ਟੋਰਾਂਟੋ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ‘ਤੇ 25% ਟੈਰਿਫ ਲਗਾਉਣ ਦੀ ਗੱਲ ਕਹੀ ਹੈ। ਦੋਵੇਂ ਦੇਸ਼ਾਂ ‘ਤੇ 1 ਫਰਵਰੀ ਤੋਂ ਇਹ ਟੈਰਿਕ ਲਗਾਇਆ ਜਾ ਸਕਦਾ ਹੈ। ਟਰੰਪ ਦਾ ਆਰੋਪ ਹੈ ਕਿ ਕੈਨੇਡਾ ਆਪਣੇ ਬਾਰਡਰ ਤੋਂ ਅਮਰੀਕਾ ‘ਚ ਗੈਰਕਾਨੂੰਨੀ ਪਰਵਾਸੀਆਂ ਅਤੇ ਡਰੱਗ ਦੀ ਤਸਕਰੀ ਰੋਕਣ ਵਿਚ ਨਾਕਾਮ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ‘ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਜੇਕਰ ਟਰੰਪ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਦੇ ਹਨ ਤਾਂ ਕੈਨੇਡਾ ਦੀ ਸਰਕਾਰ ਵੀ ਇਸਦਾ ਜਵਾਬ ਦੇਣ ਲਈ ਤਿਆਰ ਹੈ। ਟਰੂਡੋ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਇਹ ਕੈਨੇਡਾ ਅਤੇ ਕੈਨੇਡਾ ਵਾਸੀਆਂ ਲਈ ਮੁਸ਼ਕਿਲ ਦਾ ਸਮਾਂ ਹੈ।
ਜਸਟਿਨ ਟਰੂਡੋ ਨੇ ਕਿਹਾ ਕਿ ਟਰੰਪ ਅਮਰੀਕਾ ਦੇ ਲਈ ਗੋਲਡਨ ਐਜ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ। ਇਸਦੇ ਲਈ ਸਟੀਲ, ਐਲੂਮੀਨੀਅਮ, ਜ਼ਰੂਰੀ ਖਣਿਜ ਅਤੇ ਸਸਤੀ ਐਨਰਜੀ ਦੀ ਜ਼ਰੂਰਤ ਹੈ ਅਤੇ ਕੈਨੇਡਾ ਕੋਲ ਇਹ ਸਾਰੇ ਸਾਧਨ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਸਨੀਕਰਸ, ਟੀ-ਸ਼ਰਟ, ਜ਼ਿਆਦਾਤਰ ਦਵਾਈਆਂ, ਗਹਿਣੇ, ਬੀਅਰ ਅਤੇ ਹੋਰ ਘਰੇਲੂ ਸਮਾਨ ਬਰਿਕਸ ਦੇਸ਼ਾਂ, ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਹੀ ਪਹੁੰਚਦੇ ਹਨ।
ਹਾਲਾਂਕਿ ਟਰੰਪ ਪ੍ਰਸ਼ਾਸਨ ਦੇ ਮੁਤਾਬਕ, ਸਾਰੇ ਦੇਸ਼ਾਂ ਦੇ ਸਾਰੇ ਤਰ੍ਹਾਂ ਦੇ ਪ੍ਰੋਡਕਟਸ ਅਤੇ ਸਰਵਿਸ ‘ਤੇ ਟੈਰਿਫ ਵਿਚ ਇਕ ਜਿਹਾ ਵਾਧਾ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਟਰੰਪ ਨੇ 10% ਤੋਂ ਲੈ ਕੇ 100% ਤੱਕ ਟੈਰਿਫ ਵਧਾਉਣ ਦੀ ਗੱਲ ਕਹੀ ਹੈ। ਕੁਝ ਰਿਪੋਰਟਾਂ ਵਿਚ ਇਸ ਨੂੰ ਚਿਤਾਵਨੀ ਦੱਸਿਆ ਗਿਆ ਹੈ, ਪਰ ਟਰੰਪ ਨੇ ਅਜਿਹੀਆਂ ਰਿਪੋਰਟਾਂ ਦਾ ਖੰਡਨ ਵੀ ਕੀਤਾ ਹੈ।
ਇਸੇ ਦੌਰਾਨ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਕਿ ਉਹ ”ਟੈਰਿਫਾਂ ਨੂੰ ਰੋਕਣ ‘ਤੇ ਕੰਮ ਕਰਨਾ ਜਾਰੀ ਰੱਖਣਗੇ ਪਰ ਉਹ ਬਦਲੇ ਦੀ ਕਾਰਵਾਈ ‘ਤੇ ਵੀ ਕੰਮ ਕਰ ਰਹੇ ਹਨ।” ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਸਾਡਾ ਦੇਸ਼ ਇਨ੍ਹਾਂ ਵਿੱਚੋਂ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕੈਨੇਡੀਅਨ ਨੇਤਾਵਾਂ ਦਾ ਕਹਿਣਾ ਸੀ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਵੱਧ ਵਪਾਰ-ਨਿਰਭਰ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਕੈਨੇਡਾ ਦੇ 75 ਫੀਸਦੀ ਨਿਰਯਾਤ ਜਿਸ ਵਿੱਚ ਆਟੋਮੋਬਾਈਲ ਅਤੇ ਪੁਰਜ਼ੇ ਸ਼ਾਮਲ ਹਨ, ਅਮਰੀਕਾ ਨੂੰ ਜਾਂਦੇ ਹਨ।
ਅਮਰੀਕਾ ਨੂੰ ਵੀ ਸਾਡੀਆਂ ਸੰਸਥਾਵਾਂ ਦੀ ਲੋੜ : ਜਸਟਿਨ ਟਰੂਡੋ
RELATED ARTICLES

