Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਧਾਨ ਸਭਾ ‘ਚ ਸੱਤਾ ਧਿਰ ਤੇ ਵਿਰੋਧੀ ਧਿਰ ‘ਚ ਤਿੱਖੀ ਨੋਕ-ਝੋਕ

ਪੰਜਾਬ ਵਿਧਾਨ ਸਭਾ ‘ਚ ਸੱਤਾ ਧਿਰ ਤੇ ਵਿਰੋਧੀ ਧਿਰ ‘ਚ ਤਿੱਖੀ ਨੋਕ-ਝੋਕ

ਕਾਂਗਰਸ ਦੇ 9 ਵਿਧਾਇਕ ਸਦਨ ਤੋਂ ਮੁਅੱਤਲ- ਰਾਜਾ ਵੜਿੰਗ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੱਢਿਆ
ਸਪੀਕਰ ‘ਤੇ ਵਿਰੋਧੀ ਧਿਰ ਨੂੰ ਢੁੱਕਵਾਂ ਸਮਾਂ ਨਾ ਦੇਣ ਦੇ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿਚ ਬਜਟ ‘ਤੇ ਬਹਿਸ ਲਈ ਜ਼ਿਆਦਾ ਸਮਾਂ ਨਾ ਮਿਲਣ ‘ਤੇ ਕਾਂਗਰਸੀ ਵਿਧਾਇਕਾਂ ਨੇ ਜੰਮ ਕੇ ਹੰਗਾਮਾ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜ਼ਿਆਦਾ ਸਮੇਂ ਦੀ ਮੰਗ ‘ਤੇ ਅੜੇ ਹੋਏ ਸਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਂਹ ਕਰ ਦਿੱਤੀ। ਉਸ ਤੋਂ ਬਾਅਦ ਵੜਿੰਗ ਅਤੇ ਹੋਰ ਕਾਂਗਰਸੀ ਵਿਧਾਇਕ ਸਪੀਕਰ ਦੇ ਆਸਨ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਜ਼ਿਆਦਾ ਹੰਗਾਮਾ ਹੁੰਦਾ ਦੇਖ ਕੇ ਸਪੀਕਰ ਨੇ ਕਾਂਗਰਸ ਦੇ 9 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਤੇ ਮਾਰਸ਼ਲਾਂ ਨੂੰ ਕਿਹਾ ਗਿਆ ਕਿ ਇਨ੍ਹਾਂ 9 ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਇਸ ਤੋਂ ਬਾਅਦ ਕੁਝ ਵਿਧਾਇਕ ਤਾਂ ਆਪ ਹੀ ਬਾਹਰ ਚਲੇ ਗਏ ਅਤੇ ਰਾਜਾ ਵੜਿੰਗ ਨੂੰ ਮਾਰਸ਼ਲਾਂ ਨੇ ਚੁੱਕ ਕੇ ਬਾਹਰ ਕੱਢਿਆ।
ਜਿਨ੍ਹਾਂ 9 ਕਾਂਗਰਸੀ ਵਿਧਾਇਕਾਂ ਨੂੰ ਵਿਧਾਨ ਸਭਾ ਵਿਚੋਂ ਮੁਅੱਤਲ ਕੀਤਾ ਗਿਆ, ਉਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਬਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ, ਅਵਤਾਰ ਸਿੰਘ ਜੂਨੀਅਰ, ਬਰਿੰਦਰਮੀਤ ਸਿੰਘ ਪਾਹੜਾ, ਡਾ.ਰਾਜ ਕੁਮਾਰ ਚੱਬੇਵਾਲ, ਵਿਕਰਮਜੀਤ ਸਿੰਘ ਚੌਧਰੀ ਅਤੇ ਰਾਣਾ ਗੁਰਜੀਤ ਸਿੰਘ ਦੇ ਨਾਮ ਸ਼ਾਮਲ ਹਨ।
ਪੰਜਾਬ ਵਿਧਾਨ ਸਭਾ ਨੇ ਛੇ ਘੰਟੇ ਤੱਕ ਚੱਲੀ ਬਹਿਸ ਮਗਰੋਂ ਵਿੱਤੀ ਸਾਲ 2024-25 ਲਈ ਬਜਟ ਪਾਸ ਕਰ ਦਿੱਤਾ। ਬਹਿਸ ਦੌਰਾਨ ਬਜਟ ‘ਤੇ ਅਗਾਮੀ ਲੋਕ ਸਭਾ ਚੋਣਾਂ ਦਾ ਪਰਛਾਵਾਂ ਸਾਫ਼ ਨਜ਼ਰ ਆਇਆ। ਸੱਤਾਧਾਰੀ ਧਿਰ ਨੇ ਬਹਿਸ ਮੌਕੇ ਜਿੱਥੇ ਬਜਟ ਤਜਵੀਜ਼ਾਂ ਨੂੰ ਤਰੱਕੀ ਦਾ ਖ਼ਾਕਾ ਦੱਸਦਿਆਂ ਸਿਆਸੀ ਸੁਨੇਹਾ ਦਿੱਤਾ ਉਥੇ ਵਿਰੋਧੀ ਧਿਰਾਂ ਨੇ ਵਿੱਤੀ ਬਦਇੰਤਜ਼ਾਮੀ ਅਤੇ ਖ਼ਰਚਿਆਂ ਦੀ ਪੂਰਤੀ ਲਈ ਕਰਜ਼ਾ ਚੁੱਕੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਦੌਰਾਨ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦਾ ਸੱਦਾ ਦਿੱਤਾ।
ਬਜਟ ‘ਤੇ ਬਹਿਸ ਨੂੰ ਸਮੇਟਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਵੱਲੋਂ ਉਠਾਏ ਨੁਕਤਿਆਂ ‘ਤੇ ਜੁਆਬ ਦਿੱਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜ ਵੱਡੀਆਂ ਗਾਰੰਟੀਆਂ ‘ਚੋਂ ਚਾਰ ਪੂਰੀਆਂ ਕਰ ਦਿੱਤੀਆਂ ਹਨ ਜਦੋਂ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਾਸਿਕ ਦੇਣ ਦੀ ਪੰਜਵੀਂ ਗਾਰੰਟੀ ਵੀ ਜਲਦ ਪੂਰੀ ਕਰਾਂਗੇ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਬਜਟ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਵਿਰਾਸਤ ਵਿਚ ਮਿਲੇ ਕਰਜ਼ੇ ਦਾ ਵਿਸਥਾਰ ਦਿੱਤਾ ਅਤੇ ਇਹ ਵੀ ਕਿਹਾ ਕਿ ਕਾਂਗਰਸੀ ਰਾਜ ਦੀਆਂ ਦੇਣਦਾਰੀਆਂ ਦੀ ਪੂਰਤੀ ਵੀ ਉਨ੍ਹਾਂ ਦੀ ਸਰਕਾਰ ਨੇ ਕੀਤੀ ਹੈ।
‘ਆਪ’ ਸਰਕਾਰ ਨੇ ਕਰਜ਼ਾ ਚੁੱਕਣ ਦੇ ਰਿਕਾਰਡ ਤੋੜੇ : ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਵਿਚ ਹੀ ਕਰਜ਼ਾ ਚੁੱਕਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਇਹੋ ਰਫ਼ਤਾਰ ਰਹੀ ਤਾਂ ਇਸ ਸਰਕਾਰ ਦੌਰਾਨ ਹੀ ਕਰਜ਼ੇ ਦੀ ਪੰਡ 4.72 ਲੱਖ ਕਰੋੜ ਨੂੰ ਪੁੱਜ ਜਾਵੇਗੀ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਚੋਣਾਂ ਮੌਕੇ ਕਰਜ਼ਾ ਵੀਹ ਫ਼ੀਸਦੀ ਘਟਾਉਣ ਅਤੇ ਮਾਈਨਿੰਗ ‘ਚੋਂ 20 ਹਜ਼ਾਰ ਕਰੋੜ ਦੀ ਵਾਧੂ ਆਮਦਨ ਦੀ ਗੱਲ ਕੀਤੀ ਸੀ।
ਉਨ੍ਹਾਂ ਕਿਹਾ ਕਿ ‘ਆਪ’ ਨੇ 23 ਫ਼ਸਲਾਂ ‘ਤੇ ਐੱਮਐੱਸਪੀ ਦੇਣ ਦੀ ਗੱਲ ਕਹੀ ਸੀ ਜਿਸ ਨੂੰ ਅਜੇ ਤੱਕ ਬੂਰ ਨਹੀਂ ਪਿਆ। ਬਾਜਵਾ ਨੇ ਕਿਹਾ ਕਿ ਮੂੰਗੀ ਦੀ ਫ਼ਸਲ ਵੀ 90 ਫ਼ੀਸਦੀ ਵਪਾਰੀਆਂ ਨੇ ਹੀ ਮਿੱਟੀ ਦੇ ਭਾਅ ਖ਼ਰੀਦੀ।
ਕੋਟਲੀ ਵੱਲੋਂ ਸਮਰਥਕਾਂ ਸਣੇ ਵਿਧਾਨ ਸਭਾ ਅੱਗੇ ਧਰਨਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਦਲਿਤਾਂ ਦੇ ਹੱਕਾਂ ਦੀ ਬਹਾਲੀ ਲਈ ਸੂਬਾ ਸਰਕਾਰ ਵਿਰੁੱਧ ਵਿਧਾਨ ਸਭਾ ਅੱਗੇ ਧਰਨਾ ਦਿੱਤਾ। ਵਿਧਾਇਕ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਲੰਘੇ ਦਿਨੀਂ ਵਿਧਾਨ ਸਭਾ ਵਿੱਚ ਵਿਧਾਇਕ ਨੂੰ ਅਪਸ਼ਬਦ ਬੋਲ ਕੇ ਦਲਿਤਾਂ ਦਾ ਅਪਮਾਨ ਕਰਨ ਦੇ ਆਰੋਪ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਵਿਧਾਇਕਾਂ ਕੋਲੋਂ ਮੁਆਫੀ ਮੰਗਣ। ਇਸੇ ਦੌਰਾਨ ਸਰਕਾਰ ਦੇ ਬਚਾਅ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰਾ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਹਮੋ-ਸਾਹਮਣੇ ਹੁੰਦੇ ਦਿਖਾਈ ਦਿੱਤੇ। ਕਾਂਗਰਸੀ ਵਿਧਾਇਕ ਕੋਟਲੀ ਨੇ ਕਿਹਾ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਿਤ ਵਰਗ ਨਾਲ ਸਬੰਧਤ ਉਪ ਮੁੱਖ ਮੰਤਰੀ ਲਾਉਣ ਦਾ ਦਾਅਵਾ ਕੀਤਾ ਸੀ ਪਰ ਅੱਜ ਦੋ ਸਾਲ ਬੀਤਣ ਦੇ ਬਾਵਜੂਦ ਹਾਲੇ ਤੱਕ ਇਹ ਦਾਅਵਾ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐੱਸਸੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਖਾਲੀ ਪਿਆ ਹੈ। ਚੇਅਰਮੈਨ ਨਾ ਲੱਗਣ ਕਰ ਕੇ ਦਲਿਤ ਵਰਗ ਦੇ ਵਧੇਰੇ ਮਾਮਲੇ ਵਿਚਾਲੇ ਲਟਕ ਰਹੇ ਹਨ। ਕੋਟਲੀ ਨੇ ਐੱਸਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ ਪੰਜ ਕਰਨ ਦਾ ਵੀ ਵਿਰੋਧ ਕੀਤਾ। ਉਨ੍ਹਾਂ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬਕਾਇਆ ਖੜ੍ਹੇ 16 ਹਜ਼ਾਰ ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਦਲਿਤ ਵਰਗ ਕੋਲੋਂ ਮੁਆਫੀ ਨਹੀਂ ਮੰਗਦੇ ਉੱਦੋਂ ਤੱਕ ਦਲਿਤ ਵਰਗ ਵੱਲੋਂ ਉਨ੍ਹਾਂ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।

 

 

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …