ਰੂਸ ਘੁੰਮਣ ਗਏ ਪੰਜਾਬ ਅਤੇ ਹਰਿਆਣਾ ਦੇ 9 ਨੌਜਵਾਨਾਂ ਨੂੰ ਜ਼ਬਰਨ ਫੌਜ ‘ਚ ਸ਼ਾਮਲ ਕਰਕੇ ਯੂਕਰੇਨ ਯੁੱਧ ‘ਚ ਭੇਜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਰੂਸ-ਯੂਕਰੇਨ ਸਰਹੱਦ ‘ਤੇ ਫਸੇ ਪੰਜਾਬ ਦੇ 7 ਅਤੇ ਹਰਿਆਣਾ ਦੇ 2 ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਵਤਨ ਵਾਪਸੀ ਦੇ ਲਈ ਕੇਂਦਰ ਤੋਂ ਮੱਦਦ ਮੰਗੀ ਹੈ। ਇਨ੍ਹਾਂ ਦੀ ਪਹਿਚਾਣ ਗਗਨਦੀਪ ਸਿੰਘ (24), ਲਵਪ੍ਰੀਤ ਸਿੰਘ (24), ਨਾਰਾਇਣ ਸਿੰਘ (22), ਗੁਰਪ੍ਰੀਤ ਸਿੰਘ (21), ਗੁਰਪ੍ਰੀਤ (23), ਹਰਸ਼ ਕੁਮਾਰ (20) ਅਤੇ ਅਭਿਸ਼ੇਕ ਕੁਮਾਰ (21) ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਦਾ ਆਰੋਪ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਰੂਸ ਦੀ ਫੌਜ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਅਜਿਹਾ ਨਹੀਂ ਕਰਨ ‘ਤੇ 10 ਸਾਲ ਦੀ ਸਜ਼ਾ ਕੱਟਣੀ ਹੋਵੇਗੀ। ਇਸ ਤੋਂ ਪਹਿਲਾਂ ਪਤਾ ਲੱਗਿਆ ਸੀ ਕਿ 100 ਭਾਰਤੀ ਇਕ ਸਾਲ ਤੋਂ ਰੂਸ ਦੀ ਫੌਜ ਵਿਚ ਕੰਮ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ 20 ਭਾਰਤੀਆਂ ਨੇ ਮਾਸਕੋ ਵਿਚ ਭਾਰਤੀ ਦੂਤਾਵਾਸ ਵਿਖੇ ਪਹੁੰਚ ਕੀਤੀ ਅਤੇ ਵਾਪਸ ਆਉਣ ਲਈ ਮੱਦਦ ਮੰਗੀ ਹੈ।
ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਅਕਾਂਖਾ ਦੇ ਰਹਿਣ ਵਾਲੇ ਰਵਨੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਰਵਨੀਤ ਸਿੰਘ ਵੀ ਆਪਣੇ ਸੁਨਹਿਰੀ ਭਵਿੱਖ ਦੇ ਲਈ 11 ਲੱਖ ਰੁਪਏ ਖਰਚ ਕਰਕੇ ਆਪਣੇ ਕੁਝ ਦੋਸਤਾਂ ਨਾਲ ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ। ਦੱਸਿਆ ਗਿਆ ਜਦੋਂ ਉਹ ਏਜੰਟ ਦੇ ਨਾਲ ਘੁੰਮਣ ਗਏ ਤਾਂ ਏਜੰਟ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਛੱਡ ਦਿੱਤਾ ਅਤੇ ਬੇਲਾਰੂਸ ਵਿਚ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਰੂਸ ਦੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਰੂਸੀ ਸੈਨਿਕਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੀ ਫੌਜ ਵਿਚ ਭਰਤੀ ਕਰ ਲਿਆ। ਹੁਣ ਉਨ੍ਹਾਂ ਨੂੰ ਯੂਕਰੇਨ ਦੇ ਖਿਲਾਫ ਯੁੱਧ ਲੜਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪੰਜਾਬ ਵਿਧਾਨ ਸਭਾ ਵਿਚ ਗੂੰਜਿਆ ਰੂਸ ‘ਚ ਫਸੇ ਪੰਜਾਬੀ ਨੌਜਵਾਨਾਂ ਦਾ ਮੁੱਦਾ : ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਚੱਲ ਰਹੇ ਬਜਟ ਇਜਲਾਸ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਰੂਸ ਗਏ ਪੰਜਾਬੀ ਨੌਜਵਾਨਾਂ ਨੂੰ ਜ਼ਬਰਨ ਫੌਜ ਵਿਚ ਭਰਤੀ ਕਰਨ ਦਾ ਗੰਭੀਰ ਮਾਮਲਾ ਚੁੱਕਿਆ। ਪਰਗਟ ਸਿੰਘ ਨੇ ਕਿਹਾ ਕਿ ਰੂਸ ਘੁੰਮਣ ਗਏ 5 ਪੰਜਾਬੀ ਨੌਜਵਾਨਾਂ ਨੂੰ ਉਥੋਂ ਦੀ ਸਰਕਾਰ ਨੇ ਜਬਰਨ ਯੂਕਰੇਨ ਖਿਲਾਫ ਜੰਗ ਲੜਨ ਲਈ ਫੌਜ ਵਿਚ ਭਰਤੀ ਕਰ ਲਿਆ ਸੀ ਅਤੇ ਇਸ ਮੁੱਦੇ ਨੂੰ ਭਾਰਤ ਸਰਕਾਰ ਅੱਗੇ ਚੁੱਕਿਆ ਜਾਵੇ। ਕਾਂਗਰਸੀ ਵਿਧਾਇਕ ਨੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਪਰਗਟ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਘਰਦਿਆਂ ਨੂੰ ਵੀ ਇਨ੍ਹਾਂ ਬਾਰੇ ਕੁਝ ਪਤਾ ਨਹੀਂ ਹੈ। ਇਸ ਸਬੰਧੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਕੇਂਦਰ ਸਰਕਾਰ ਅਤੇ ਰੂਸ ਵਿਚ ਸਥਿਤ ਅੰਬੈਸੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਸਾਰਥਿਕ ਨਤੀਜਾ ਸਾਹਮਣੇ ਆਵੇਗਾ।