ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਚੰਡੀਗੜ੍ਹ ਵਿਚ ਪਾਰਟੀ ਦੇ ਮੁੱਖ ਦਫਤਰ ਵਿੱਚ ਵਰਕਰਾਂ ਦੀ ਅਨੁਸ਼ਾਸਨਹੀਣਤਾ, ਆਤਿਸ਼ਬਾਜ਼ੀ ਅਤੇ ਢੋਲ-ਢਮੱਕੇ ਦੌਰਾਨ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਇਸ ਮੌਕੇ ਭਾਵੇਂ ਪਾਰਟੀ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਅਤੇ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ઠਸਮੇਤ ਸਮੁੱਚੀ ਲੀਡਰਸ਼ਿਪ ਨੇ ਪੁੱਜ ਕੇ ਏਕੇ ਦਾ ਪ੍ਰਗਟਾਵਾ ਕੀਤਾ ਪ੍ਰੰਤੂ ਸਮਾਗਮ ਦੌਰਾਨ ਆਗੂਆਂ ਅਤੇ ਵਰਕਰਾਂ ਨੇ ਮੁੱਖ ਨੇਤਾਵਾਂ ਦੀਆਂ ਬੇਨਤੀਆਂ ਨੂੰ ਠੁਕਰਾ ਕੇ ਫੋਟੋਆਂ ਖਿਚਵਾਉਣ ਤੇ ਚੌਧਰ ਚਮਕਾਉਣ ਲਈ ਸਟੇਜ ‘ਤੇ ਪੂਰਾ ਸਮਾਂ ਘੜਮੱਸ ਮਚਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸਾਂਪਲਾ ਨੇ ਕਿਹਾ ਕਿ ਭਾਜਪਾ ਨੇ 11 ਸਾਲ ਸਾਊਦੀ ਅਰਬ ਵਿੱਚ 55 ਡਿਗਰੀ ਤਾਪਮਾਨ ਵਿੱਚ ਬੇਲਚਾ ਚਲਾਉਣ ਵਾਲੇ ਨੂੰ ਕੇਂਦਰੀ ਮੰਤਰੀ ਤੋਂ ਬਾਅਦ ਪੰਜਾਬ ਦਾ ਪ੍ਰਧਾਨ ਬਣਾ ਕੇ ਵੱਡਾ ਮਾਣ ਬਖ਼ਸ਼ਿਆ ਹੈ। ਉਨ੍ਹਾਂ ਨੇ ਪ੍ਰਾਇਮਰੀ ਜਮਾਤ ਵਿੱਚ ਪੜ੍ਹੀਆਂ ਚਾਰ ਕਹਾਣੀਆਂ ਸੁਣਾ ਕੇ ਪਾਰਟੀ ਦੇ ਆਗੂਆਂ ਨੂੰ ਵਾਰ-ਵਾਰ ਏਕੇ ਵਿੱਚ ਬੱਝਣ ਦੀਆਂ ਨਸੀਹਤਾਂ ਦਿੰਦਿਆਂ ਦਾਅਵਾ ਕੀਤਾ ਕਿ ਸਾਲ 2017 ਵਿੱਚ ਅਕਾਲੀ ਦਲ-ਭਾਜਪਾ ਗਠਜੋੜ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੈਟ੍ਰਿਕ ਬਣਾਏਗਾ। ਉਨ੍ਹਾਂ ਅਕਾਲੀ ਦਲ ਨਾਲ ਪਾਰਟੀ ਦੀ ਚੱਲ ਰਹੀ ਖਿੱਚੋਤਾਣ ਬਾਬਤ ਉਠ ਰਹੀਆਂ ਅਫਵਾਹਾਂ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ 2017 ਦੀਆਂ ਚੋਣਾਂ ਦੌਰਾਨ ਉਹ ਗੱਠਜੋੜ ਦਾ ਧਰਮ ਨਿਭਾਉਣਗੇ।
ਪੰਜਾਬ ਦੇ ਇੰਚਾਰਜ ਪ੍ਰਭਾਤ ਝਾਅ ਨੇ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਸਾਂਪਲਾ ਪ੍ਰਧਾਨ ਦੇ ਨਾਲ ਮੰਤਰੀ ਵੀ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ 23 ਸੀਟਾਂ ‘ਤੇ ਤਾਂ ਚੋਣ ਅਵੱਸ਼ ਲੜੇਗੀ ਅਤੇ ਇਸ ਤੋਂ ਵੱਧ ਸੀਟਾਂ ਹਾਸਲ ਕਰਨ ਲਈ ਕੌਮੀ ਲੀਡਰਸ਼ਿਪ ਫ਼ੈਸਲਾ ਲਵੇਗੀ। ਇਸ ਮੌਕੇ ਕਮਲ ਸ਼ਰਮਾ, ਤਰੁਣ ਚੁੱਘ, ઠਦਿਨੇਸ਼ ਕੁਮਾਰ, ਅਵਿਨਾਸ਼ ਰਾਏ ਖੰਨਾ, ਹਰਜੀਤ ਸਿੰਘ ਗਰੇਵਾਲ, ਅਸ਼ਵਨੀ ਸ਼ਰਮਾ, ਪ੍ਰੋ. ਰਾਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਪ੍ਰੋਫੈਸਰ ਬ੍ਰਿਜ ਲਾਲ ਰਿਣਵਾਂ, ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਤੇ ਮੇਅਰ ਅਰੁਣ ਸੂਦ ਸਮੇਤ ਪੰਜਾਬ ਦੇ ਮੰਤਰੀ ਚੁੰਨੀ ਲਾਲ ਭਗਤ, ਸੁਰਜੀਤ ਕੁਮਾਰ ਜਿਆਣੀ, ਅਨਿਲ ਜੋਸ਼ੀ, ਮਦਨ ਮੋਹਨ ਮਿੱਤਲ ਆਦਿ ਵੀ ਮੌਜੂਦ ਸਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …