ਜੀ ਕੇ ਨੇ ਆਖਿਆ ਛੁੱਟੀ ਤੇ ਗਿਆਂ ਹਾਂ ਨਹੀਂ ਦਿੱਤਾ ਅਸਤੀਫ਼ਾ
ਕਿਹਾ : ਡੇਰਾ ਮੁਖੀ ਨੂੰ ਮਾਫੀ ਤੇ ਬਰਗਾੜੀ ਕਾਂਡ ਕਾਰਨ ਪਾਰਟੀ ਨੂੰ ਭੁਗਤਣਾ ਪਿਆ ਖਾਮਿਆਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਅਸਤੀਫੇ ਦੀਆਂ ਅਫਵਾਹਾਂ ਨੇ ਸਿਆਸੀ ਅਟਕਲਾਂ ਦਾ ਬਜ਼ਾਰ ਗਰਮਾ ਦਿੱਤਾ ਹੈ। ਹਾਲਾਂਕਿ ਜੀਕੇ ਨੇ ਅਸਤੀਫੇ ਦੀ ਗੱਲ ਤੋਂ ਇਨਕਾਰ ਕੀਤਾ ਹੈ। ਪਰ ਡੀਐਸਜੀਐਮਸੀ ਦੀ ਪ੍ਰਧਾਨਗੀ ਦਾ ਚਾਰਜ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਦੇ ਕੇ ਛੁੱਟੀ ‘ਤੇ ਜਾਣ ਤੇ ਇਹ ਮੰਨਣਾ ਕਿ ਡੇਰਾ ਮੁਖੀ ਨੂੰ ਮਾਫੀ ਤੇ ਬਰਗਾੜੀ ਕਾਂਡ ਦਾ ਪਾਰਟੀ ਨੂੰ ਖਾਮਿਆਜ਼ਾ ਭੁਗਤਣਾ ਪਿਆ ਹੈ, ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਤੋਂ ਬਾਅਦ ਦਿੱਲੀ ‘ਚ ਵੀ ਅਕਾਲੀ ਦਲ ਅੰਦਰ ਸਭ ਠੀਕ ਨਹੀਂ ਹੈ।
ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਡੇਰਾ ਸੱਚਾ ਸੌਦਾ ਮੁਖੀ ਨੂੰ ਮਾਫੀ ਦੇਣ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਦਲਣ ਦੇ ਮੁੱਦਿਆਂ ‘ਤੇ ਜੀਕੇ ਦੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਮਤਭੇਦ ਚੱਲ ਰਹੇ ਹਨ। ਪਿਛਲੇ ਮਹੀਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਜੀਕੇ ਨੇ ਸੁਖਬੀਰ ਸਿੰਘ ਬਾਦਲ ‘ਤੇ ਅਸਿੱਧੇ ਢੰਗ ਨਾਲ ਕਈ ਸਵਾਲ ਉਠਾਏ ਸਨ। ਜੀਕੇ ਅਕਾਲੀ ਦਲ ‘ਚ ਨਾਰਾਜ਼ ਚੱਲ ਰਹੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਡਾਕਟਰ ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੇ ਸੰਪਰਕ ਵਿਚ ਹਨ। ਮੰਗਲਵਾਰ ਨੂੰ ਜੀਕੇ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫੇ ਦੀ ਚਰਚਾ ਛਿੜੀ ਤਾਂ ਸਿਆਸੀ ਹਲਕਿਆਂ ਵਿਚ ਅਟਕਲਾਂ ਦਾ ਬਜ਼ਾਰ ਗਰਮ ਹੋ ਗਿਆ।
ਬਾਅਦ ਵਿਚ ਜੀਕੇ ਨੇ ਅਸਤੀਫੇ ਦੀ ਗੱਲ ਨੂੰ ਕੋਰੀ ਅਫਵਾਹ ਦੱਸਦਿਆਂ ਕਿਹਾ ਕਿ ਉਨ੍ਹਾਂ ਨਾ ਤਾਂ ਅਸਤੀਫਾ ਦਿੱਤਾ ਹੈ ਤੇ ਨਾ ਹੀ ਪਾਰਟੀ ਛੱਡੀ ਹੈ। ਉਹ ਕੁਝ ਨਿੱਜੀ ਰੁਝੇਵਿਆਂ ਕਾਰਨ ਜ਼ਿੰਮੇਵਾਰੀ ਕਾਲਕਾ ਨੂੰ ਸੌਂਪ ਰਹੇ ਹਨ। ਜੀਕੇ ਨੇ ਕਿਹਾ ਕਿ ਪੰਜ ਦਿਨਾਂ ਤੋਂ ਸੀਨੀਅਰ ਵਾਈਸ ਪ੍ਰਧਾਨ ਨੂੰ ਆਪਣਾ ਚਾਰਜ ਦਿੱਤਾ ਹੋਇਆ ਹੈ। ਪਹਿਲਾਂ ਵੀ ਜਦੋਂ ਉਹ ਦਿੱਲੀ ਵਿਚ ਨਹੀਂ ਹੁੰਦੇ ਤਾਂ ਅਜਿਹਾ ਕਰਦੇ ਹਨ। ਹਾਲਾਂਕਿ ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਡੇਰਾਮੁਖੀ ਨੂੰ ਮਾਫੀ ਤੇ ਬਰਗਾੜੀ ਕਾਂਡ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ ਹੈ। ਇਸ ਨੂੰ ਦੇਖਦਿਆਂ ਪਾਰਟੀ ਨੂੰ ਆਪਣੇ ਫੈਸਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ।
ਸ਼ੈਂਟੀ ਨੇ ਲਾਇਆ ਕਰੋੜਾਂ ਦੇ ਭ੍ਰਿਸ਼ਟਾਚਾਰ ਦਾ ਦੋਸ਼ :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਘਿਰੇ ਪ੍ਰਧਾਨ ਮਨਜੀਤ ਸਿੰਘ ਜੀਕੇ ਖਿਲਾਫ ਹੁਣ ਕਮੇਟੀ ਦੇ ਮੌਜੂਦਾ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸੈਂਟੀ ਵੀ ਨਿੱਤਰ ਆਏ ਹਨ। ਸ਼ੈਂਟੀ ਨੇ ਕਾਨਫਰੰਸ ਕਰਕੇ ਜੀਕੇ ‘ਤੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੀਕੇ ਨੇ ਗੁਰੂ ਦੀ ਗੋਲਕ ਆਪਣੇ ਚਹੇਤਿਆਂ ਤੇ ਰਿਸ਼ਤੇਦਾਰਾਂ ਨੂੰ ਲੁਟਾਈ ਹੈ। ਜੀਕੇ ਨੇ ਦਿੱਲੀ ਦੀਆਂ ਸਿੱਖ ਵਿਰਾਸਤੀ ਇਮਾਰਤਾਂ ਨੂੰ ਢਹਿ ਢੇਰੀ ਕਰਨ ਦੀ ਸੌਦੇਬਾਜ਼ੀ ਵਿਚ ਕੋਈ ਕਸਰ ਨਹੀਂ ਛੱਡੀ। ਸ਼ੈਂਟੀ ਨੇ ਦੋਸ਼ ਲਗਾਇਆ ਕਿ ਜੀਕੇ ਨੇ ਕਿਤਾਬਾਂ ਛਪਵਾਉਣ, ਡਰੈਸਾਂ ਤਿਆਰ ਕਰਵਾਉਣ, ਵਿਰਾਸਤੀ ਇਮਾਰਤਾਂ ਢਾਹੁਣ ਲਈ 60 ਲੱਖ ਰੁਪਏ ‘ਚ ਸੌਦੇਬਾਜ਼ੀ ਕਰਨ ਵਿਚ ਘਪਲੇਬਾਜ਼ੀ ਕੀਤੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …