Breaking News
Home / ਹਫ਼ਤਾਵਾਰੀ ਫੇਰੀ / ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ

ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ

ਮਾਂ ਖੁਦ ਐਵਾਰਡ ਹਾਸਲ ਕਰਦੀ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ : ਗਲੋਰੀ ਬਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਰੀ ਜ਼ਿੰਦਗੀ ਪੰਜਾਬ ਦੀ ਲੋਕ ਵਿਰਾਸਤ ਨੂੰ ਸੰਭਾਲਣ ਵਾਲੀ ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗੁਰਮੀਤ ਬਾਵਾ ਦੇ ਪਰਿਵਾਰ ਨੂੰ ਪਦਮ ਭੂਸ਼ਣ ਐਵਾਰਡ ਸੌਂਪਿਆ। ਇਸੇ ਦੌਰਾਨ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਮਾਂ ਨੂੰ ਦਿੱਤੇ ਸਨਮਾਨ ਤੋਂ ਉਹ ਖੁਸ਼ ਹਨ, ਪਰ ਜੇਕਰ ਉਨ੍ਹਾਂ ਦੀ ਮਾਂ ਖੁਦ ਇਹ ਸਨਮਾਨ ਪ੍ਰਾਪਤ ਕਰਦੇ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ। ਲੰਬੀ ਹੇਕ (ਸੁਰ) ਦੀ ਮਲਿਕਾ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੇ 77 ਸਾਲ ਪੰਜਾਬ ਦੀ ਵਿਰਾਸਤ ਦੇ ਨਾਮ ਕਰਦੇ ਹੋਏ 21 ਨਵੰਬਰ 2021 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਵਿਆਹ ਤੋਂ ਬਾਅਦ ਪਤੀ ਨੇ ਪੜ੍ਹਾਈ ਪੂਰੀ ਕਰਵਾਈ : ਗੁਰਮੀਤ ਬਾਵਾ ਆਪਣੀ ਬੇਟੀ ਲਾਚੀ ਬਾਵਾ ਦੇ ਦਿਹਾਂਤ ਤੋਂ ਬਾਅਦ ਬਿਮਾਰ ਰਹਿੰਦੀ ਸੀ। ਪਰ ਪੰਜਾਬੀ ਸਭਿਅਤਾ ਅਤੇ ਪੰਜਾਬੀ ਲੋਕ ਗਾਇਕੀ ਨੂੰ ਜੀਵਤ ਰੱਖਣ ਵਾਲੀ ਗੁਰਮੀਤ ਬਾਵਾ ਨੇ ਕਈ ਪੰਜਾਬੀ ਗੀਤਾਂ ਵਿਚ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਦਾ ਜਨਮ 1944 ਵਿਚ ਪਿੰਡ ਕੋਠੇ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ ਸੀ। ਪਰ, ਗੁਰਮੀਤ ਬਾਵਾ ਨੇ ਵਿਆਹ ਤੋਂ ਬਾਅਦ ਪੜ੍ਹਾਈ ਪੂਰੀ ਕੀਤੀ। ਗੁਰਮੀਤ ਬਾਵਾ ਦਾ ਵਿਆਹ ਕਿਰਪਾਲ ਬਾਵਾ ਨਾਲ ਹੋਇਆ ਸੀ। ਕਿਰਪਾਲ ਨੇ ਹੀ ਗੁਰਮੀਤ ਬਾਵਾ ਨੂੰ ਜੇਬੀਟੀ ਕਰਵਾਈ ਅਤੇ ਫਿਰ ਉਨ੍ਹਾਂ ਦੇ ਏਰੀਏ ਵਿਚ ਉਹ ਹੀ ਪਹਿਲੀ ਮਹਿਲਾ ਸੀ, ਜੋ ਟੀਚਰ ਬਣੀ। ਗੁਰਮੀਤ ਬੇਹੱਦ ਸੁਰੀਲੀ ਆਵਾਜ਼ ਦੀ ਮਲਿਕਾ ਸੀ। ਵਿਆਹ ਤੋਂ ਬਾਅਦ ਪਤੀ ਕਿਰਪਾਲ ਬਾਵਾ ਨੇ ਉਸਦੇ ਹੁਨਰ ਨੂੰ ਹੋਰ ਨਿਖਾਰਿਆ ਅਤੇ ਉਸਦਾ ਸਾਥ ਦਿੱਤਾ ਅਤੇ ਉਹ ਮੁੰਬਈ ਤੱਕ ਪਹੁੰਚ ਗਈ। ਪੁਰਾਣੇ ਸਮੇਂ ਵਿਚ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੀਆਂ ਫਿਲਮਾਂ ਵਿਚ ਗਾਣਿਆਂ ਵਿਚ ਜਿੰਨੀਆਂ ਵੀ ਬੋਲੀਆਂ ਹੁੰਦੀਆਂ ਸਨ, ਉਨ੍ਹਾਂ ਵਿਚ ਜ਼ਿਆਦਾਤਰ ਗੁਰਮੀਤ ਬਾਵਾ ਦੀ ਹੀ ਆਵਾਜ਼ ਹੁੰਦੀ ਸੀ।
45 ਸੈਕਿੰਡ ਹੇਕ ਦਾ ਰਿਕਾਰਡਅੱਜ ਵੀ ਕਾਇਮ
ਪ੍ਰਸਿੱਧ ਪੰਜਾਬੀ ਗਾਇਕਾ ਗੁਰਮੀਤ ਬਾਵਾ ਨੂੰ ਸੁਰਾਂ ਦੀ ਮਲਿਕਾ ਦੇ ਨਾਲ-ਨਾਲ ਲੰਬੀ ਹੇਕ ਦੀ ਮਲਿਕਾ ਕਿਹਾ ਜਾਂਦਾ ਹੈ। ਅੱਜ ਤੱਕ ਉਨ੍ਹਾਂ ਦਾ ਰਿਕਾਰਡ ਕੋਈ ਤੋੜ ਹੀ ਨਹੀਂ ਸਕਿਆ। ਉਹ 45 ਸੈਕਿੰਡ ਤੱਕ ਹੇਕ ਲਗਾ ਲੈਂਦੀ ਸੀ ਅਤੇ ਏਨੀ ਦੇਰ ਤੱਕ ਰੁਕ ਪਾਉਣਾ ਅੱਜ ਕੱਲ੍ਹ ਦੇ ਨੌਜਵਾਨਾਂ ਵਿਚ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਗੁਰਮੀਤ ਬਾਵਾ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਵਿਚੋਂ ਇਕ ਲਾਚੀ ਬਾਵਾ ਦਾ 2019 ਵਿਚ ਦਿਹਾਂਤ ਹੋ ਗਿਆ ਸੀ। ਉਸ ਤੋਂ ਇਲਾਵਾ ਗਲੋਰੀ ਤੇ ਪੋਪੀ ਬਾਵਾ ਵੀ ਦੋ ਧੀਆਂ ਹਨ।

 

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …