ਡਾ. ਗੁਰਵਿੰਦਰ ਸਿੰਘ
28 ਸਤੰਬਰ ਦਾ ਦਿਨ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਦਿਨ 1914 ਈ. ਨੂੰ ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਨੂੰ ਕਲਕੱਤਾ ਦੇ ਬਜਬਜ ਘਾਟ ‘ਤੇ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਮੁਸਾਫਰ ਅੰਗਰੇਜ਼ ਬਸਤੀਵਾਦ ਦੇ ਖਿਲਾਫ ਲੜੇ। ਸੰਯੋਗਵੱਸ 28 ਸਤੰਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਵੀ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਕੋਨੇ- ਕੋਨੇ ‘ਚ ਸਮਾਗਮ ਹੋਏ। ਅਹਿਮ ਪਹਿਲੂ ਇਹ ਹੈ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਜ਼ਿਆਦਾਤਰ ਦੇਸ਼ ਭਗਤ, ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਨੂੰ ਆਪਣੇ ਪ੍ਰੇਰਨਾ-ਸਰੋਤ ਮੰਨਦੇ ਸਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਤਾਂ ਸਰਕਾਰੀ ਤੌਰ ‘ਤੇ ਵੱਡੀ ਪੱਧਰ ‘ਤੇ ਮਨਾਇਆ ਗਿਆ, ਪਰ ਕੋਮਾਗਾਟਾ ਮਾਰੂ ਦੇ ਇਨ੍ਹਾਂ ਯੋਧਿਆਂ ਨੂੰ ਯਾਦ ਤੱਕ ਨਹੀਂ ਕੀਤਾ ਗਿਆ। ਇਹ ਫੈਸ਼ਨ ਪ੍ਰਸਤੀ ਹੈ ਜਾਂ ਕੋਈ ਸਾਜਿਸ਼ ਦਾ ਹਿੱਸਾ ਹੈ? ਇਹ ਵੱਡਾ ਸਵਾਲ ਹੈ। ਕਈ ਵਾਰ ਤਾਂ ਇਉਂ ਜਾਪਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਹਕੂਮਤ ਆਪਣੀ ਨਾ-ਅਹਿਲੀਅਤ ਅਤੇ ਘਾਟਾਂ ਨੂੰ ਛੁਪਾਉਣਾ ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਚਾਹੁੰਦੀ ਹੈ। ਗੁਰੂ ਨਾਨਕ ਜਹਾਜ਼ ਕੋਮਾਗਾਟਾ ਮਾਰੂ ਦੇ ਮੁਸਾਫ਼ਰਾਂ ਦੀ ਗੱਲ ਕਰਕੇ ਸਰਕਾਰ ਦਾ ਸਿਆਸੀ ਮੁਫਾਦ ਪੂਰਾ ਨਹੀਂ ਹੁੰਦਾ, ਜਿਸ ਕਰਕੇ ਉਨ੍ਹਾਂ ਨੂੰ ਵਿਸਾਰਿਆ ਗਿਆ ਹੈ, ਜੋ ਕਿ ਇਤਿਹਾਸਕ ਭੁੱਲ ਹੈ। ਇਸ ਗ਼ਲਤ ਦਾ ਦੁੱਖ ਜ਼ਰੂਰ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਦੇ ਨਾਲ-ਨਾਲ ਬਹੁਤਾਤ ਮੀਡੀਏ ਨੇ, ਭਾਰਤੀਆਂ ਨੇ ਅਤੇ ਵਿਸ਼ੇਸ਼ ਕਰਕੇ ਪੰਜਾਬੀਆਂ ਨੇ ਵੀ ਕੋਮਾਗਾਟਾ ਮਾਰੂ ਦੇ ਮੁਸਾਫ਼ਰਾਂ ਨੂੰ ਇਉਂ ਹੀ ਵਿਸਾਰ ਦਿੱਤਾ ਹੈ।
ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਨੇ ਨਸਲਵਾਦ ਹੰਢਾਇਆ, ਉਹ ਬਸਤੀਵਾਦ ਦੇ ਖਿਲਾਫ ਲੜੇ। ਉਹ ਦੇਸ਼ ਦੇ ਆਜ਼ਾਦੀ ਘੁਲਾਟੀਏ ਸਨ, ਜਿਹਨਾਂ ਨੂੰ ਵਿਸਾਰਨਾ ਅਕ੍ਰਿਤਘਣਤਾ ਦੀ ਸਿਖਰ ਹੈ। ਦਰਅਸਲ ਸੰਸਾਰ ਦੇ ਇਤਿਹਾਸ ਵਿੱਚ ਸਮੁੰਦਰੀ ਬੇੜੇ ਕੋਮਾਗਾਟਾਮਾਰੂ ਦੇ ਦੁਖਾਂਤ ਦੀ ਘਟਨਾ ਖ਼ਾਸ ਮਹੱਤਵ ਰੱਖਦੀ ਹੈ। ਜਦੋਂ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ ‘ਤੇ ਜਬਰੀ ਰੋਕੀ ਰੱਖਿਆ ਅਤੇ ਮੁਸਾਫਰਾਂ ਨੂੰ ਬਾਹਰ ਨਾ ਨਿਕਲਣ ਦਿੱਤਾ। ਦਰਅਸਲ 108 ਵਰ੍ਹੇ ਪਹਿਲਾਂ ਦੇ ਕੈਨੇਡਾ ਦੀ ਨਸਲੀ ਸਰਕਾਰ ਨੇ 376 ਮੁਸਾਫ਼ਿਰਾਂ ਵਾਲੇ ਸਮੁੰਦਰੀ ਬੇੜੇ ‘ਗੁਰੂ ਨਾਨਕ ਜਹਾਜ਼’ ਨੂੰ ਜਬਰੀ ਵਾਪਸ ਮੋੜ ਦਿੱਤਾ ਸੀ।
ਇਹ ਸਮੁੰਦਰੀ ਬੇੜਾ ਜਾਪਾਨ ਤੋਂ ਖ਼ਰੀਦਣ ਵਾਲੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਇਸ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਰੱਖਿਆ ਸੀ, ਜਿਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਉਨ੍ਹਾਂ ਆਤਮ-ਕਥਾ (ਜ਼ੁਲਮੀ ਕਥਾ) ”ਸ੍ਰੀ ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ” ਵਿੱਚ ਬਿਆਨ ਕੀਤੀ ਹੈ। ਚਾਹੇ ਬਹੁਤ ਸਾਰੇ ਇਤਿਹਾਸਕਾਰਾਂ ਵੱਲੋਂ ਅੱਜ ਵੀ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਇਸ ਨੂੰ ਜਾਪਾਨੀ ਨਾਂਅ ਕੋਮਾਗਾਟਾਮਾਰੂ ਨਾਲ ਹੀ ਜਾਣਿਆ ਜਾਂਦਾ ਹੈ, ਪਰ ਜਹਾਜ਼ ਖ਼ਰੀਦਣ ਮਗਰੋਂ ਇਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ। ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ਅਣਥੱਕ ਯਤਨਾਂ ਨਾਲ ਇਥੇ ਲਿਆਂਦੇ ਸਮੁੰਦਰੀ ਜਹਾਜ਼ ਦੇ ਮੁਸਾਫ਼ਿਰਾਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ ‘ਤੇ ਬੰਦੀ ਬਣਾਈ ਰੱਖਿਆ। ਜ਼ੁਲਮ-ਸਿਤਮ ਦੀ ਇਹ ਹੱਦ ਸੀ ਕਿ ਮੁਸਾਫ਼ਿਰਾਂ ਨਾਲ ਅਣਮਨੁੱਖੀ ਵਰਤਾਉ ਕੀਤਾ ਗਿਆ ਤੇ ਇਕ ਹੋਰ ਜਹਾਜ਼ ਰਾਹੀਂ ਹਮਲਾ ਕਰਕੇ, ਕੋਮਾਗਾਟਾਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜ਼ਿਸ਼ ਰਚੀ ਗਈ।
ਨਸਲੀ ਵਰਤਾਓ ਤੇ ਧੱਕੇਸ਼ਾਹੀ ਕਰਦਿਆਂ ਜਹਾਜ਼ ਨੂੰ ਭਾਰਤ ਵਾਪਸ ਮੋੜ ਦਿੱਤਾ ਗਿਆ, ਜਿਥੇ 28 ਸਤੰਬਰ 1914 ਨੂੰ ਕਲਕੱਤੇ ਦੇ ਬਜਬਜ ਘਾਟ ‘ਤੇ ਬ੍ਰਿਟਿਸ਼ ਸਰਕਾਰ ਵੱਲੋਂ ਮੁਸਾਫ਼ਿਰਾਂ ‘ਤੇ ਗੋਲੀਆਂ ਵਰ੍ਹਾਈਆਂ ਗਈਆਂ। ਨਤੀਜੇ ਵਜੋਂ 19 ਵਿਅਕਤੀ ਸ਼ਹੀਦ ਹੋ ਗਏ ਤੇ ਅਨੇਕਾਂ ਨੂੰ ਸਖ਼ਤ ਸਜ਼ਾਵਾਂ ਹੋਈਆਂ। ਕੈਨੇਡਾ ਦੀ ਧਰਤੀ ‘ਤੇ ਕੋਮਾਗਾਟਾਮਾਰੂ ਦੁਖਾਂਤ ਲਈ ਮੁਆਫ਼ੀ ਦੀ ਮੰਗ ਨਿਰੰਤਰ ਉੱਠਦੀ ਰਹੀ। ਗ਼ਦਰੀ ਬਾਬਿਆਂ ਦੀ ਸੋਚ ਵਿਰੋਧੀ ਨਕਲੀ ਵਾਰਿਸਾਂ ਨੇ ਚਾਹੇ ਮੁਆਵਜ਼ੇ ਤੱਕ ਸਵੀਕਾਰ ਕਰ ਲਏ, ਪਰ ਅਸਲੀ ਵਾਰਸਾਂ ਵੱਲੋਂ ਮੁਆਵਜ਼ੇ ਦੀ ਪੇਸ਼ਕਸ਼ ਠੁਕਰਾ ਕੇ, ਮੁਆਫ਼ੀ ਲਈ ਹੀ ਆਵਾਜ਼ ਉਠਾਈ ਗਈ। ਗ਼ਦਰੀ ਬਾਬਿਆਂ ਦੇ ਮੇਲੇ ‘ਚ ਆ ਕੇ ਚਾਹੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫ਼ੀ ਮੰਗੀ, ਪਰ ਕੈਨੇਡਾ ਦੀ ਪਾਰਲੀਮੈਂਟ ‘ਚ ਅਜਿਹਾ ਸੰਭਵ ਨਾ ਹੋਇਆ,ਹਾਲਾਂ ਕਿ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਵਿਧਾਨ ਸਭਾ ‘ਚ ਪਹਿਲਾਂ ਹੀ ਅਜਿਹਾ ਕੀਤਾ ਗਿਆ।
ਆਖ਼ਰਕਾਰ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਦੇ ਜਸ਼ਨਾਂ ਮੌਕੇ ਮੁਆਫ਼ੀ ਮੰਗਣ ਲਈ 18 ਮਈ, 2016 ਦੇ ਦਿਨ ਦਾ ਐਲਾਨ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ, ਜਿਸ ਦਾ ਸਭ ਪਾਸਿਓਂ ਸਵਾਗਤ ਹੋਇਆ। ਕੈਨੇਡਾ ਦੀ ਪਾਰਲੀਮੈਂਟ ‘ਚ ਇਤਿਹਾਸਕ ਗ਼ਲਤੀਆਂ ‘ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ ‘ਚ ਖ਼ਾਸ ਮਹੱਤਵ ਰੱਖਦਾ ਹੈ। ਚਾਹੇ ਗੁਰੂ ਨਾਨਕ ਜਹਾਜ਼ (ਕੋਮਾਗਾਟਾਮਾਰੂ) ਲਈ ਮੁਆਫ਼ੀ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਬਾਹਰੋਂ ਆ ਕੇ ਇਥੇ ਵਸੇ ਭਾਈਚਾਰਿਆਂ ਨੂੰ ਵੱਡਾ ਸਨਮਾਨ ਦਿੱਤਾ ਤੇ ਆਪਣੀ ਵਜ਼ਾਰਤ ‘ਚ ਚਾਰ ਮੰਤਰੀ ਸਿੱਖ ਭਾਈਚਾਰੇ ‘ਚੋਂ ਸ਼ਾਮਿਲ ਕੀਤੇ ਹਨ। ਇਨ੍ਹਾਂ ਨੂੰ ਦਿੱਤੇ ਗਏ ਮਹਿਕਮਿਆਂ ‘ਚ ਦੇਸ਼ ਦੀ ਰੱਖਿਆ, ਆਰਥਿਕਤਾ, ਸਨਅਤ ਤੇ ਵਪਾਰ ਆਦਿ ਨਾਲ ਸਬੰਧਤ ਅਹਿਮ ਮਹਿਕਮੇ ਸ਼ਾਮਿਲ ਹਨ। ਫੇਰ ਸੰਸਦ ‘ਚ ਮੁਆਫ਼ੀ ਮੰਗ ਕੇ ਉਨ੍ਹਾਂ ਕੈਨੇਡਾ ਦਾ ਅਕਸ ਕੌਮਾਂਤਰੀ ਪੱਧਰ ‘ਤੇ ਹੋਰ ਵੀ ਮਜ਼ਬੂਤ ਕੀਤਾ। ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਏਲੀਅਟ ਪੀਅਰੇ ਟਰੂਡੋ ਵੱਲੋਂ ‘ਚਾਰਟਰ ਆਫ ਰਾਈਟਸ’ ਦੇ ਉਪਰਾਲੇ ਰਾਹੀਂ ਕੈਨੇਡਾ ਨੂੰ ‘ਮਨੁੱਖੀ ਅਧਿਕਾਰਾਂ ਦਾ ਚੈਂਪੀਅਨ’ ਬਣਾਇਆ ਗਿਆ ਸੀ, ਜਦਕਿ ਜਸਟਿਨ ਟਰੂਡੋ ਨੇ ਇਕ ਕਦਮ ਹੋਰ ਅੱਗੇ ਵਧਦਿਆਂ 108 ਸਾਲ ਪਹਿਲਾਂ ਮਿਲੇ ਜ਼ਖ਼ਮਾਂ ‘ਤੇ ਵੀ ਮਲ੍ਹਮ ਲਾ ਕੇ ਮਾਨਵਵਾਦੀ ਦ੍ਰਿਸ਼ਟੀਕੋਣ ਦੀ ਮਿਸਾਲ ਕਾਇਮ ਕੀਤੀ। ਸੰਸਾਰ ਭਰ ‘ਚ ਆਮ ਕਰਕੇ ਅਤੇ ਭਾਰਤ ‘ਚ ਖ਼ਾਸ ਕਰਕੇ ਕੈਨੇਡਾ ਦੀ ਪਾਰਲੀਮੈਂਟ ‘ਚ ਮੁਆਫ਼ੀ ਮੰਗੇ ਜਾਣ ਦੀ ਚਰਚਾ ਕੀਤੀ ਗਈ ਅਤੇ ਇਸ ਸਬੰਧੀ ਵੱਖ -ਵੱਖ ਸਰਕਾਰਾਂ ਨੇ ਬਿਆਨ ਵੀ ਦਰਜ ਕੀਤੇ । ਜਿਥੇ ਇਹ ਚੰਗੀ ਗੱਲ ਸੀ, ਉਥੇ ਇਸ ਤੋਂ ਸਬਕ ਸਿੱਖਣ ਦੀ ਵੀ ਲੋੜ ਹੈ। ਜੇਕਰ ਕੈਨੇਡਾ ‘ਚੋਂ ਕੋਮਾਗਾਟਾਮਾਰੂ ਜਹਾਜ਼ ਵਾਪਸ ਮੋੜਿਆ ਗਿਆ, ਤਾਂ ਕੈਨੇਡਾ ਨੇ ਉਸ ਗ਼ਲਤੀ ਦਾ ਸੰਸਦ ‘ਚ ਪਛਤਾਵਾ ਕੀਤਾ ਹੈ।
ਕੈਨੇਡਾ ਤੋਂ ਭਾਰਤ ਪੁੱਜਣ ‘ਤੇ ਇਸ ਜਹਾਜ਼ ਦੇ 19 ਮੁਸਾਫ਼ਿਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ, ਇਹ ਉਸ ਤੋਂ ਵੀ ਵੱਡਾ ਦੁਖਾਂਤ ਸੀ। ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ ‘ਚ ਵੀ ਕਾਮਾਗਾਟਾਮਾਰੂ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫ਼ਿਰਾਂ ਦੀ ਕੁਰਬਾਨੀ ਨੂੰ ਵੀ ਚੇਤੇ ਕੀਤਾ ਜਾਣਾ ਚਾਹੀਦਾ ਸੀ। ਪਰ ਦੁੱਖ ਅਤੇ ਸ਼ਰਮ ਦੀ ਗੱਲ ਇਹ ਹੈ ਕਿ ਅੱਜ ਜਿਸ ਦਿਨ ਇਹ ਸ਼ਹੀਦੀਆਂ ਹੋਈਆਂ ਸਨ, ਭਾਰਤ ਦੀ ਨਾ ਕੇਂਦਰੀ ਸਰਕਾਰ ਤੇ ਨਾ ਹੀ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਨੂੰ ਯਾਦ ਤੱਕ ਕੀਤਾ। ‘ਸ਼ੇਰਾਂ ਦੀਆਂ ਮਾਰਾਂ ਅਤੇ ਗਿੱਦੜਾਂ ਦੀਆਂ ਕਲੋਲਾਂ’ ਦੇ ਕਥਨ ਵਾਂਗ ਜਿਨ੍ਹਾਂ ਯੋਧਿਆਂ ਦੀਆਂ ਸ਼ਹੀਦੀਆਂ ਕਰਕੇ ਇਹ ਕੁਰਸੀਆਂ ਮਿਲੀਆਂ, ਉਨ੍ਹਾਂ ਦੇ ਦਿਨ ਵਿਸਾਰ ਕੇ ‘ਆਪਣੇ ਸਿਆਸੀ ਆਕਾਵਾਂ’ ਦੇ ਸੋਹਲੇ ਗਾਏ ਜਾ ਰਹੇ ਹਨ। ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ। ਕੇਂਦਰ ਵਿਚ ਭਾਜਪਾ ਸਰਕਾਰ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ, ਵਿਰੋਧੀ ਧਿਰਾਂ ਵਿੱਚ ਕਾਂਗਰਸ ਤੇ ਇੱਥੋਂ ਤੱਕ ਕਿ ਅਕਾਲੀ ਦਲ ਦੇ ਵੱਲੋਂ ਵੀ, ਅੱਜ ਦੇ ਦਿਨ ਇਨ੍ਹਾਂ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਦੀ ਲੋੜ ਨਹੀਂ ਸਮਝੀ ਗਈ।
ਭਾਰਤ ਦੀ ਪਾਰਲੀਮੈਂਟ ਜਾਂ ਪੰਜਾਬ ਅਸੈਂਬਲੀ ਵਿਚ ਸ਼ੋਕਮਈ ਮਤੇ ਪਾਸ ਕੀਤੇ ਜਾਣਾ ਤਾਂ ਦੂਰ ਦੀ ਗੱਲ ਹੈ। ਇਉਂ ਇਹ ਸਾਰੇ ਸਿਆਸਤਦਾਨ ਇਤਿਹਾਸ ਦੇ ਦੋਸ਼ੀ ਹਨ। ਗੁਰੂ ਨਾਨਕ ਜਹਾਜ਼ ਕੋਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਗੁਨਾਹਗਾਰ ਹਨ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ ‘ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਕੋਮਾਗਾਟਾਮਾਰੂ ਦੇ ਲਗਪਗ ਸਾਰੇ ਮੁਸਾਫ਼ਿਰ ਅਣਵੰਡੇ ਪੰਜਾਬ ਨਾਲ ਸਬੰਧਤ ਸਨ। ਕੈਨੇਡਾ ਦੀ ਪਹਿਲਕਦਮੀ ਇਹ ਵੀ ਸੁਨੇਹਾ ਦਿੰਦੀ ਹੈ ਕਿ ਜੇਕਰ ਸਰਕਾਰਾਂ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਲੈ ਕੇ, ਮੁੜ ਗ਼ਲਤੀਆਂ ਨਾ ਦੁਹਰਾਉਣ ਦਾ ਤਹੱਈਆ ਕਰਨ, ਤਾਂ ਇਹ ਸਹੀ ਅਰਥਾਂ ‘ਚ ਨਵੀਆਂ ਲੀਹਾਂ ਪਾਉਣ ਦੇ ਬਰਾਬਰ ਹੁੰਦਾ ਹੈ। ਜੇਕਰ ਘੱਲੂਘਾਰਿਆਂ, ਨਸਲਕੁਸ਼ੀਆਂ ਅਤੇ ਦੇਸ਼ ਪੱਧਰੀ ਦੁਖਾਂਤਾਂ ਲਈ ਇਤਿਹਾਸਕ ਗ਼ਲਤੀਆਂ ਦਾ ਪਛਤਾਵਾ ਹੋਵੇ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਅਤੇ ਘੱਟ-ਗਿਣਤੀਆਂ ਸੁਰੱਖਿਅਤ ਹੋਣ, ਤਦ ਹੀ ਕੋਮਾਗਾਟਾਮਾਰੂ ਦੀ ਕੈਨੇਡਾ ‘ਚ ਮੰਗੀ ਮੁਆਫ਼ੀ ਦਾ ਸਾਡੇ ਲੀਡਰਾਂ ਵੱਲੋਂ ਸਵਾਗਤ ਅਰਥ ਰੱਖਦਾ ਹੈ, ਨਹੀਂ ਤਾਂ ਇਹ ਮਹਿਜ਼ ਸਿਆਸੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਨੀਆ ਦੇ ਆਗੂਆਂ ਨੂੰ ਇਹ ਸੁਨੇਹਾ ਦਿੱਤਾ ਕਿ ਕੋਈ ਮੁਲਕ ਬੀਤੇ ‘ਚ ਹੋਏ ਗੁਨਾਹਾਂ ਦੀ ਮੁਆਫ਼ੀ ਮੰਗਣ ਨਾਲ ਛੋਟਾ ਨਹੀਂ ਹੁੰਦਾ, ਬਲਕਿ ਉਸ ਦਾ ਸਨਮਾਨ ਹੋਰ ਵੀ ਉੱਚਾ ਹੁੰਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਦੇ ਮੇਅਰ ਡੱਗ ਮੈਕੱਲਮ ਨੇ ਵੀ ਕੋਮਾਗਾਟਾ ਮਾਰੂ ਯਾਦਗਾਰੀ ਦਿਵਸ ਮਨਾਉਣ ਦਾ ਉਪਰਾਲਾ ਵੀ ਕੀਤਾ।
ਸ਼ਹੀਦਾਂ ਨੂੰ ਯਾਦ ਕਰਨ ਅਤੇ ਇਤਿਹਾਸਕ ਗੁਨਾਹਾਂ ਦੀਆਂ ਮੁਆਫ਼ੀਆਂ ਮੰਗਣ ਦੇ ਵਿਚਾਰ ਅਤੇ ਉਪਰਾਲੇ ਸ਼ਲਾਘਾਯੋਗ ਹਨ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਤੇ ਵੀ ਮੂਲ ਵਾਸੀ ਲੋਕਾਂ ਜਾਂ ਪ੍ਰਵਾਸੀਆਂ ਨਾਲ ਰੰਗ ਨਸਲ ਜਾਤ ਧਰਮ ਅਤੇ ਬੋਲੀ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਗੁਰੂ ਨਾਨਕ ਜਹਾਜ਼ ਬਨਾਮ ਕੋਮਾਗਾਟਾ ਮਾਰੂ ਦੇ 376 ਮੁਸਾਫਰਾਂ ਵਿੱਚ 337 ਸਿੱਖਾਂ ਤੋਂ ਇਲਾਵਾ ਸਿੱਖਾਂ 12 ਹਿੰਦੂ ਅਤੇ 27 ਮੁਸਲਮਾਨ ਵੀ ਸਵਾਰ ਸਨ, ਪਰ ਸਭ ਨੇ ਆਪੋ -ਆਪਣੇ ਅਕੀਦੇ ਅਤੇ ਧਰਮਾਂ ਨੂੰ ਨਿੱਜੀ ਪੱਧਰ ‘ਤੇ ਰੱਖਿਆ ਅਤੇ ਕੈਨੇਡਾ ਦੇ ਨਸਲਵਾਦ ਅਤੇ ਭਾਰਤ ਦੇ ਬਸਤੀਵਾਦ ਖਿਲਾਫ ਲੜੇ।
ਗੁਰੂ ਨਾਨਕ ਜਹਾਜ਼ (ਕੋਮਾਗਾਟਾ ਮਾਰੂ) ਦੇ ਮੁਸਾਫ਼ਰਾਂ ਦਾ ਸਾਂਝਾ ਸੰਘਰਸ਼ ਇਸ ਗੱਲ ਦਾ ਵੀ ਸੂਚਕ ਹੈ ਕਿ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਤਾਂ ਸਾਰਿਆਂ ਨੇ ਮਿਲ ਕੇ ਕੁਰਬਾਨੀਆਂ ਕੀਤੀਆਂ, ਪਰ ਹੁਣ ਜਿਸ ਤਰੀਕੇ ਨਾਲ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਸ ਤੋਂ ਵੱਡੀ ਦੁਖਦਾਈ ਗੱਲ ਹੋਰ ਕੁੱਝ ਨਹੀਂ ਹੋ ਸਕਦੀ। ਇਹ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ, ਕੋਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਅਤੇ ਸਮੂਹ ਗਦਰੀ ਬਾਬਿਆਂ ਨਾਲ ਧਰੋਹ ਵੀ ਹੈ ਅਤੇ ਉਨ੍ਹਾਂ ਦੀ ਸੋਚ ਦਾ ਅਪਮਾਨ ਵੀ। ਨਵ-ਬਸਤੀਵਾਦ ਦੀ ਸਥਾਪਨਾ ਦੀ ਫਾਸ਼ੀਵਾਦੀ ਸੋਚ ਖਿਲਾਫ਼ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ, ਤਦ ਹੀ ਕੋਮਾਗਾਟਾਮਾਰੂ ਦੇ ਮੁਸਾਫਰਾਂ ਨਾਲ ਹੋਏ ਅਨਿਆਂ ਸਬੰਧੀ ਆਵਾਜ਼ ਉਠਾਉਣਾ ਕੋਈ ਅਰਥ ਰੱਖਦਾ ਹੈ, ਨਹੀਂ ਤਾਂ ਆਪਣੇ- ਆਪ ਵਿੱਚ ਇਹ ਦੋਗਲੀ ਨੀਤੀ ਤੋਂ ਵੱਧ ਕੁਝ ਨਹੀਂ ਹੈ। ਬੀਤੇ ਸਮੇਂ ਦਾ ਕੈਨੇਡਾ ਅੱਜ ‘ਮਨੁੱਖੀ ਹੱਕਾਂ ਦਾ ਚੈਂਪੀਅਨ’ ਅਖਵਾਉਂਦਾ ਹੈ, ਪਰ ਬੀਤੇ ਸਮੇਂ ਦੀ ਬਸਤੀ ਭਾਰਤ ਅੱਜ ਜਿਸ ਦਿਸ਼ਾ ਵਲ ਵੱਧ ਰਿਹਾ ਹੈ, ਉਸ ਦੇ ਨਤੀਜੇ ਅਨੇਕਾਂ ਹੋਰ ਕੋਮਾਗਾਟਾਮਾਰੂ ਦੁਖਾਂਤ ਨੂੰ ਜਨਮ ਦੇ ਸਕਦੇ ਹਨ। ਨਵ ਬਸਤੀਵਾਦ ਦੀ ਧਾਰਨੀ ਫਾਸ਼ੀਵਾਦੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਪ੍ਰੋਫ਼ੈਸਰਾਂ, ਐਕਟੀਵਿਸਟਾਂ, ਵਕੀਲਾਂ, ਪੱਤਰਕਾਰਾਂ ਨੂੰ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ, ਜੋ ਕਿਸੇ ਹੋਰ ਕੋਮਾਗਾਟਾਮਾਰੂ ਦੇ ਦੁਖਾਂਤ ਤੋਂ ਘੱਟ ਨਹੀਂ। ਸੱਤਾ ‘ਤੇ ਕਾਬਜ਼ ਇਹ ਜ਼ਾਲਮ ਲੋਕ ਸਵਰਕਰ ਦੇ ਪੈਰੋਕਾਰ ਤਾਂ ਹਨ, ਪਰ ਗ਼ਦਰੀ ਬਾਬਿਆਂ ਅਤੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਪੈਰੋਕਾਰ ਨਹੀਂ ਹੋ ਸਕਦੇ। ਸਮੁੱਚੇ ਰੂਪ ਵਿਚ ਗੁਰੂ ਨਾਨਕ ਜਹਾਜ਼ ਦੇ ਜਿਨ੍ਹਾਂ ਮੁਸਾਫ਼ਰਾਂ ਨੇ ਅੱਜ ਸ਼ਹੀਦੀਆਂ ਪਾਈਆਂ, ਉਨ੍ਹਾਂ ਦਾ ਸੁਨਹਿਰੀ ਇਤਿਹਾਸ ਸਦਾ ਮਾਰਗ ਦਰਸ਼ਨ ਕਰਦਾ ਰਹੇਗਾ।