ਵਿਦਿਆਰਥੀਆਂ ਦੇ ਸਮਰਥਨ ‘ਚ ਪੁੱਜੀ ਫ਼ਿਲਮੀ ਅਦਾਕਾਰ ਦੀਪਿਕਾ ਪਾਦੂਕੋਨ
ਨਵੀਂ ਦਿੱਲੀ : ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਫੀਸਾਂ ‘ਚ ਹੋਏ ਭਾਰੀ ਵਾਧੇ ਅਤੇ ਨਾਗਰਿਕਤਾ ਕਾਨੂੰਨ ਖਿਲਾਫ ਵਿਦਿਆਰਥੀ ਯੂਨੀਅਨਾਂ ਸੰਘਰਸ਼ ਕਰ ਰਹੀਆਂ ਹਨ। ਇਸਦੇ ਚੱਲਦਿਆਂ ਲੰਘੇ ਐਤਵਾਰ ਨੂੰ ਜੇ.ਐਨ.ਯੂ. ਵਿਚ ਕੁਝ ਨਕਾਬਪੋਜ਼ ਗੁੰਡਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ। ਗੁੰਡਿਆਂ ਵਲੋਂ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੀਤੇ ਗਏ ਹਮਲੇ ਵਿਚ ਕਈ ਵਿਦਿਆਰਥੀ ਜ਼ਖ਼ਮੀ ਵੀ ਹੋ ਗਏ ਅਤੇ ਕਈ ਅਧਿਆਪਕਾਂ ਦੇ ਵੀ ਸੱਟਾਂ ਲੱਗੀਆਂ। ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਦੇ ਗੰਭੀਰ ਸੱਟਾਂ ਲੱਗੀਆਂ। ਇਨ੍ਹਾਂ ਗੁੰਡਿਆਂ ਨੇ ਯੂਨੀਵਰਸਿਟੀ ਦੇ ਹੋਸਟਲਾਂ ਵਿਚ ਦਾਖਲ ਹੋ ਕੇ ਭੰਨਤੋੜ ਵੀ ਕੀਤੀ। ਜੇ.ਐਨ.ਯੂ. ਵਿਚ ਹਿੰਸਾ ਦਾ ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਦੇਸ਼ ਵਿਚ ਵਿਰੋਧ ਹੋਇਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਹੋਏ। ਦੇਸ਼ ਦੀਆਂ ਬਹੁਤੀਆਂ ਯੂਨੀਵਰਸਿਟੀਆਂ ਜੇ.ਐਨ.ਯੂ. ਦੇ ਵਿਦਿਆਰਥੀਆਂ ਦੇ ਹੱਕ ਵਿਚ ਨਿੱਤਰ ਆਈਆਂ ਹਨ।
ਇਸਦੇ ਚੱਲਦਿਆਂ ਫਿਲਮੀ ਅਦਾਕਾਰ ਵੀ ਜੇ.ਐਨ.ਯੂ. ਦੇ ਵਿਦਿਆਰਥੀਆਂ ਦੇ ਹੱਕ ਵਿਚ ਆ ਗਏ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਮੰਗਲਵਾਰ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਪੁੱਜੀ। ਇਸ ਮੌਕੇ ਉਹ ਜੇ.ਐਨ.ਯੂ. ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਵੀ ਮਿਲੀ, ਜਦੋਂਕਿ ਸੀ.ਪੀ.ਆਈ.ਐਮ. ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਰਾਜ ਸਭਾ ਮੈਂਬਰ ਡੀ. ਰਾਜਾ ਵੀ ਇਸ ਮੌਕੇ ਮੌਜੂਦ ਸਨ। ਬਾਲੀਵੁੱਡ ਅਦਾਕਾਰਾ ਦੀ ਮੌਜੂਦਗੀ ‘ਚ ਜੇ.ਐਨ.ਯੂ. ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੇ ‘ਜੈ ਭੀਮ’ ਦੇ ਨਾਅਰੇ ਲਗਾਏ। ਦੀਪਿਕਾ ਪਾਦੂਕੋਨ ਦਾ ਕਹਿਣਾ ਸੀ ਕਿ ਇਹ ਚੰਗਾ ਹੈ ਕਿ ਲੋਕ ਘਰਾਂ ‘ਚੋਂ ਨਿਕਲ ਬਿਨਾਂ ਕਿਸੇ ਭੈਅ ਅਵਾਜ਼ ਬੁਲੰਦ ਕਰ ਰਹੇ ਹਨ। ਅਭਿਨੇਤਰੀ ਨਾਗਰਿਕਤਾ ਸੋਧ ਐਕਟ ਤੇ ਐੱਨਆਰਸੀ ਖਿਲਾਫ ਦੇਸ਼ ਭਰ ਵਿਚ ਉੱਠੇ ਵਿਰੋਧ ਦੇ ਸੰਦਰਭ ‘ਚ ਗੱਲ ਕਰ ਰਹੀ ਸੀ। 34 ਸਾਲਾ ਅਦਾਕਾਰਾ ਜੋ ਕਿ ਦਿੱਲੀ ‘ਚ ਆਪਣੀ ਫਿਲਮ ‘ਛਪਾਕ’ ਦੀ ਪ੍ਰਮੋਸ਼ਨ ਲਾਈ ਆਈ ਸੀ, ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਜ਼ਿੰਦਗੀ ਤੇ ਸਮਾਜ ਵਿਚ ਬਦਲਾਅ ਲਿਆਉਣ ਲਈ ਆਪਣਾ ਪੱਖ ਰੱਖਣ।
ਇਸ ਤੋਂ ਬਾਅਦ ਦੀਪਿਕਾ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਆਪਣੇ ਵਿਚਾਰ ਪ੍ਰਗਟਾਉਣ ਤੋਂ ਡਰ ਨਹੀਂ ਰਹੇ, ਮੈਨੂੰ ਲੱਗਦਾ ਹੈ ਕਿ ਅਸੀਂ ਮੁਲਕ ਤੇ ਇਸ ਦੇ ਭਵਿੱਖ ਬਾਰੇ ਸੋਚ ਰਹੇ ਹਾਂ, ਸਾਡਾ ਨਜ਼ਰੀਆ ਜੋ ਵੀ ਹੋਵੇ ਅਜਿਹਾ ਦੇਖ ਕੇ ਚੰਗਾ ਲੱਗ ਰਿਹਾ ਹੈ।
ਇਸੇ ਦੌਰਾਨ ਜੇਐੱਨਯੂ ਵਿਚ ਹੋਈ ਹਿੰਸਾ ਖਿਲਾਫ ਰੋਸ ਪ੍ਰਗਟਾਉਣ ਲਈ ਸੋਮਵਾਰ ਰਾਤ ਵਿਸ਼ਾਲ ਭਾਰਦਵਾਜ, ਅਨੁਰਾਗ ਕਸ਼ਿਅਪ, ਜ਼ੋਆ ਅਖ਼ਤਰ ਤੇ ਅਦਾਕਾਰਾ ਤਾਪਸੀ ਪੰਨੂ ਸਣੇ ਕਈ ਬੌਲੀਵੁੱਡ ਹਸਤੀਆਂ ਮੁੰਬਈ ਦੇ ਕਾਰਟਰ ਰੋਡ ‘ਤੇ ਇਕੱਠੀਆਂ ਹੋਈਆਂ। ਦੀਆ ਮਿਰਜ਼ਾ, ਅਲੀ ਫ਼ਜ਼ਲ, ਰਿਚਾ ਚੱਢਾ, ਸੁਧੀਰ ਮਿਸ਼ਰਾ, ਅਨੁਭਵ ਸਿਨਹਾ ਵੀ ਇਸ ਮੌਕੇ ਹਾਜ਼ਰ ਸਨ।
ਜੇ.ਐਨ.ਯੂ. ਦੀ ਹਿੰਸਾ ਤਕਲੀਫ ਦੇਣ ਵਾਲੀ : ਦੇਵਗਨ
ਫਿਲਮ ਅਦਾਕਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਜੇ.ਐਨ.ਯੂ. ਵਿਚ ਹੋਈ ਹਿੰਸਾ ਠੀਕ ਨਹੀਂ ਹੈ। ਇਸ ਤਰ੍ਹਾਂ ਦੇ ਮਾਹੌਲ ਨਾਲ ਤਕਲੀਫ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦੀ। ਅਜੇ ਦੇਵਗਨ ਨੇ ਕਿਹਾ ਕਿ ਸਾਰੀਆਂ ਗੱਲਾਂ ਸਹੀ ਤਰ੍ਹਾਂ ਨਾਲ ਪਤਾ ਹੋਏ ਬਿਨਾ ਕੁਝ ਵੀ ਕਹਿਣਾ ਉਚਿਤ ਨਹੀਂ ਅਤੇ ਅਜਿਹੀਆਂ ਗੱਲਾਂ ਨਾਲ ਦੇਸ਼ ਨੂੰ ਨੁਕਸਾਨ ਪਹੁੰਚਦਾ ਹੈ।
ਦੀਪਿਕਾ ਦੀ ਹੋਈ ਸ਼ਲਾਘਾ
ਮੁੰਬਈ : ਜੇਐੱਨਯੂ ‘ਚ ਹਿੰਸਾ ਮਗਰੋਂ ਉਥੇ ਜਾਣ ਲਈ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਫਿਲਮ ਭਾਈਚਾਰੇ ਸਮੇਤ ਹੋਰ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ‘ਬਾਈਕਾਟ’ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨਾਲ ਖਾਮੋਸ਼ ਖੜ੍ਹੇ ਰਹਿਣ ਲਈ ਦੀਪਿਕਾ ਦੇ ਕਦਮ ਦੀ ਫਿਲਮੀ ਬਰਾਦਰੀ ਸਮੇਤ ਹੋਰਾਂ ਨੇ ਸ਼ਲਾਘਾ ਕੀਤੀ ਹੈ। ਸ਼ਬਾਨਾ ਆਜ਼ਮੀ ਨੇ ਟਵੀਟ ਕਰਕੇ ਕਿਹਾ ਕਿ ਦੀਪਿਕਾ ਨੇ ਜੇਐੱਨਯੂ ਦੇ ਵਿਦਿਆਰਥੀਆਂ ਦੀ ਹਮਾਇਤ ਕਰਕੇ ਮਿਸਾਲ ਕਾਇਮ ਕੀਤੀ ਹੈ। ਸਵਰਾ ਭਾਸਕਰ ਨੇ ਕਿਹਾ, ”ਬੌਲੀਵੁੱਡ ਜੇਐੱਨਯੂ ਦੇ ਰੰਗ ‘ਚ ਰੰਗ ਗਿਆ ਹੈ।” ਫਿਲਮਸਾਜ਼ ਅਨੁਰਾਗ ਕਸ਼ਯਪ ਨੇ ਦੀਪਿਕਾ ਦੀ ਤਾਰੀਫ਼ ਕਰਦਿਆਂ ਲੋਕਾਂ ਨੂੰ ਉਸ ਦੀ ਫਿਲਮ ਦਾ ਪਹਿਲਾ ਸ਼ੋਅ ਦੇਖਣ ਦੀ ਅਪੀਲ ਕੀਤੀ ਹੈ। ਨਿਰਦੇਸ਼ਕ ਵਿਕਰਮਾਦਿੱਤਿਆ ਮੋਟਵਾਨੀ ਨੇ ਉਸ ਨੂੰ ‘ਅਸਲ ਨਾਇਕ’ ਕਰਾਰ ਦਿੱਤਾ ਹੈ। ਮਹੇਸ਼ ਭੱਟ ਨੇ ਕਿਹਾ,”ਹੁਣ ‘ਖਾਮੋਸ਼ੀ’ ਰਾਜ ਨਹੀਂ ਰਹਿ ਗਿਆ ਹੈ।”
ਦੀਪਿਕਾ ਦੇ ਜੇਐਨਯੂ ਜਾਣ ਤੋਂ ਭਾਜਪਾ ਔਖੀ
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੌਰੇ ਤੋਂ ਬਾਅਦ ਜਿੱਥੇ ਇਕ ਪਾਸੇ ਕੁਝ ਭਾਜਪਾ ਆਗੂਆਂ ਸਣੇ ਹੋਰਨਾਂ ਵੱਲੋਂ ਉਸ ਦੀ ਆਗਾਮੀ ਫਿਲਮ ‘ਛਪਾਕ’ ਦਾ ਬਾਈਕਾਟ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਕੇਂਦਰ ਸਰਕਾਰ ਨੇ ਕਿਹਾ ਕਿ ਸਿਰਫ਼ ਕਲਾਕਾਰ ਹੀ ਨਹੀਂ, ਬਲਕਿ ਭਾਰਤ ਵਰਗੇ ਲੋਕਤੰਤਰ ਵਿੱਚ ਇਕ ਆਮ ਆਦਮੀ ਕਿਤੇ ਵੀ ਜਾ ਕੇ ਆਪਣੇ ਵਿਚਾਰ ਰੱਖ ਸਕਦਾ ਹੈ, ਇਸ ਵਿੱਚ ਕੋਈ ਇਤਰਾਜ਼ ਨਹੀਂ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …