Breaking News
Home / ਹਫ਼ਤਾਵਾਰੀ ਫੇਰੀ / ਵਾਢੀ ਮੁੱਕਦਿਆਂ ਹੀ ਕਿਸਾਨਾਂ ਨੇ ਮੁੜ ਘੱਤੀਆਂ ਦਿੱਲੀ ਵੱਲ ਵਹੀਰਾਂ

ਵਾਢੀ ਮੁੱਕਦਿਆਂ ਹੀ ਕਿਸਾਨਾਂ ਨੇ ਮੁੜ ਘੱਤੀਆਂ ਦਿੱਲੀ ਵੱਲ ਵਹੀਰਾਂ

ਪੰਜਾਬਦੇ ਕਿਸਾਨਾਂ ਦੀ ਇੱਕੋ ਗੱਲ-ਕਾਲੇ ਖੇਤੀ ਕਾਨੂੰਨਰੱਦਕਰਵਾ ਕੇ ਹੀ ਮੁੜਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਕਿਸਾਨਾਂ ਨੇ ਕਣਕ ਦੀ ਵਾਢੀ ਦਾ ਕੰਮ ਤਕਰੀਬਨ ਨਿਬੇੜ ਹੀ ਲਿਆ ਹੈ। ਬਹੁਤ ਸਾਰੇ ਕਿਸਾਨਾਂ ਨੇ ਆਪਣੀ ਪੁੱਤਾਂ ਵਾਂਗ ਪਾਲ਼ੀ ਕਣਕ ਦੀ ਫਸਲ ਸਾਂਭ ਲਈ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਪੰਜ ਮਹੀਨਿਆਂ ਤੋਂ ਬੈਠੇ ਕਿਸਾਨਾਂ ਵਿਚੋਂ ਵਾਰੋ-ਵਾਰੀ ਕਿਸਾਨਾਂ ਨੇ ਵਾਢੀ ਦੇ ਸੀਜ਼ਨ ਦੌਰਾਨ ਆਪਣੇ ਘਰੀਂ ਵਾਪਸ ਆ ਕੇ ਕਣਕ ਦੀ ਵਾਢੀ ਦਾ ਕੰਮ ਸਿਰੇ ਲਾਇਆ। ਮਈ ਮਹੀਨਾ ਚੜ੍ਹਦਿਆਂ ਹੀ ਤਕਰੀਬਨ ਵਾਢੀ ਦਾ ਸੀਜ਼ਨ ਖਤਮ ਹੋਣ ਕੰਢੇ ਪੁੱਜ ਗਿਆ ਅਤੇ ਕਿਸਾਨਾਂ ਨੇ ਆਪਣੀ ਜਿਣਸ ਮੰਡੀਆਂ ‘ਚ ਵੇਚ ਦਿੱਤੀ ਹੈ। ਝੋਨੇ ਦਾ ਸੀਜ਼ਨ ਹਾਲੇ ਅਗਲੇ ਮਹੀਨੇ ਸ਼ੁਰੂ ਹੋਣਾ ਹੈ ਅਤੇ ਹੁਣ ਕਿਸਾਨਾਂ ਕੋਲ ਵਿਹਲ ਹੈ, ਇਸ ਲਈ ਉਨ੍ਹਾਂ ਨੇ ਸਿੰਘੂ ਤੇ ਟਿਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਮੁੜ ਜਾਣ ਲਈ ਵਹੀਰਾਂ ਘੱਤ ਲਈਆਂ ਹਨ। ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਸਿੰਘੂ, ਕੁੰਡਲੀ ਤੇ ਟਿਕਰੀ ਬਾਰਡਰ ‘ਤੇ ਮੁੜ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੁਣ ਕਾਲੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਮੁੜਨਗੇ। ਇਸੇ ਦੌਰਾਨ ਜਲੰਧਰ ਅਤੇ ਅੰਮ੍ਰਿਤਸਰ ਸਣੇ ਪੰਜਾਬ ਵਿਚੋਂ ਵੱਡੀ ਗਿਣਤੀ ਕਿਸਾਨ ਟਰਾਲੀਆਂ ‘ਤੇ ਸਵਾਰ ਹੋ ਕੇ ਦਿੱਲੀ ਕਿਸਾਨ ਮੋਰਚੇ ਲਈ ਰਵਾਨਾ ਹੋ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਵਾਢੀ ਖਤਮ ਹੋ ਗਈ ਹੈ ਅਤੇ ਉਹ ਮੁੜ ਸੰਘਰਸ਼ ‘ਚ ਪੁੱਜ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਤੋਂ ਇਲਾਵਾ ਆਪਣੀਆਂ ਹੋਰ ਹੱਕੀ ਮੰਗਾਂ ਮੰਨਵਾਉਣ ਲਈ ਚੱਲ ਰਹੇ ਸੰਘਰਸ਼ ਵਿਚ ਹਿੱਸਾ ਲੈਣ ਜਾ ਰਹੇ ਹਨ ਅਤੇ ਜਿੰਨੀ ਦੇਰ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਗਰਮੀ ਦਾ ਸੀਜ਼ਨ ਭਖ ਚੁੱਕਾ ਹੈ ਅਤੇ ਗਰਮੀ ਤੋਂ ਬਚਾਅ ਲਈ ਕਿਸਾਨ ਆਪਣੇ ਨਾਲ ਫਰਿੱਜਾਂ, ਪੱਖੇ ਤੇ ਹੋਰ ਸਾਮਾਨ ਲੈ ਕੇ ਗਏ ਹਨ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਰੋਨਾ ਮਹਾਮਾਰੀ ਦੀ ਆੜ ‘ਚ ਦਿੱਲੀ ਮੋਰਚੇ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ ਪਰ ਦੇਸ਼ ਦੇ ਕਿਸਾਨ-ਮਜ਼ਦੂਰ ਕੇਂਦਰ ਦੇ ਇਸ ਮਨਸੂਬੇ ਨੂੰ ਸਫਲ ਨਹੀਂ ਹੋਣ ਦੇਣਗੇ।
ਕਿਸਾਨ ਖੇਤੀ ਕਾਨੂੰਨਾਂ ਖਿਲਾਫ ਆਰ-ਪਾਰ ਦੀ ਲੜਾਈ ਲਈ ਤਿਆਰ : ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਆਰ-ਪਾਰ ਦੀ ਲੜਾਈ ਲਈ ਕਿਸਾਨ ਮੋਰਚਿਆਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਲਗਤਾਰ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਕਿਸਾਨਾਂ ਕੋਲ ਕਣਕ ਦੀ ਫ਼ਸਲ ਦੀ ਸਾਂਭ-ਸੰਭਾਲ ਤੋਂ ਬਾਅਦ ਆਉਣ ਵਾਲੇ ਅਗਲੇ 6 ਮਹੀਨਿਆਂ ਦਾ ਰਾਸ਼ਨ ਪਹੁੰਚਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਮੋਰਚੇ ਵਿਚ ਪਹੁੰਚ ਜਾਣਗੇ। ਨੌਜਵਾਨ ਆਗੂ ਦੀਨਾ ਸਿੰਘ ਦਾ ਕਹਿਣਾ ਸੀ ਕਿ ਮੁਕੇਸ਼ ਅੰਬਾਨੀ ਦੀ ਕਮਾਈ ਵਧ ਕੇ ਪ੍ਰਤੀ ਘੰਟਾ ਨੱਬੇ ਕਰੋੜ ਰੁਪਏ ਹੋ ਗਈ ਹੈ ਜਦੋਂਕਿ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦਾ ਰੁਜ਼ਗਾਰ ਖ਼ਤਮ ਹੋ ਰਿਹਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …