Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੀ ਸੰਸਦ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਖਾਲਸਾ ਪੰਥ ਦਾ ਸਾਜਨਾ ਦਿਵਸ

ਕੈਨੇਡਾ ਦੀ ਸੰਸਦ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਖਾਲਸਾ ਪੰਥ ਦਾ ਸਾਜਨਾ ਦਿਵਸ

Trudo News 1 copy copyਜਸਟਿਨ ਟਰੂਡੋ ਵੱਲੋਂ ਕਾਮਾਗਾਟਾ ਮਾਰੂ ਘਟਨਾ ‘ਤੇ ਮੁਆਫ਼ੀ ਮੰਗਣ ਦਾ ਐਲਾਨ
ਪ੍ਰਧਾਨ ਮੰਤਰੀ 18 ਮਈ ਨੂੰ ਸੰਸਦ ‘ਚ ਮੰਗਣਗੇ ਮੁਆਫ਼ੀ, ਹਾਊਸ ਆਫ਼ ਕਾਮਨਜ਼ ਵਿਚ ਮਨਾਈ ਵਿਸਾਖੀ, ਸਿੱਖਾਂ ‘ਚ ਖੁਸ਼ੀ ਦੀ ਲਹਿਰ
ਟੋਰਾਂਟੋ/ਸੱਤਪਾਲ ਜੌਹਲ
ਕੈਨੇਡਾ ਦੀ ਸੰਸਦ ਦੇ ਸੈਂਟਰ ਬਲਾਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖਾਲਸਾ ਸਾਜਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਖੋਜ, ਸਾਇੰਸ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ, ਲੋਕ ਨਿਰਮਾਣ ਮੰਤਰੀ ਅਮਰਜੀਤ ਸੋਹੀ ਤੇ ਛੋਟੇ ਕਾਰੋਬਾਰਾਂ ਬਾਰੇ ਮੰਤਰੀ ਬਰਦੀਸ਼ ਚੱਗਰ ਤੇ ਮੰਤਰੀ ਮੰਡਲ ਦੇ ਹੋਰ ਮੰਤਰੀ, ਸੰਸਦ ਮੈਂਬਰਾਂ ਨੇ ਹੁੰਮ-ਹੁਮਾ ਕੇ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿੱਖ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਟਰੂਡੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਪੰਥ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਸਿੱਖਾਂ ਨੇ ਬੜੀ ਮਿਹਨਤ ਨਾਲ ਤਰੱਕੀ ਕੀਤੀ ਹੈ, ਜਿਸ ਕਰਕੇ ਅੱਜ ਉਨ੍ਹਾਂ ਦੀ ਕੈਬਨਿਟ ਵਿਚ 4 ਸਿੱਖ ਮੰਤਰੀ ਤੇ 17 ਪੰਜਾਬੀ ਸੰਸਦ ਮੈਂਬਰ ਹਨ। ਉਨ੍ਹਾਂ ਕਾਮਾਗਾਟਾ ਮਾਰੂ ਕਾਂਡ ਦੇ ਦੁਖਾਂਤ ਨੂੰ ਯਾਦ ਕਰਦਿਆਂ ਇਸ ਕਾਂਡ ਦੀ ਮੁਆਫੀ ਹਾਊਸ ਆਫ ਕਾਮਨਜ਼ ‘ਚ ਮੰਗਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ 18 ਮਈ 2016 ਨੂੰ ਸੰਸਦ ਵਿਚ ਇਸ ਦੀ ਮੁਆਫੀ ਬਕਾਇਦਾ ਖੜ੍ਹੇ ਹੋ ਕੇ ਮੰਗਣਗੇ। ਟਰੂਡੋ ਦੇ ਮੁਆਫੀ ਮੰਗਣ ਦੇ ਐਲਾਨ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ। 1994 ਵਿਚ ਪਹਿਲੀ ਵਾਰ ਕੈਨੇਡਾ ਦੀ ਸੰਸਦ ਵਿਚ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਖੰਡ ਪਾਠ ਦੀ ਪ੍ਰੰਪਰਾ ਸ਼ੁਰੂ ਕਰਨ ਵਾਲੇ ਸਾਬਕਾ ਸੰਸਦ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ ਨੇ ਕਿਹਾ ਕਿ ਕੈਨੇਡਾ ਦੇ ਸਿੱਖ ਕੈਨੇਡਾ ਸਰਕਾਰ ਤੋਂ ਸਿੱਖ ਵਿਰਾਸਤੀ ਮਹੀਨਾ ਮਨਾਉਣ ਦੀ ਮਾਨਤਾ ਦਿੱਤੇ ਜਾਣ ਦੀ ਉਮੀਦ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਟਰੂਡੋ ਸਿੱਖਾਂ ਪ੍ਰਤੀ ਹਮਦਰਦੀ ਰੱਖਦੇ ਹਨ ਉਸ ਤੋਂ ਲੱਗਦਾ ਹੈ ਕਿ ਪਹਿਲੇ ਕਿਸੇ ਜਨਮ ਵਿਚ ਉਹ ਜ਼ਰੂਰ ਸਿੱਖ ਰਹੇ ਹੋਣਗੇ, ਜਿਸ ‘ਤੇ ਟਰੂਡੋ ਮੁਸਕਰਾਉਂਦੇ ਨਜ਼ਰ ਆਏ। ਇਸ ਸਮਾਗਮ ਵਿਚ ਹਾਜ਼ਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਟਰੂਡੋ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਪੂਰੇ ਸਮਾਗਮ ਦੌਰਾਨ ਟਰੂਡੋ ਹਾਜ਼ਰ ਰਹੇ ਤੇ ਉਨ੍ਹਾਂ ਇਕ ਵਾਰ ਵੀ ਜਾਣ ਦੀ ਕਾਹਲ ਨਹੀਂ ਦਿਖਾਈ। ਇਸ ਮੌਕੇ ਸੰਸਦੀ ਸਕੱਤਰ ਅੰਜੂ ਢਿੱਲੋਂ ਨੇ ‘ਝਿਮ-ਝਿਮ ਬਰਸੇ ਅੰਮ੍ਰਿਤ ਧਾਰਾ’ ਸ਼ਬਦ ਗਾਇਨ ਕਰਕੇ ਸਭ ਸੰਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਕੈਨੇਡਾ ਫੌਜ ਦੀ ਉਸ ਬ੍ਰਿਟਿਸ਼ ਬਟਾਲੀਅਨ ਦੀ ਕਮਾਂਡ ਕੀਤੀ ਹੈ, ਜੋ ਕਦੇ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਿਸ ਮੋੜਨ ਲਈ ਜ਼ਿੰਮੇਵਾਰ ਸੀ ਤੇ ਅੱਜ ਉਹ ਉਸ ਦੇਸ਼ ਦੇ ਰੱਖਿਆ ਮੰਤਰੀ ਹਨ, ਜਿਸ ਤੋਂ ਸਪੱਸ਼ਟ ਹੈ ਕਿ ਇਸ ਦੇਸ਼ ਵਿਚ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਵੱਡੀ ਸਮਰੱਥਾ ਹੈ। ਉਨ੍ਹਾਂ ਟਰੂਡੋ ਵੱਲੋਂ ਇਸ ਕਾਂਡ ਦੀ ਮੁਆਫੀ ਮੰਗਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੈਨੇਡੀਅਨ ਸਿੱਖ ਉਨ੍ਹਾਂ ਦੀ ਇਸ ਖੁੱਲ੍ਹ- ਦਿਲੀ ਲਈ ਕਾਇਲ ਹੋ ਗਏ ਹਨ। ਇਸ ਮੌਕੇ ਅਨੰਦ ਸਾਹਿਬ ਦੇ ਪਾਠ ਦੀਆਂ 6 ਪਾਉੜੀਆਂ ਦਾ ਪਾਠ ਬੀਬੀ ਹਰਜੋਤ ਕੌਰ ਨੇ ਕੀਤਾ। ਜਿਸ ਉਪਰੰਤ ਅੰਗਰੇਜ਼ੀ ਵਿਚ ਅਰਦਾਸ ਕੀਤੀ। ਸਮੁੱਚੇ ਸਮਾਗਮ ਦੀ ਸਫਲਤਾ ਲਈ ਓਟਾਵਾ ਦੀਆਂ ਸਿੱਖ ਸੰਗਤਾਂ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਵੱਡਾ ਯੋਗਦਾਨ ਰਿਹਾ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਕੈਨੇਡਾ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਪੁੱਜੀਆਂ ਹੋਈਆਂ ਸਨ। ਸਿੱਖ ਕੌਮ ਦੇ ਪਹਿਲੇ ਤੇ ਇਤਿਹਾਸਿਕ ਇਸ ਸਮਾਗਮ ਦੀ ਕਵਰੇਜ ਲਈ ਦੇਸ਼-ਵਿਦੇਸ਼ ਦਾ ਮੀਡੀਆ ਹਾਜ਼ਰ ਸੀ।
ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਟਰੂਡੋ ਦੀ ਹੋਈ ਸ਼ਲਾਘਾ
ਕੈਨੇਡੀਅਨ ਸੰਸਦ ਵਿਚ 1994 ਤੋਂ ਵਿਸਾਖੀ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ, ਪਰ ਇਹ ਪਹਿਲੀ ਵਾਰ ਹੈ ਕਿ ਸੰਸਦ ਦੇ ਸੈਂਟਰਲ ਹਾਲ ਵਿਚ ਏਨਾ ਵੱਡਾ ਆਯੋਜਨ ਕੀਤਾ ਗਿਆ ਹੈ। ਕੈਨੇਡੀਅਨ ਸੰਸਦ ਵਿਚ ਵਿਸਾਖੀ ਅਤੇ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਕਾਮਾਗਾਟਾਮਾਰੂ ‘ਤੇ ਮਾਫੀ ਨੂੰ ਲੈ ਕੇ ਕੈਨੇਡੀਅਨ ਮੀਡੀਆ ਵਿਚ ਵੀ ਕਾਫੀ ਚਰਚਾ ਮਿਲੀ। ਸੰਸਦ ਵਿਚ ਰੰਗਾਰੰਗ ਆਯੋਜਨ ਦੀਆਂ ਤਸਵੀਰਾਂ ਨੂੰ ਕਾਫੀ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤਾ ਗਿਆ। ਜਦੋਂਕਿ ਪੰਜਾਬ ਦੇ ਮੀਡੀਆ ਵਿਚ ਵੀ ਇਸ ਖ਼ਬਰ ਨੂੰ ਵੱਡੀ ਥਾਂ ਮਿਲੀ। ਇਸੇ ਤਰ੍ਹਾਂ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਹੋਰ ਵੱਖੋ-ਵੱਖ ਪੰਥਕ ਅਤੇ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬੀ ਸੰਸਥਾਵਾਂ ਨੇ ਵੀ ਟਰੂਡੋ ਦੀ ਕਾਰਗੁਜ਼ਾਰੀ ਦੀ ਭਰਵੀਂ ਸ਼ਲਾਘਾ ਕੀਤੀ।
ਕੁਦਰਤ ਦੇ ਅਜਬ ਨਜ਼ਾਰੇ
ਕੁਦਰਤ ਬਲਵਾਨ ਹੈ, ਉਸ ਨੇ ਸਾਨੂੰ ਕਦ ਕਿਹੜੇ ਰੰਗਾਂ ਵਿਚ ਰੱਖਣਾ ਹੈ ਇਹ ਉਹੀ ਜਾਣਦਾ ਹੈ ਜੋ ਇਸ ਦੁਨੀਆ ਦਾ ਸਿਰਜਣਹਾਰ ਹੈ। ਇਹ ਵੀ ਕੁਦਰਤ ਦਾ ਹੀ ਅਜਬ ਨਜ਼ਾਰਾ ਹੈ ਕਿ ਕਾਮਾਗਾਟਾ ਮਾਰੂ ਦੇ ਯਾਤਰੂਆਂ ਨੂੰ ਕੈਨੇਡਾ ਦੀ ਧਰਤੀ ‘ਤੇ ਉਤਰਨ ਤੋਂ ਰੋਕਣ ਦੇ ਲਈ ਬ੍ਰਿਟਿਸ਼ ਕੋਲੰਬੀਆ ਦੀ ਜਿਸ ਮਿਲਟਰੀ ਰੈਜੀਮੈਂਟ ਡਿਊਕ ਆਫ਼ ਕਨਾਟ ਨੂੰ ਭੇਜਿਆ ਗਿਆ ਸੀ, ਕਈ ਦਹਾਕਿਆਂ ਬਾਅਦ ਇਕ ਪੰਜਾਬੀ, ਉਹ ਵੀ ਸਿੱਖ ਸਰਦਾਰ ਹਰਜੀਤ ਸਿੰਘ ਸੱਜਣ ਉਸੇ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਬਣੇ ਤੇ ਅੱਜ ਉਹ ਕੈਨੇਡਾ ਦੇ ਰੱਖਿਆ ਮੰਤਰੀ ਵੀ ਹਨ।
ਕੈਨੇਡਾ ਭਰ ਤੋਂ ਪਹੁੰਚੀਆਂ ਸੰਗਤਾਂ
ਰੂਬੀ ਸਹੋਤਾ ਐਮ ਪੀ ਬਰੈਂਪਟਨ ਨੌਰਥ ਦੇ ਉਦਮਾਂ ਸਦਕਾ ਕੈਨੇਡੀਅਨ ਸੰਸਦ ਵਿਚ ਜ਼ੋਰਦਾਰ ਢੰਗ ਨਾਲ ਵਿਸਾਖੀ ਮਨਾਈ ਗਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕੈਨੇਡਾ ਭਰ ਤੋਂ ਸੰਗਤਾਂ ਨੇ ਪਹੁੰਚ ਕੇ ਸ਼ਿਰਕਤ ਕੀਤੀ। ਇਸ ਵਰ੍ਹੇ ਮਨਾਏ ਗਏ ਖਾਲਸਾ ਸਾਜਨਾ ਦਿਵਸ ਦੇ ਇਸ ਸਮਾਰੋਹ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਸ਼ਾਮਲ ਹੋ ਕੇ ਕਾਮਾਗਾਟਾ ਮਾਰੂ ਦੁਖਾਂਤ ‘ਤੇ ਮੁਆਫ਼ੀ ਮੰਗਣ ਦਾ ਐਲਾਨ ਕੀਤਾ।
ਹਰ ਸ਼ਬਦ ਦਾ ਇੰਗਲਿਸ਼ ਅਨੁਵਾਦ
ਸ਼ਬਦ ਕੀਰਤਨ ਡਾ. ਰੁਪਿੰਦਰ ਕੌਰ ਨੇ ਕੀਤਾ ਅਤੇ ਹਰ ਸ਼ਬਦ ਦਾ ਇੰਗਲਿਸ਼ ਵਿਚ ਅਨੁਵਾਦ ਵੀ। ਪ੍ਰੋਗਰਾਮ ਦਾ ਆਯੋਜਨ ਸਰੀ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਨੇ ਇੰਗਲਿਸ਼ ਵਿਚ ਅਤੇ ਕਿਊਬਿਕ ਦੇ ਡਾਰਵਲ ਤੋਂ  ਐਮ ਪੀ ਅੰਜੂ ਢਿੱਲੋਂ ਨੇ ਫਰੈਂਚ ਵਿਚ ਕੀਤਾ। ਇਹ ਪਹਿਲੀ ਵਾਰ ਹੋਇਆ ਕਿ ਸਿੱਖ ਅਰਦਾਸ ਨੂੰ ਪੰਜਾਬੀ ਦੀ ਬਜਾਏ ਇੰਗਲਿਸ਼ ਵਿਚ ਕੀਤਾ ਗਿਆ।
ਪਿਛਲੇ ਜਨਮ ‘ਚ ਟਰੂਡੋ ਸ਼ਾਇਦ ਸਿੱਖ ਸਨ : ਮੱਲ੍ਹੀ
ਪ੍ਰੋਗਰਾਮ ਵਿਚ ਉਸ ਸਮੇਂ ਸਾਰੇ ਹੱਸ ਪਏ, ਜਦੋਂ ਸਾਬਕਾ ਲਿਬਰਲ ਐਮ ਪੀ ਗੁਰਬਖਸ਼ ਸਿੰਘ ਮੱਲ੍ਹੀ ਨੇ ਕਿਹਾ, ਕੈਨੇਡੀਅਨ ਸਿੱਖ ਭਾਈਚਾਰੇ ਨਾਲ ਜਿੰਨਾ ਮੋਹ ਟਰੂਡੋ ਕਰਦੇ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਪਿਛਲੇ ਜਨਮ ਵਿਚ ਉਹ ਸਿੱਖ ਹੀ ਸਨ। ਸੰਸਦ ਵਿਚ ਵਿਸਾਖੀ ਦੇ ਆਯੋਜਨ ਨੂੰ ਲੈ ਕੇ ਉਹਨਾਂ ਵਿਸ਼ੇਸ਼ ਯਤਨ ਕੀਤੇ ਅਤੇ ਵੱਡੀ ਸੰਖਿਆ ਵਿਚ ਸੰਸਦ ਮੈਂਬਰਾਂ ਨੇ ਇਸ ਵਿਚ ਹਿੱਸਾ ਲਿਆ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …