ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਜਲਦੀ ਹੀ ਅਰਾਮਦਾਇਕ ਹਵਾਈ ਯਾਤਰਾ ਦਾ ਆਨੰਦ ਮਾਨਣਾ ਸ਼ੁਰੂ ਕਰੇਗੀ। ਕਿਉਂਕਿ ਸੂਬਾ ਸਰਕਾਰ ਜਲਦੀ ਹੀ 8 ਤੋਂ 10 ਸੀਟਾਂ ਵਾਲੇ ਫਿਕਸਡ ਵਿੰਗ ਜੈੱਟ ਏਅਰਕਰਾਫਟ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰਨ ਜਾ ਰਹੀ ਹੈ।
ਮਾਨ ਸਰਕਾਰ ਨੇ ਵੱਖ-ਵੱਖ ਏਅਰ ਚਾਰਟਰ ਸਰਵਿਸ ਪ੍ਰੋਵਾਈਡਰ ਕੰਪਨੀਆਂ ਤੋਂ ਅਰਜ਼ੀਆਂ ਮੰਗਵਾ ਲਈਆਂ ਹਨ ਅਤੇ ਹੁਣ ਛੇਤੀ ਹੀ ਪੰਜਾਬ ਸਰਕਾਰ ਸ਼ਰਤਾਂ ਦੇ ਆਧਾਰ ‘ਤੇ ਵਧੀਆ ਸਰਵਿਸ ਦੇਣ ਵਾਲੀ ਕੰਪਨੀ ਨੂੰ ਸਿਲੈਕਟ ਕਰੇਗੀ। ਜਿਸ ਤੋਂ ਬਾਅਦ ਸੂਬਾ ਸਰਕਾਰ ਦੇ ਸਰਕਾਰੀ ਹੈਲੀਕਾਪਟਰ ਤੋਂ ਇਲਾਵਾ ਨਿੱਜੀ ਫਿਕਸਡ ਵਿੰਗ ਜੈਟ ਵੀ ਪੰਜਾਬ ਦੇ ਅਸਮਾਨ ਤੋਂ ਹੋਰਨਾਂ ਰਾਜਾਂ ਲਈ ਜਾਂਦਾ ਦਿਖਾਈ ਦੇਵੇਗਾ।
2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਗਵੰਤ ਮਾਨ ਸਰਕਾਰ ਵੱਲੋਂ ਪ੍ਰਾਈਵੇਟ ਜੈਟ ਦਾ ਵਧੇਰੇ ਇਸਤੇਮਾਲ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹੁਣ ਜੈਟ ਏਅਰਕਰਾਫਟ ਕਿਰਾਏ ‘ਤੇ ਲੈਣ ਨਾਲ ਸੂਬਾ ਸਰਕਾਰ ‘ਤੇ ਆਰਥਿਕ ਬੋਝ ਹੋਰ ਵਧੇਗਾ ਜਦਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਤੌਰ ਸੰਸਦ ਮੈਂਬਰ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਆਗੂਆਂ ‘ਤੇ ਪ੍ਰਾਈਵੇਟ ਜੈਟ ਦੀ ਵਰਤੋਂ ਨੂੰ ਲੈ ਕੇ ਅਕਸਰ ਤੰਜ ਕਸਦੇ ਰਹਿੰਦੇ ਸਨ। ਪ੍ਰੰਤੂ ਹੁਣ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੈਲੀਕਾਪਟਰ ਦੇ ਨਾਲ-ਨਾਲ ਪ੍ਰਾਈਵੇਟ ਜੈਟ ਦਾ ਇਸਤੇਮਾਲ ਕਰਕੇ ਸੂਬੇ ਦੇ ਬੋਝ ਨੂੰ ਹੋਰ ਵਧਾਉਣਗੇ।