ਬਾਈ ਸਰਕਾਰ ਕਿਸਦੀ!
ਪੰਜਾਬ ‘ਚ ਵਿਧਾਨ ਸਭਾ ਚੋਣਾਂ ਲਈ 78.6 ਫੀਸਦੀ ਹੋਈ ਵੋਟਿੰਗ
ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਵਧ ਤੇ ਅੰਮ੍ਰਿਤਸਰ ਵਿੱਚ ਪਈਆਂ ਸਭ ਤੋਂ ਘੱਟ ਵੋਟਾਂઠ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ 78.6 ਫੀਸਦੀ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਜਿਨ੍ਹਾਂ ਵਿਚ ਮਹਿਲਾਵਾਂ ਨੇ ਬਾਜ਼ੀ ਮਾਰਦਿਆਂ 79.2 (ਉਨਾਸੀ) ਫੀਸਦੀ ਵੋਟ ਅਧਿਕਾਰ ਦੀ ਵਰਤੋਂ ਕੀਤੀ, ਜਦੋਂ ਕਿ ਆਦਮੀਆਂ ਨੇ 78.5 ਫੀਸਦੀ ਵੋਟਾਂ ਪਾਈਆਂ। ਇਕ ਪਾਸੇ ਜਿੱਥੇ ਪੂਰੇ ਪੰਜਾਬ ਦੇ ਵਿਧਾਨ ਸਭਾ ਉਮੀਦਵਾਰਾਂ ਨੇ ਐਤਵਾਰ ਅਤੇ ਸੋਮਵਾਰ ਦਾ ਦਿਨ ਅਰਾਮ ਕਰਨ ਵਿਚ, ਆਪਣੇ ਖਾਸ ਵਰਕਰਾਂ ਨਾਲ ਮੀਟਿੰਗਾਂ ਕਰਨ ਵਿਚ ਗੁਜ਼ਾਰਿਆ, ਉਥੇ ਪੂਰੇ ਸੂਬੇ ਵਿਚ ਇਕੋ ਚਰਚਾ ਹੁੰਦੀ ਰਹੀ ਕਿ ਸਰਕਾਰ ਕਿਸਦੀ। ਪੰਜਾਬ ਦੇ ਪਿੰਡਾਂ ਦੀਆਂ ਖੁੰਢ ਚਰਚਾਵਾਂ ਤੋਂ ਲੈ ਕੇ ਬੱਸਾਂ, ਰੇਲ ਗੱਡੀਆਂ ਤੱਕ ਅਤੇ ਸ਼ਹਿਰਾਂ ਕਸਬਿਆਂ ਦੀਆਂ ਦੁਕਾਨਾਂ ਆਦਿ ਵਿਚ ਇਕੋ ਗੱਲ ਲੋਕ ਇਕ ਦੂਜੇ ਤੋਂ ਪੁੱਛਦੇ ਰਹੇ, ਫਿਰ ਕਿਸਦੀ ਬਣ ਰਹੀ ਹੈ ਕਿ ਸਰਕਾਰ। ਚਰਚਾ ਵਿਚ ਜਿੱਥੇ ਆਮ ਆਦਮੀ ਪਾਰਟੀ ਦਾ ਨਾਮ ਖੂਬ ਗੂੰਜ ਰਿਹਾ ਹੈ, ਉਥੇ ਕਾਂਗਰਸ ਨੂੰ ਵੀ ਲੋਕ ਇਗਨੋਰ ਨਹੀਂ ਕਰ ਪਾ ਰਹੇ। ਪਰ ਇਹ ਖੁੱਲ੍ਹੇਆਮ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਬਾਈ ਅਕਾਲੀ ਤਾਂ ਹੂੰਝੇ ਗਏ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਸਪਾ ਹੋਰਨਾਂ ਸਿਆਸੀ ਪਾਰਟੀਆਂ ਤੇ 304 ਆਜ਼ਾਦ ਉਮੀਦਵਾਰਾਂ ਸਣੇ 1145 ਉਮੀਦਵਾਰਾਂ ਦੀ ਸਿਆਸੀ ਕਿਸਮਤ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ ਹੈ। ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ। ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਨੇ ਕਈ ਥਾਈਂ 90 ਫੀਸਦੀ ਤੱਕ ਵੋਟਾਂ ਪਾਈਆਂ। ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਸ਼ਹਿਰਾਂ ਦੇ ਕਈ ਹਲਕਿਆਂ ਵਿੱਚ ਵੋਟਾਂ ਦਾ ਭੁਗਤਾਨ 60 ਫੀਸਦੀ ਦੇ ਨਜ਼ਦੀਕ ਹੀ ਰਿਹਾ। ਮਾਲਵਾ ਅਤੇ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵਿਚਲੇ ਵਿਧਾਨ ਸਭਾ ਹਲਕਿਆਂ ਵਿੱਚ ਵੋਟ ਪ੍ਰਤੀਸ਼ਤ 80 ਫੀਸਦੀ ਤੋਂ ਵੀ ਟੱਪ ਗਈ ਹੈ। ਪੰਜਾਬ ਦੇ ਚਰਚਿਤ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਬੀ ਵਿੱਚ 78 ਫੀਸਦੀ ਵੋਟਾਂ ਪਈਆਂ ਜਦੋਂ ਕਿ ਜਲਾਲਾਬਾਦ ਵਿੱਚ 86 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ। ਪਟਿਆਲਾ ਵਿਧਾਨ ਸਭਾ ਹਲਕੇ ਵਿੱਚ 67 ਫੀਸਦੀ ਲੋਕਾਂ ਨੇ ਹੀ ਵੋਟਾਂ ਪਾਈਆਂ। ਜ਼ਿਕਰਯੋਗ ਹੈ ਕਿ ਸਭ ਤੋਂ ਵੋਟਾਂ ਪਾਉਣ ਵਿਚ ਜਿੱਥੇ ਮਾਨਸਾ ਜ਼ਿਲ੍ਹਾ ਮੋਹਰੀ ਰਿਹਾ, ਉਥੇ ਸਭ ਤੋਂ ਫਸੱਡੀ ਅੰਮ੍ਰਿਤਸਰ ਰਿਹਾ।
Check Also
ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ
45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ …