Breaking News
Home / ਹਫ਼ਤਾਵਾਰੀ ਫੇਰੀ / ਕਨਿਸ਼ਕ ਕਾਂਡ ਮਾਮਲੇ ‘ਚ 20 ਸਾਲਾ ਸਜ਼ਾ ਕੱਟ ਕੇ ਰਿਆਤ ਰਿਹਾਅ ਇੰਦਰਜੀਤ ਰਿਆਤ ਦੀ ਸਜ਼ਾ ਖਤਮ

ਕਨਿਸ਼ਕ ਕਾਂਡ ਮਾਮਲੇ ‘ਚ 20 ਸਾਲਾ ਸਜ਼ਾ ਕੱਟ ਕੇ ਰਿਆਤ ਰਿਹਾਅ ਇੰਦਰਜੀਤ ਰਿਆਤ ਦੀ ਸਜ਼ਾ ਖਤਮ

ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਰੋਸ ਵਜੋਂ ਰਚੀ ਸਾਜਿਸ਼ ਨੇ ਲਈ ਸੀ 331 ਦੀ ਜਾਨ
ਓਟਵਾ/ਬਿਊਰੋ ਨਿਊਜ਼
ਕਨਿਸ਼ਕ ਕਾਂਡ ਮਾਮਲੇ ਵਿਚ 20 ਸਾਲਾਂ ਦੀ ਜੇਲ੍ਹ ਕੱਟਣ ਤੋਂ ਬਾਅਦ ਇੰਦਰਜੀਤ ਸਿੰਘ ਰਿਆਤ ਸਜ਼ਾ ਮੁੱਕਣ ‘ਤੇ ਰਿਹਾਅ ਹੋ ਗਿਆ। ਸੰਨ 1985 ਵਿਚ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਵਿਚ ਬੰਬ ਰੱਖਣ ਦੇ ਦੋਸ਼ੀ ਕਰਾਰ ਦਿੱਤੇ ਗਏ ਇੰਦਰਜੀਤ ਸਿੰਘ ਰਿਆਤ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਅਪਰੇਸ਼ਨ ਬਲੂ ਸਟਾਰ ਦੇ ਨਾਂ ਹੇਠ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੇ ਰੋਸ ਨੂੰ ਪ੍ਰਗਟਾਉਣ ਲਈ ਦੋ ਜਹਾਜ਼ਾਂ ਵਿਚ ਬੰਬ ਰੱਖਣ ਦੀ ਸਾਜਿਸ਼ ਘੜਨ ਦਾ ਦੋਸ਼ੀ ਮੰਨਿਆ ਗਿਆ ਸੀ ਰਿਆਤ ਹੋਰਾਂ ਨੂੰ। ਜਿਨ੍ਹਾਂ ਵਿਚੋਂ ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਵਿਚ ਉਡਾਨ ਦੌਰਾਨ ਹੀ ਧਮਾਕਾ ਹੋ ਗਿਆ ਤੇ ਇਸ ਵਿਚ ਸਵਾਰ 331 ਵਿਅਕਤੀ ਮਾਰੇ ਗਏ ਸਨ। ਇਸ ਮਾਮਲੇ ਵਿਚ 20 ਸਾਲਾਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਇੰਦਰਜੀਤ ਰਿਆਤ ਬਾਹਰ ਆ ਗਏ। ਕੈਨੇਡਾ ਪੈਰੋਲ ਬੋਰਡ ਦੇ ਬੁਲਾਰੇ ਪੈਟਰਿਕ ਸਟੋਰੀ ਨੇ ਦੱਸਿਆ ਕਿ 20 ਸਾਲਾਂ ਦੀ ਸਜ਼ਾ ਕੱਟਣ ਤੋਂ ਬਾਅਦ ਇੰਦਰਜੀਤ ਸਿੰਘ ਰਿਆਤ ਨੂੰ ਇਕ ਸਾਲ ਤੱਕ ਸੁਧਾਰ ਘਰ ਵਿਚ ਰੱਖਿਆ ਗਿਆ ਸੀ। ਹੁਣ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਰਿਹਾਅ ਕੀਤਾ ਗਿਆ ਹੈ। ਹਾਲਾਂਕਿ ਉਸਦੀ ਰਿਹਾਈ ਦੇ ਨਾਲ ਕੁਝ ਸ਼ਰਤਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਸ਼ਰਤਾਂ ਅਨੁਸਾਰ ਇੰਦਰਜੀਤ ਸਿੰਘ ਰਿਆਤ ਕਿਸੇ ਵੀ ਹਾਲਤ ਵਿਚ ਪੀੜਤ ਪਰਿਵਾਰਾਂ ਨਾਲ ਕਦੇ ਸੰਪਰਕ ਨਹੀਂ ਕਰੇਗਾ। ਨਾ ਹੀ ਕਿਸੇ ਦਹਿਸ਼ਤ ਫੈਲਾਉਣ ਵਾਲੇ ਸੰਗਠਨਾਂ ਨਾਲ ਸੰਪਰਕ ਬਣਾਵੇਗਾ। ਉਸ ‘ਤੇ ਸ਼ਰਤ ਇਹ ਵੀ ਲਾਈ ਗਈ ਹੈ ਕਿ ਉਹ ਰਾਜਨੀਤੀ ਤੋਂ ਦੂਰ ਰਹੇਗਾ ਅਤੇ ਤੈਅ ਸਮੇਂ ‘ਤੇ ਕੌਂਸਲਿੰਗ ਕਰਾਉਂਦਾ ਰਹੇਗਾ।
ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਰਿਆਤ ਤੋਂ ਇਲਾਵਾ ਇਸ ਮਾਮਲੇ ਵਿਚ ਦੋ ਹੋਰਨਾਂ ਨੂੰ ਆਰੋਪੀ ਬਣਾਇਆ ਗਿਆ ਸੀ, ਜੋ ਤੱਥਾਂ ਅਤੇ ਸਬੂਤਾਂ ਦੀ ਕਮੀ ਦੇ ਚੱਲਦਿਆਂ ਬਰੀ ਹੋ ਗਏ ਸਨ।
ਦੋ ਜਹਾਜ਼ਾਂ ‘ਚ ਰੱਖੇ ਸਨ ਬੰਬ
ਦੋ ਜਹਾਜ਼ਾਂ ਵਿਚ ਬੰਬ ਰੱਖੇ ਗਏ। ਆਇਰਲੈਂਡ ਕੋਸਟ ਦੇ ਕੋਲ ਹਵਾ ਵਿਚ ਹੀ ਬੰਬ ਫਟਣ ਨਾਲ ਕਨਿਸ਼ਕ ਜਹਾਜ਼ ਦੇ ਦੋ ਟੁਕੜੇ ਹੋ ਗਏ ਸਨ ਅਤੇ ਉਸ ਵਿਚ ਸਵਾਰ ਸਾਰੇ ਯਾਤਰੂ ਮਾਰੇ ਗਏ ਸਨ। ਦੂਜੇ ਜਹਾਜ਼ ਵਿਚ ਜਪਾਨ ਦੇ ਨਾਰੀਤਾ ਏਅਰਪੋਰਟ ‘ਤੇ ਧਮਾਕਾ ਹੋਇਆ ਸੀ, ਜਿਸ ਵਿਚ ਸਮਾਨ ਚੁੱਕਣ ਵਾਲੇ ਦੋ ਕਰਮਚਾਰੀਆਂ ਦੀ ਮੌਤ ਹੋ ਗਈ ਸੀ।
ਧਮਾਕੇ ਤੋਂ ਬਚੇ ਤਾਂ ਸਮੁੰਦਰ ਨੇ ਲੈ ਲਈ ਜਾਨ
ਕਨਿਸ਼ਕ ਜਹਾਜ਼ ਵਿਚ ਜਦੋਂ ਧਮਾਕਾ ਹੋਇਆ ਤਦ ਉਹ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਕਰੀਬ 45 ਮਿੰਟ ਦੀ ਦੂਰੀ ‘ਤੇ ਸੀ।  22 ਜੂਨ 1985 ਵਾਲੇ ਦਿਨ ਬ੍ਰਿਟੇਨ ਦੇ ਸਮੇਂ ਮੁਤਾਬਕ ਸਵੇਰੇ 8.16 ‘ਤੇ ਜਹਾਜ਼ ਅਚਾਨਕ ਰਾਡਾਰ ਤੋਂ ਗਾਇਬ ਹੋ ਗਿਆ। ਫਿਰ ਧਮਾਕੇ ਤੋਂ ਬਾਅਦ ਜਹਾਜ਼ ਦਾ ਮਲਬਾ ਸਾਊਥ ਆਇਰਲੈਂਡ ਦੇ ਕੋਸਟਰਲ ਇਲਾਕੇ ਵਿਚ ਬਿਖਰਿਆ ਹੋਇਆ ਮਿਲਿਆ ਸੀ। ਇਸ ਤੋਂ ਬਾਅਦ ਐਂਟਾਰਟਿਕ ਮਹਾਂਸਾਗਰ ‘ਚੋਂ ਯਾਤਰੂਆਂ ਦੀਆਂ ਲਾਸ਼ਾਂ ਅਤੇ ਜਹਾਜ਼ ਦਾ ਕੁਝ ਮਲਬਾ ਮਿਲਿਆ। ਕੁਝ ਯਾਤਰੀਆਂ ਦੀ ਲਾਸ਼ਾਂ ਦੀ ਜਾਂਚ ਅਤੇ ਮੈਡੀਕਲ ਚੈਕਅਪ ਤੋਂ ਬਾਅਦ ਪਤਾ ਲੱਗਿਆ ਸੀ ਕਿ ਉਨ੍ਹਾਂ ਦੀ ਮੌਤ ਧਮਾਕੇ ਕਾਰਨ ਨਹੀਂ ਬਲਕਿ ਸਮੁੰਦਰ ਵਿਚ ਡੁੱਬ ਜਾਣ ਨਾਲ ਹੋਈ। ਉਹ ਜਹਾਜ਼ ਵਿਚ ਅਜਿਹੇ ਹਿੱਸੇ ਵਿਚ ਬੈਠੇ ਸਨ, ਜਿੱਥੇ ਉਹ ਧਮਾਕੇ ਤੋਂ ਤਾਂ ਬਚ ਗਏ ਸਨ ਪਰ ਡੁੱਬ ਜਾਣ ਨਾਲ ਉਹਨਾਂ ਦੀ ਮੌਤ ਹੋ ਗਈ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …