Breaking News
Home / ਮੁੱਖ ਲੇਖ / ਵਾਤਾਵਰਨ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਅੱਗੇ ਦਰਕਾਰ ਜ਼ਿੰਮੇਵਾਰੀਆਂ

ਵਾਤਾਵਰਨ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਅੱਗੇ ਦਰਕਾਰ ਜ਼ਿੰਮੇਵਾਰੀਆਂ

ਤਲਵਿੰਦਰ ਸਿੰਘ ਬੁੱਟਰ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਗੁਰਵਾਕ ”ਬਲਿਹਾਰੀ ਕੁਦਰਤਿ ਵਸਿਆ॥” ਸੱਚੇ ਧਰਮ ਦੇ ਨਿਭਾਅ ‘ਚ ਵਾਤਾਵਰਨ ਅਤੇ ਕੁਦਰਤ ਦੀ ਅਹਿਮੀਅਤ ਨੂੰ ਪ੍ਰਗਟਾਉਂਦਾ ਹੈ। ਬਾਕੀ ਧਰਮਾਂ ਨਾਲੋਂ ਸਿੱਖ ਧਰਮ ਦਾ ਇਕ ਨਿਆਰਾਪਨ ਇਹ ਵੀ ਹੈ ਕਿ ਸਿੱਖ ਫ਼ਲਸਫ਼ੇ ਵਿਚ ‘ਖਾਲਕ ਅਤੇ ਖਲਕ’ (ਪਰਮਾਤਮਾ ਅਤੇ ਸ੍ਰਿਸ਼ਟੀ) ਨੂੰ ਇਕ ਦੂਜੇ ਦੇ ਪੂਰਕ ਮੰਨਿਆ ਗਿਆ ਹੈ। ”ਫਰੀਦਾ ਖਾਲਕੁ ਖਲਕ ਮਹਿ, ਖਲਕ ਵਸੈ ਰਬ ਮਾਹਿ॥” ਜੇਕਰ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ; ਵਣਸਪਤੀ, ਪਹਾੜ, ਰੁੱਖ, ਹਵਾ ਅਤੇ ਧਰਤੀ, ਜਲ ਤੇ ਅਕਾਸ਼ ਵਿਚ ਰਹਿਣ ਵਾਲੇ ਪ੍ਰਾਣੀ ਸਲਾਮਤ ਨਹੀਂ ਰਹਿਣਗੇ ਤਾਂ ਫਿਰ ਮਨੁੱਖ ਵਲੋਂ ਪਰਮਾਤਮਾ ਦੀ ਕੀਤੀ ਭਜਨ-ਬੰਦਗੀ ਕਿਸ ਲੇਖੇ? ਵਿਸ਼ਵ ਪੱਧਰ ‘ਤੇ ਵਾਤਾਵਰਨ ਪ੍ਰਤੀ ਸਮੱਸਿਆ ਦੇ ਮੱਦੇਨਜ਼ਰ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਿਰਤੀ ਪ੍ਰੇਮ ਨੂੰ ਸਮਰਪਿਤ ਜੀਵਨ ਵਿਸ਼ੇਸ਼ ਤੌਰ ‘ਤੇ ਚਾਨਣ-ਮੁਨਾਰਾ ਹੈ। ਦਸ ਗੁਰੂ ਸਾਹਿਬਾਨ ਨੇ ਜਿਹੜੇ-ਜਿਹੜੇ ਵੀ ਨਗਰ ਵਸਾਏ, ਜਾਂ ਜਿੱਥੇ-ਜਿੱਥੇ ਵੀ ਟਿਕਾਣਾ ਕੀਤਾ, ਉਥੇ ਵਾਤਾਵਰਨ ਦੀ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦਿੱਤਾ। ਜਲ ਦੇ ਸੋਮਿਆਂ ਦੇ ਕੰਢੇ ਨਗਰ ਵਸਾਉਣੇ ਅਤੇ ਇਤਿਹਾਸਕ ਗੁਰਦੁਆਰਿਆਂ ‘ਚ ਅੱਜ ਵੀ ਪੁਰਾਤਨ ਰੁੱਖਾਂ ਦੀ ਮੌਜੂਦਗੀ ਇਸ ਅਹਿਮੀਅਤ ਨੂੰ ਦਰਸਾਉਂਦੇ ਹਨ।
ਪੰਜਾਬ ਦਾ ਵਾਤਾਵਰਨ ਸੰਕਟ : ਗੁਰੂ ਸਾਹਿਬਾਨ ਵਲੋਂ ਵਾਤਾਵਰਨ ਪ੍ਰੇਮ ਅਤੇ ਕੁਦਰਤ-ਪੱਖੀ ਜੀਵਨ-ਜਾਚ ‘ਤੇ ਇੰਨਾ ਜ਼ੋਰ ਦੇਣ ਦੇ ਬਾਵਜੂਦ ਵਾਤਾਵਰਨ ਅਤੇ ਪ੍ਰਕਿਰਤੀ ਦੀ ਅਹਿਮੀਅਤ ਪੱਖੋਂ ਪੰਜਾਬ ਅੱਜ ਏਨਾ ਸੰਵੇਦਨਹੀਣ ਹੋ ਚੁੱਕਾ ਹੈ ਕਿ ਪਦਾਰਥਕ ਵਿਕਾਸ ਦੀ ਹੋੜ ‘ਚ ਕੁਦਰਤ ਦਾ ਸ਼ਿੰਗਾਰ ਹਰੇ-ਭਰੇ ਰੁੱਖਾਂ-ਬੂਟਿਆਂ ‘ਤੇ ਕੁਹਾੜਾ ਚਲਾਉਣ ‘ਚ ਪੰਜਾਬ ਦੇਸ਼ ‘ਚ ਤੀਜੇ ਨੰਬਰ ‘ਤੇ ਹੈ। ਪਿਛਲੇ ਪੌਣੇ ਚਾਰ ਕੁ ਦਹਾਕਿਆਂ ਅੰਦਰ ਹੀ ਪੰਜਾਬ ‘ਚ ਇਕੱਲੇ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਕਾਸ ਕਾਰਜਾਂ ਖ਼ਾਤਰ 5 ਕਰੋੜ ਦਰੱਖ਼ਤ ਖ਼ਤਮ ਕਰ ਦਿੱਤੇ ਗਏ। ਪੰਜਾਬ ਵਿਚ ਇਸ ਵੇਲੇ ਜੰਗਲਾਤ ਹੇਠਲਾ ਰਕਬਾ ਮਹਿਜ 4-5 ਫ਼ੀਸਦੀ ਹੀ ਰਹਿ ਗਿਆ ਹੈ ਜੋ ਕਿ 33 ਫ਼ੀਸਦੀ ਹੋਣਾ ਚਾਹੀਦਾ ਸੀ। ਜੇਕਰ ਮਨੁੱਖ ਨੂੰ ‘ਸਾਹ ਦਾਨ’ (ਆਕਸੀਜਨ) ਦੇਣ ਵਾਲੇ ਰੁੱਖ ਹੀ ਨਾ ਬਚੇ ਤਾਂ ਮਨੁੱਖੀ ਜੀਵਨ ਦੀ ਹੋਂਦ ਕਿਵੇਂ ਕਿਆਸੀ ਜਾ ਸਕਦੀ ਹੈ? ਪਿਛਲੇ ਕਰੋਨਾ ਕਾਲ ਦੌਰਾਨ ‘ਆਕਸੀਜਨ’ ਦੀ ਕਮੀ ਕਾਰਨ ਵੱਡੀ ਗਿਣਤੀ ‘ਚ ਹੋਈਆਂ ਮੌਤਾਂ ਭਵਿੱਖੀ ਖ਼ਤਰੇ ਦੀ ਆਹਟ ਸਨ। ਪੰਜ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀ ‘ਚ ਹੁਣ ਜ਼ਹਿਰ ਘੁਲ੍ਹ ਚੁੱਕਾ ਹੈ।ਇਹੀ ਹਾਲਤ ਰਹੀ ਤਾਂ 30-40 ਸਾਲਾਂ ਬਾਅਦ ਪੰਜਾਬ ਦੇ ਢਾਈ ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਗ਼ੈਰ ਕੋਈ ਚਾਰਾ ਨਹੀਂ ਬਚੇਗਾ, ਕਿਉਂਕਿ ਪੰਜਾਬ ਜ਼ਹਿਰੀਲਾ ਰੇਗਿਸਤਾਨ ਕਹਾਵੇਗਾ।
ਧਾਰਮਿਕ ਚੇਤਨਾ ਵਧੇਰੇ ਅਸਰਦਾਰ
ਬੇਸ਼ੱਕ ਵਿਸ਼ਵ ਭਰ ‘ਚ ਵਾਤਾਵਰਨ ਪ੍ਰੇਮੀ ਅਤੇ ਸੰਸਥਾਵਾਂ ਅੱਜ ਵਾਤਾਵਰਨ ਨੂੰ ਬਚਾਉਣ ਲਈ ਆਪੋ-ਆਪਣੇ ਪੱਧਰ ‘ਤੇ ਚੇਤਨਾ ਪੈਦਾ ਕਰ ਰਹੀਆਂ ਹਨ ਪਰ ਹੁਣ ਧਾਰਮਿਕ ਪੱਧਰ ‘ਤੇ ਇਹ ਜਾਗਰੂਕਤਾ ਫ਼ੈਲਾਉਣੀ ਵੀ ਬੇਹੱਦ ਜ਼ਰੂਰੀ ਹੈ ਕਿ ਸਾਫ਼ ਹਵਾ, ਸ਼ੁੱਧ ਪਾਣੀ, ਜੈਵਿਕ ਖੇਤੀ, ਵਣ-ਜੀਵਨ ਆਦਿ ਦੀ ਸੁਰੱਖਿਆ ਨਾ-ਕੇਵਲ ਸਿੱਖਾਂ ਨੂੰ ਸਗੋਂ ਸਮੁੱਚੇ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਅਤੇ ਗੁਰੂ ਸਾਹਿਬਾਨ ਦੀ ਇਸ ਧਰਤੀ ਦੇ ਖੁਸ਼ਹਾਲ ਇਤਿਹਾਸ ਨੂੰ ਸਿਰਜਣ ਲਈ ਬੇਹੱਦ ਜ਼ਰੂਰੀ ਹੈ। ਭਾਵੇਂਕਿ ਅੱਜ ਵਿਸ਼ਵ ‘ਚ ਵਾਤਾਵਰਨ ਚੇਤਨਾ ਦੀ ਹਰ ਪੱਧਰ ‘ਤੇ ਬੇਹੱਦ ਲੋੜ ਹੈ ਪਰ ਜੇਕਰ ਇਹ ਚੇਤਨਾ ਧਾਰਮਿਕ ਅਸਥਾਨਾਂ ਤੋਂ ਸ਼ੁਰੂ ਹੋਵੇ ਤਾਂ ਇਸ ਦੇ ਚੰਗੇ ਨਤੀਜੇ ਕਈ ਗੁਣਾਂ ਵੱਧ ਜਾਣਗੇ। ਕਿਉਂਕਿ ਧਰਮ ਮਨੁੱਖੀ ਜੀਵਨ ਦਾ ਇਕ ਅਹਿਮ ਹਿੱਸਾ ਹੈ ਅਤੇ ਮਨੁੱਖ ਜੀਵਨ-ਜਾਚ ਅਪਨਾਉਣ ਲਈ ਸਭ ਤੋਂ ਜ਼ਿਆਦਾ ਧਰਮ ਤੋਂ ਪ੍ਰਭਾਵਿਤ ਹੁੰਦਾ ਹੈ।
ਵਾਤਾਵਰਨ ਦੀ ਸੰਭਾਲ ਲਈ ਧਾਰਮਿਕ ਯਤਨ
ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 4 ਲੱਖ ਰੁੱਖ-ਬੂਟੇ ਲਗਾਏ ਜਾਣਗੇ, ਤਾਂ ਜੋ ਵਾਤਾਵਰਨ ਦੇ ਗੰਭੀਰ ਵਿਗਾੜਾਂ ਦਾ ਸਾਹਮਣਾ ਕਰ ਰਹੇ ਵਿਸ਼ਵ ਭਾਈਚਾਰੇ ਤੱਕ ਗੁਰਮਤਿ ਫ਼ਲਸਫ਼ੇ ਦਾ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤ ਪ੍ਰੇਮ ਦਾ ਨਾਯਾਬ ਸੁਨੇਹਾ ਪਹੁੰਚਾਇਆ ਜਾ ਸਕੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਧਾਰਮਿਕ, ਵਿੱਦਿਅਕ ਅਤੇ ਸਿਹਤ ਸੰਸਥਾਵਾਂ ਨੂੰ ਵਧੇਰੇ ਕੁਦਰਤ-ਪੱਖੀ ਬਣਾਉਣ ਲਈ ‘ਸੂਰਜੀ ਊਰਜਾ’ ਦੇ ਪ੍ਰਾਜੈਕਟ ਲਾਉਣ ਦਾ ਵੀ ਐਲਾਨ ਕੀਤਾ ਸੀ। ਇਸ ਤਹਿਤ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਸਮੁੱਚੀ ਬਿਜਲੀ ਸਪਲਾਈ ਨੂੰ ‘ਸੂਰਜੀ ਊਰਜਾ’ ਉੱਤੇ ਨਿਰਭਰ ਕਰਨ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਸਮੇਤ ਹੋਰ ਇਤਿਹਾਸਕ ਗੁਰੂ-ਘਰਾਂ ਵਿਚ ਵੀ ‘ਸੋਲਰ ਸਿਸਟਮ’ ਲਗਾਉਣ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ। ਨਿਰਸੰਦੇਹ ਅੱਜ ਦੇ ਵਾਤਾਵਰਨ ਦੇ ਭਾਰੀ ਖ਼ਤਰਿਆਂ-ਸੰਕਟਾਂ ਦਾ ਸਾਹਮਣਾ ਕਰ ਰਹੇ ਯੁੱਗ ਵਿਚ ਸ਼੍ਰੋਮਣੀ ਕਮੇਟੀ ਵਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਇਹ ਯਤਨ, ਵੱਡਾ ਸਾਰਥਿਕ ਉਪਰਾਲਾ ਸਾਬਤ ਹੋ ਸਕਦੇ ਹਨ, ਬਸ਼ਰਤੇ ਜੇਕਰ ਇਨ੍ਹਾਂ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਜਾ ਸਕੇ।
ਪਿਛਲੇ ਅਰਸੇ ਦੌਰਾਨ ਇਤਿਹਾਸਕ ਗੁਰਦੁਆਰਿਆਂ ‘ਚ ਕਾਰ-ਸੇਵਾ ਦੇ ਨਾਂਅ ‘ਤੇ ਸੰਗਮਰਮਰ ਲਗਾਉਣ ਅਤੇ ਇਮਾਰਤੀ ਸੁੰਦਰੀਕਰਨ ਕਰਦਿਆਂ ਗੁਰਦੁਆਰਿਆਂ ਦੇ ਚੌਗਿਰਦੇ ਵਿਚੋਂ ਹਰਿਆਲੀ, ਰੁੱਖਾਂ-ਬੂਟਿਆਂ ਅਤੇ ਪੁਰਾਤਨ ਬਾਗ਼ਾਂ ਦਾ ਵੱਡੀ ਪੱਧਰ ‘ਤੇ ਉਜਾੜਾ ਕੀਤਾ ਗਿਆ ਹੈ। ਵਾਤਾਵਰਨ ਮਾਹਰਾਂ ਦੀਆਂ ਚਿਤਾਵਨੀਆਂ ਤੋਂ ਬਾਅਦ ਹੀ ਸ੍ਰੀ ਦਰਬਾਰ ਸਾਹਿਬ ਸਮੂਹ ਅੰਮ੍ਰਿਤਸਰ ਦੇ ਆਲੇ-ਦੁਆਲੇ ਪ੍ਰਦੂਸ਼ਣ ਘਟਾਉਣ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਣ ਲੱਗੀ। ਚਾਰ ਸਾਲ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦਿ ਲਈ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ ‘ਤੇ ਪਾਬੰਦੀ ਲਗਾ ਕੇ ਆਲੂ ਅਤੇ ਮੱਕੀ ਦੀ ਰਹਿੰਦ-ਖੂੰਹਦ ਤੋਂ ਬਣੇ ਗਲਣਸ਼ੀਲ ਤੇ ਕੁਦਰਤ-ਪੱਖੀ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਾ ਵਿਸ਼ਵ ਦਾ ਪਹਿਲਾ ਧਾਰਮਿਕ ਅਸਥਾਨ ਬਣਨ ਦੀ ਪਹਿਲਕਦਮੀ ਬਦਲੇ ਕੌਮਾਂਤਰੀ ਸੰਸਥਾਵਾਂ ‘ਆਈ.ਐਚ.ਏ. ਫਾਊਂਡੇਸ਼ਨ’ ਅਤੇ ‘ਅਰਥ ਡੇਅ ਨੈੱਟਵਰਕ’ ਅਮਰੀਕਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਿਆ-ਭਰਿਆ ਬਣਾਉਣ ਲਈ ਗੈਰ-ਰਵਾਇਤੀ ਕਿਸਮ ਦਾ ਤਿਆਰ ਕੀਤਾ ਗਿਆ ‘ਵਰਟੀਕਲ ਗਾਰਡਨ’ ਖਿੱਚ ਦਾ ਕੇਂਦਰ ਬਣ ਰਿਹਾ ਹੈ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਨਾਲ ਸਰਾਵਾਂ ਅਤੇ ਇਮਾਰਤਾਂ ਦੀਆਂ ਕੰਧਾਂ ‘ਤੇ ਪਲਾਸਟਿਕ ਦੀਆਂ ਬੋਤਲਾਂ ਵਿਚ ਲਗਭਗ 35 ਹਜ਼ਾਰ ਪ੍ਰਕਾਰ ਦੇ ਫੁੱਲਦਾਰ ਬੂਟੇ ਲਾਏ ਗਏ ਹਨ। ਸ੍ਰੀ ਗੁਰੂ ਰਾਮਦਾਸ ਲੰਗਰ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਕਾਰ ਇਕ ਖੂਬਸੂਰਤ ‘ਗੁਰੂ ਕਾ ਬਾਗ’ ਵੀ ਤਿਆਰ ਕੀਤਾ ਗਿਆ ਹੈ।
ਹਾਲਾਂਕਿ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਲੰਗਰ ‘ਚ ਵਰਤੀ ਜਾਣ ਵਾਲੀ ਕਣਕ ਅਤੇ ਸਬਜ਼ੀਆਂ ਲਈ ‘ਸਤਲਾਣੀ ਸਾਹਿਬ’ ਵਿਖੇ ਸ਼੍ਰੋਮਣੀ ਕਮੇਟੀ ਦੇ ਫਾਰਮ ਹਾਊਸ ‘ਚ ਜੈਵਿਕ ਖੇਤੀ ਕੀਤੀ ਜਾ ਰਹੀ ਹੈ। ਵਾਤਾਵਰਨ ਦੇ ਸਿੱਖ ਸਰੋਕਾਰਾਂ ਦੀ ਨਿੱਠ ਕੇ ਪੈਰਵੀ ਲਈ ਕੁਝ ਸਾਲ ਪਹਿਲਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦਾ ਇਕ ਵੱਖਰਾ ਵਾਤਾਵਰਨ ਵਿਭਾਗ ਗਠਿਤ ਕਰਕੇ ਸਿੱਖ ਚੇਤਨਾ ਦੇ ਪ੍ਰਸੰਗ ‘ਚ ਵਾਤਾਵਰਨ ਦੀ ਸੰਭਾਲ ਦੀ ਲੋੜ ਨੂੰ ਉਭਾਰਨ ਦਾ ਬੀੜਾ ਚੁੱਕਿਆ ਸੀ ਪਰ ਹੁਣ ਜਦੋਂ ਪੰਜਾਬ ‘ਚ ਵੱਡਾ ਵਾਤਾਵਰਨ ਸੰਕਟ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਅਜੋਕੇ ਵਿਸ਼ਵ ਪ੍ਰਸੰਗ ‘ਚ ਵਾਤਾਵਰਨ ਚੁਣੌਤੀਆਂ ਦੇ ਹੱਲ ਲਈ ਵਾਤਾਵਰਨ ਦੀ ਸੰਭਾਲ ਅਤੇ ਕੁਦਰਤ ਪ੍ਰੇਮ ਦੇ ਸਿੱਖ ਸੰਕਲਪਾਂ ਨੂੰ ਸਾਹਮਣੇ ਲਿਆਉਣ ਦੀ ਅਹਿਮੀਅਤ ਵੱਧ ਜਾਂਦੀ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਗੁਰਦੁਆਰਿਆਂ ਦੇ ਆਲੇ-ਦੁਆਲੇ ਕੁਦਰਤ-ਪੱਖੀ ਵਾਤਾਵਰਨ ਦੀ ਸਿਰਜਣਾ ਲਈ ਜੋ ਫ਼ੈਸਲੇ ਲਏ ਜਾ ਰਹੇ ਹਨ, ਉਨ੍ਹਾਂ ਨੂੰ ਅਮਲੀ ਰੂਪ ‘ਚ ਲਾਗੂ ਕਰਨ ਦੀ ਜ਼ਿੰਮੇਵਾਰੀ ਵੀ ਓਨੀ ਹੀ ਜ਼ਿਆਦਾ ਬਣਦੀ ਹੈ।
ਗੁਰਦੁਆਰਿਆਂ ਦੇ ਗਲਿਆਰਿਆਂ ਤੋਂ ਸ਼ੁਰੂ ਕਰਕੇ ਪਿੰਡਾਂ ਦੀਆਂ ਸੱਥਾਂ, ਖੇਤਾਂ ਅਤੇ ਸ਼ਹਿਰਾਂ ਦੀਆਂ ਗਲੀਆਂ-ਸੜਕਾਂ ਤੱਕ ਵਾਤਾਵਰਨ ਪ੍ਰੇਮ ਦੀ ਚੇਤਨਾ ਲਹਿਰ ਆਰੰਭ ਕੀਤੀ ਜਾਵੇ ਤਾਂ ਇਹ ਪੰਜਾਬ ਨੂੰ ਇਕ ਗੰਭੀਰ ਵਾਤਾਵਰਨ ਸੰਕਟ ਵਿਚੋਂ ਨਿਕਲਣ ਅਤੇ ਕੁਦਰਤ-ਪੱਖੀ ਵਾਤਾਵਰਨ ਸਿਰਜਣ ‘ਚ ਅਹਿਮ ਭੂਮਿਕਾ ਤਾਂ ਨਿਭਾਅ ਹੀ ਸਕਦੇ ਹਨ, ਨਾਲ ਹੀ ਅੱਜ ਵਿਸ਼ਵ ਨੂੰ ਵਾਤਾਵਰਨ ਦੇ ਇਕ ਵਿਆਪਕ ਸੰਕਟ ਵਿਚੋਂ ਬਾਹਰ ਕੱਢਣ ਲਈ ਵੀ ਗੁਰਮਤਿ ਫ਼ਲਸਫ਼ੇ ਵਲੋਂ ਦਰਸਾਇਆ ਰਾਹ ਦਿਖਾ ਸਕਦੇ ਹਨ।

 

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …