ਲਿਸਟ ਸਰਕਾਰ ਨੂੰ ਸੌਂਪੀ ਗਈ ਸੀ, ਜਿਨ੍ਹਾਂ ‘ਤੇ ਫਰਜ਼ੀ ਐਸਸੀ/ਐਸਟੀ ਸਰਟੀਫਿਕੇਟਾਂ ਦੇ ਸਹਾਰੇ ਸਰਕਾਰੀ ਨੌਕਰੀ ਹਾਸਲ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ‘ਚ ਸਰਕਾਰੀ ਲਾਭ ਹਾਸਲ ਕਰਨ ਦੇ ਆਰੋਪ ਲਗਾਏ ਗਏ ਹਨ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧ ਵਿਚ ਮਿਲੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਜ਼ਿਲ੍ਹੇਵਾਰ ਜਾਂਚ ਦਾ ਜਿੰਮਾ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਸੀ। ਇਨ੍ਹਾਂ ਵਿਚੋਂ ਕਈ ਜ਼ਿਲ੍ਹਿਆਂ ‘ਚੋਂ ਸ਼ਿਕਾਇਤਾਂ ਦੀ ਜਾਂਚ ਰਿਪੋਰਟ ਪਹੁੰਚ ਚੁੱਕੀ ਹੈ। ਹੁਣ ਡਾ. ਬਲਜੀਤ ਕੌਰ ਨੇ ਬਾਕੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਵੀ ਜਲਦ ਤੋਂ ਜਲਦ ਜਾਂਚ ਪੂਰੀ ਕਰਕੇ ਰਿਪੋਰਟ ਭੇਜਣ ਨੂੰ ਕਿਹਾ ਹੈ। ਇਸ ਤੋਂ ਬਾਅਦ ਸਾਰੇ ਆਰੋਪੀਆਂ ਦੇ ਖਿਲਾਫ ਸਿੱਧੇ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।
1500 ਸ਼ਿਕਾਇਤਾਂ ਅਜੇ ਵੀ ਹਨ ਵਿਚਾਰ ਅਧੀਨ
ਦਲਿਤ ਸੰਗਠਨਾਂ ਦਾ ਦਾਅਵਾ ਹੈ ਕਿ 1500 ਤੋਂ ਜ਼ਿਆਦਾ ਸ਼ਿਕਾਇਤਾਂ ਹੁਣ ਤੱਕ ਵਿਭਾਗ ਕੋਲ ਵਿਚਾਰ ਅਧੀਨ ਹਨ। ਡਾ. ਬਲਜੀਤ ਕੌਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਸ਼ਿਕਾਇਤਾਂ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਵਿਜੀਲੈਂਸ ਸੈਲ ਕੋਲ ਰਿਪੋਰਟ ਪਹੁੰਚ ਚੁੱਕੀ ਹੈ, ਉਨ੍ਹਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਸ਼ੁਰੂ ਕੀਤਾ ਜਾਏ। ਇਸਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਸ਼ਿਕਾਇਤਾਂ ਦੀ ਜਾਂਚ ਜ਼ਿਲ੍ਹਾ ਪੱਧਰ ‘ਤੇ ਵਿਚਾਰ ਅਧੀਨ ਹਨ, ਉਸਦੀ ਜਾਂਚ ਰਿਪੋਰਟ ਤੁਰੰਤ ਭੇਜੀ ਜਾਏ।