ਟੋਰਾਂਟੋ/ਸਤਪਾਲ ਸਿੰਘ ਜੌਹਲ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਨੀਂ ਦਿਨੀਂ ਕੈਨੇਡਾ ‘ਚ ਹਨ, ਜਿੱਥੇ ਬਰੈਂਪਟਨ ਵਿਖੇ ਪੰਜਾਬੀਆਂ ਵਲੋਂ ਜਗ੍ਹਾ-ਜਗ੍ਹਾ ਮਿਲਣੀਆਂ ਦੇ ਸਮਾਗਮ ਆਯੋਜਿਤ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜਗਦੀਸ਼ ਸਿੰਘ ਬਰਾੜ ਦੇ ਗ੍ਰਹਿ ਵਿਖੇ ਫਰੀਦਕੋਟ ਅਤੇ ਕੁਲਤਾਰ ਸਿੰਘ ਸੰਧਵਾਂ ਦੇ ਕੋਟਕਪੂਰਾ ਹਲਕਾ ਵਾਸੀਆਂ ਦੇ ਸਮਾਗਮ ‘ਚ ਕੈਨੇਡਾ ਦੇ ਨਾਗਰਿਕਾਂ ਵਾਸਤੇ ਭਾਰਤ ਸਰਕਾਰ ਵਲੋਂ ਈ-ਵੀਜ਼ਾ ਅਤੇ 10 ਸਾਲਾਂ ਦੀ ਮਿਆਦ ਵਾਲੇ ਰੱਦ ਕੀਤੇ ਹੋਏ ਵੀਜ਼ਿਆਂ ਦਾ ਮਸਲਾ ਉਠਾਇਆ ਗਿਆ। ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੰਧਵਾਂ ਨੇ ਆਖਿਆ ਕਿ ਇਸ ਬਾਰੇ ਕੈਨੇਡਾ ‘ਚ ਭਾਰਤੀ ਦੂਤਘਰ ਦੇ ਅਧਿਕਾਰੀਆਂ ਅਤੇ ਭਾਰਤ ਦੇ ਵਿਦੇਸ਼ ਮੰਤਰੀ ਦੇ ਧਿਆਨ ‘ਚ ਲਿਆ ਕੇ ਕੈਨੇਡਾ ਦੇ ਲੋਕਾਂ ਲਈ ਭਾਰਤ ਦਾ ਵੀਜ਼ਾ ਬਹਾਲ ਕਰਵਾਉਣ ਲਈ ਹਰ ਹੀਲਾ ਵਰਤਣਗੇ।
ਸੰਧਵਾਂ ਨੇ ਆਖਿਆ ਕਿ ਚੰਡੀਗੜ੍ਹ ਤੋਂ ਕੈਨੇਡਾ ਲਈ ਸਿੱਧੀ ਉਡਾਨ ਸ਼ੁਰੂ ਕਰਵਾਉਣ ਲਈ ਭਗਵੰਤ ਮਾਨ ਦੀ ਸਰਕਾਰ ਯਤਨ ਕਰ ਰਹੀ ਹੈ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਚਾਹਲ ਦੇ ਗ੍ਰਹਿ ਵਿਖੇ ਇਕ ਵੱਖਰੇ ਇਕੱਠ ‘ਚ ਸੰਧਵਾਂ ਨੇ ਦੱਸਿਆ ਕਿ ਪੰਜਾਬ ਦੇ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਨੂੰ ਜਾਂਦੀਆਂ ਬੱਸਾਂ ਟਰਮੀਨਲ ਦੇ ਨਜ਼ਦੀਕ ਤੱਕ ਲਿਜਾਣ ਦਾ ਟੀਚਾ ਹੈ। ਇਸ ਮੌਕੇ ਚਾਹਲ ਅਤੇ ਪਾਲ ਰੰਧਾਵਾ ਨੇ ਕਿਹਾ ਕਿ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਦੇ ਪੰਜਾਬ ‘ਚ ਨਿਵੇਸ਼ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਮਾਨ ਸਰਕਾਰ ਨੂੰ ਸਾਜ਼ਗਾਰ ਮਾਹੌਲ ਬਣਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ, ਉਨਟਾਰੀਓ ਦੇ ਮੰਤਰੀ ਪ੍ਰਭਮੀਤ ਸਰਕਾਰੀਆ, ਸੰਸਦੀ ਸਕੱਤਰ ਦੀਪਕ ਆਨੰਦ, ਸੰਸਦ ਮੈਂਬਰ ਰੂਬੀ ਸਹੋਤਾ ਤੇ ਇਕਵਿੰਦਰ ਗਹੀਰ, ਵਿਧਾਇਕਾ ਨੀਨਾ ਤਾਂਗੜੀ ਤੇ ਪੰਕਜ ਸੰਧੂ, ਗੁਰਸ਼ਰਨ ਬਾਬੀ ਸਿੱਧੂ, ਨਮਰਤਾ ਸ਼ੇਰਗਿੱਲ ਅਤੇ ਹੋਰਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਆਮ ਆਦਮੀ ਪਾਰਟੀ ਵਲੋਂ ਕਮਲਜੀਤ ਸਿੰਘ, ਹਰਪ੍ਰੀਤ ਸਿੰਘ ਖੋਸਾ, ਸੋਹਣ ਸਿੰਘ ਢੀਂਡਸਾ ਤੇ ਗੁਰਦੀਪ ਸਿੰਘ ਗਰੇਵਾਲ ਨੇ ਆਪਣੀ ਟੀਮ ਨਾਲ ਸੰਧਵਾਂ ਦੇ ਸਵਾਗਤ ਲਈ ਇਕ ਵੱਖਰਾ ਪ੍ਰੋਗਰਾਮ ਆਯੋਜਿਤ ਕਰਕੇ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ।