Home / ਮੁੱਖ ਲੇਖ / ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ

ਜ਼ਮੀਰ ਦੀ ਆਜ਼ਾਦੀ ਦਾ ਨਾਂਅ ਹੈ ਧਰਮ

ਤਲਵਿੰਦਰ ਸਿੰਘ ਬੁੱਟਰ
ਧਰਮ ਜਾਂ ਮਜ਼ਬ ਸਾਡੇ ਅੰਦਰ ਧੁਰ ਰੂਹ ਤੱਕ ਗੂੰਜਦਾ ਇਕ ਇਸ਼ਕ ਹੈ। ਜਿਸ ਤਰਾਂ ਇਸ਼ਕ ਇਕ ਨਾਲ ਹੀ ਹੁੰਦਾ ਹੈ ਇਸੇ ਤਰਾਂ ਧਰਮ, ਮਜ਼ਬ ਤੇ ਦੀਨ ਵੀ ਮਨੁੱਖ ਇਕ ਥਾਂ ਭਰੋਸੇ ਨੂੰ ਟਿਕਾ ਕੇ ਹੀ ਨਿਭਾਅ ਸਕਦਾ ਹੈ। ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣੇ ਅੰਤਹਕਰਣ ਦਾ ਮਜ਼ਬ (ਧਾਰਮਿਕ ਭਰੋਸਾ), ਪਿਆਰ ਦੀ ਟੇਕ ਬਣਦਾ ਹੈ। ਇਹ ਟੇਕ ਬਣਾਇਆਂ ਨਹੀਂ ਸਗੋਂ ਆਪ ਮੁਹਾਰੀ ਬਣਦੀ ਹੈ। ਹਿੰਦੂ, ਇਸਾਈ, ਮੁਸਲਮਾਨ ਤੇ ਸਿੱਖ ਆਦਿ ਤਾਂ ਸਿਰਫ਼ ਕਥਨੀ ਮਾਤਰ ਹਨ। ਧਰਮ ਕੋਈ ਬਾਹਰੋਂ ਪੜ-ਪੜਾ ਕੇ ਸਾਡੇ ਅੰਦਰ ਵਾੜੀ ਕਿਸੇ ਵਿਦਿਆ ਦਾ ਗਿਆਨ ਨਹੀਂ ਹੁੰਦਾ, ਸਗੋਂ ਇਹ ਤਾਂ ਸੁੱਤੇ ਸਿੱਧ ਆਤਮਾ ਤੋਂ ਸਰੀਰ ਤੱਕ ਉਤਰਨ ਵਾਲੇ ਰੱਬੀ ਇਲਹਾਮ ਦਾ ਨਾਂਅ ਹੈ। ਜਿਸ ਦੀ ਆਤਮਾ ਤੋਂ ਧਰਮ ਉਤਰੇ ਉਹ ਕਦੇ ਬੇਦੀਨਾ ਨਹੀਂ ਹੋ ਸਕਦਾ । ਉਸ ਦਾ ਧਰਮ ਅਟੱਲ ਰਹਿੰਦਾ ਹੈ, ਜਿਸ ਨੂੰ ਕੋਈ ਡੁਲਾ ਨਹੀਂ ਸਕਦਾ। ਜਿਸ ਤਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੰਨੇ-ਮੁੰਨੇ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਨੇ ਮੁਗ਼ਲ ਹਾਕਮਾਂ ਦੇ ਹਰ ਲਾਲਚ ਅਤੇ ਹਰ ਡਰ ਨੂੰ ਨਿਰਭੈ ਹੋ ਕੇ ਠੁਕਰਾਇਆ ਕੀਤਾ ਅਤੇ ਅਦੁੱਤੀ ਸ਼ਹਾਦਤਾਂ ਦੇ ਕੇ ਧਰਮ ਦੀ ਅਡੋਲਤਾ ਦੀ ਦੁਨੀਆ ਨੂੰ ਮਿਸਾਲ ਕਾਇਮ ਕਰਕੇ ਦਿਖਾਈ ਸੀ। ਸਰਹਿੰਦ ਦੇ ਹਾਕਮ ਨਵਾਬ ਵਜ਼ੀਰ ਖਾਨ ਦੇ ਦਰਬਾਰ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਦੀਨ ਤੋਂ ਡੁਲਾਉਣ ਲਈ ਰਾਜ-ਭਾਗ, ਮਾਲ-ਦੌਲਤ ਅਤੇ ਹੂਰਾਂ ਦੇ ਡੋਲੇ ਦੇਣ ਦੇ ਲਾਲਚ ਦਿੱਤੇ ਤਾਂ ਸਾਹਿਬਜ਼ਾਦਿਆਂ ਨੇ ਇਹ ਸਭ ਕੂੜਾਵੀਆਂ ਤੇ ਨਾਸ਼ਵਾਨ ਚੀਜ਼ਾਂ ਨੂੰ ਪੈਰ ਦੀ ਨੋਕ ਨਾਲ ਠੁਕਰਾ ਦਿੱਤਾ ਸੀ।
ਉਸਤਾਦ ਹਕੀਮ ਅੱਲਾ ਯਾਰ ਖਾਂ ਯੋਗੀ ‘ਛੋਟੇ ਸਾਹਿਬਜ਼ਾਦਿਆਂ’ ਦੀ ਦਲੇਰੀ ਤੇ ਬੇਬਾਕੀ ਨੂੰ ਸ਼ਬਦਾਂ ਵਿਚ ਇਉਂ ਬਿਆਨ ਕਰਦਾ ਹੈ :
ਸਤਿਗੁਰ ਕੇ ਲਾਡਲੋਂ ਨੇ ਦੀਆ ਰੋਅਬ ਸੇ ਜਵਾਬ…
ਆਤੀ ਨਹੀਂ ਸ਼ਰਮ ਜ਼ਰਾ ਤੁਝ ਕੋ ਐ ਨਵਾਬ!
ਦੁਨੀਆ ਕੇ ਪੀਛੇ ਕਰਤਾ ਹੈ ਕਿਉਂ ਦੀਨ ਕੋ ਖਰਾਬ
ਕਿਸ ਕਾ ਲਿਖਾ ਹੈ ਜ਼ੁਲਮ ਦਿਖਾ ਤੂੰ ਹਮੇਂ ਕਿਤਾਬ
ਤਾਲੀਮ ਜ਼ੋਰ ਕੀ ਕਹੀਂ ਕੁਰਾਨ ਮੇਂ ਨਹੀਂ
ਖੂਬੀ ਤੁਮਾਰੇ ਸ਼ਾਹ ਕੇ ਈਮਾਨ ਮੇਂ ਨਹੀਂ।
ਲਾਲਚਾਂ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰਾਵਾ ਦੇ ਕੇ ਵੀ ਮੁਸਲਮਾਨ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਾਹਿਬਜ਼ਾਦਿਆਂ ਦਾ ਸਵਾਲ ਸੀ ਕਿ, ”ਕੀ ਮੁਸਲਮਾਨ ਬਣ ਜਾਣ ਨਾਲ ਕਦੇ ਮੌਤ ਨਹੀਂ ਆਵੇਗੀ?” ਦੀਨ, ਈਮਾਨ ਅਤੇ ਧਰਮ ‘ਤੇ ਅਡਿੱਗ ਭਰੋਸੇ ਦੀ ਦੁਨੀਆ ਵਿਚ ਇਸ ਤੋਂ ਵੱਡੀ ਤੇ ਅਦੁੱਤੀ ਮਿਸਾਲ ਕਿਸੇ ਇਤਿਹਾਸ ਵਿਚ ਨਹੀਂ ਲੱਭਦੀ।
ਧਰਮ ਤਾਂ ਇਕ ਤਰਾਂ ਦਾ ਆਤਮ ਸਮਰਪਣ ਹੈ ਤੇ ਜਿਸ ਤਰਾਂ ਆਤਮ ਸਮਰਪਣ ਜਬਰੀ ਜਾਂ ਉਪਦੇਸ਼ ਦੇ ਕੇ ਨਹੀਂ ਕਰਵਾਇਆ ਜਾ ਸਕਦਾ, ਉਸੇ ਤਰਾਂ ਧਰਮ ਵੀ ਕਿਸੇ ਪੋਥੀਆਂ ਤੋਂ ਪੜ ਪੜ ਕੇ ਸੁਣਾਏ ਉਪਦੇਸ਼ਾਂ ਦੁਆਰਾ ਨਹੀਂ ਧਾਰਨ ਕਰਵਾਇਆ ਜਾ ਸਕਦਾ। ਇਹ ਸਮਰਪਣ ਬਿਨਾਂ ਸ਼ਰਤ ਅਤੇ ਜ਼ਮੀਰ ਦੀ ਆਜ਼ਾਦੀ ਤੋਂ ਸੇਧ ਲੈਂਦਾ ਹੈ। ਕਿਸੇ ਵੀ ਧਰਮ ਦਾ ਅਕੀਦਾ ਇਸ ਗੱਲ ਦੀ ਤਾਈਦ ਨਹੀਂ ਕਰਦਾ ਕਿ ਕਿਸੇ ਨੂੰ ਲਾਲਚ ਦੇ ਕੇ ਜਾਂ ਜ਼ੋਰ-ਜ਼ਬਰਦਸਤੀ ਨਾਲ ਧਰਮੀ ਬਣਾਇਆ ਜਾ ਸਕਦਾ ਹੈ। ਨਾ ਹੀ ਲਾਲਚਵੱਸ, ਮਜਬੂਰੀਵੱਸ ਜਾਂ ਜਬਰ ਤੋਂ ਡਰ ਕੇ ਕਿਸੇ ਧਰਮ ਵਿਚ ਚਲੇ ਜਾਣਾ ਸੱਚੇ ਧਰਮੀ ਹੋਣ ਦੀ ਨਿਸ਼ਾਨੀ ਹੈ। ਧਰਮ ਤਾਂ ਇਕ ਅਜਿਹਾ ਬੀਜ਼ ਹੈ, ਜਿਹੜਾ ਸਾਡੇ ਅੰਦਰੋਂ ਸਹਿਜ-ਸੁਭਾਅ ਪੁੰਗਰਦਾ ਹੈ ਅਤੇ ਜਿਵੇਂ ਕੋਈ ਚੀਜ਼ ਫ਼ੁੱਟ ਕੇ ਅੰਦਰੋਂ ਸਹਿਜ ਸੁਭਾਅ ਨਾ ਨਿਕਲੇ, ਉਹ ਧੱਕੇ ਨਾਲ ਤੇ ਬਿਨਾਂ ਮਰਜ਼ੀ ਤੋਂ ਅੰਦਰ ਸੁੱਟੀ ਇਕ ਪਲਾਤੀ ਜਿਹੀ ਹੁੰਦੀ ਹੈ ਅਤੇ ਉਸ ਦੀਆਂ ਜੜਾਂ ਨਹੀਂ ਹੁੰਦੀਆਂ ਤੇ ਇਸ ਓਪਰੀ ਚੀਜ਼ ਦੇ ਨਾਲ ਸਾਡਾ ਅੰਦਰ ਦਾ ਸੁਭਾਅ ਨਹੀਂ ਭਿੱਜ ਸਕਦਾ।
ਸਿੱਖਾਂ ਦਾ ਵਿਰਸਾ ਹੀ ਧਾਰਮਿਕ ਆਜ਼ਾਦੀ ਹੈ। ਜਿਥੋਂ ਤੱਕ ਗੁਰਮਤਿ ਫ਼ਲਸਫ਼ੇ ਦੀ ਗੱਲ ਹੈ, ਆਪਣੇ ਧਰਮ ਤੇ ਜ਼ਮੀਰ ਦੀ ਆਜ਼ਾਦੀ ਲਈ ਆਪਣੇ ਸਿਰੜ ‘ਤੇ ਅੜੇ ਰਹਿਣਾ ਹੀ ਗੁਰਮਤਿ ਦਾ ਫ਼ਲਸਫ਼ਾ ਹੈ। ਭਗਤ ਨਾਮਦੇਵ ਜੀ ਨੂੰ ਜਦ ਸੁਲਤਾਨ ਮੁਹੰਮਦ ਤੁਗਲਕ ਤਸੀਹੇ ਦੇ ਕੇ ਇਸਲਾਮ ਕਬੂਲਣ ‘ਤੇ ਜ਼ੋਰ ਦੇ ਰਿਹਾ ਸੀ ਤਾਂ ਭਗਤ ਨਾਮਦੇਵ ਦੀ ਮਾਂ ਜਾਨ ਦੀ ਸਲਾਮਤੀ ਲਈ ਆਪਣੇ ਪੁੱਤਰ ਨੂੰ ਕਹਿਣ ਲੱਗੀ ਕਿ, ”ਤੂੰ ਹਿੰਦੂਆਂ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਨ ਲੱਗ ਜਾਂਦਾ?” ਪੁੱਤਰ ਨੂੰ ਦੀਨ ਤੋਂ ਡੋਲਣ ਲਈ ਆਖਣ ਵਾਲੀ ਮਾਂ ਨੂੰ ਹੀ ਪਛਾਨਣ ਤੋਂ ਨਾਂਹ ਕਰਦਿਆਂ ਭਗਤ ਨਾਮਦੇਵ ਆਖਣ ਲੱਗੇ, ”ਨਾ ਮੈਂ ਤੇਰਾ ਪੁੱਤਰ ਹਾਂ ਤੇ ਨਾ ਤੂੰ ਮੇਰੀ ਮਾਂ ਹੈਂ। ਜੇਕਰ ਮੇਰਾ ਸਰੀਰ ਵੀ ਨਾਸ਼ ਹੋ ਜਾਵੇ ਤਾਂ ਵੀ ਮੈਂ ਹਰੀ ਪ੍ਰਭੂ ਦੇ ਗੁਣ ਗਾਉਣ ਤੋਂ ਨਹੀਂ ਹਟਾਂਗਾ।”
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਸਾਡੇ ਲਈ ਧਰਮ ਪਰਿਵਰਤਨ ਦੇ ਮੁੱਦੇ ‘ਤੇ ਸਿੱਖ ਸਿਧਾਂਤ ਦਾ ਸਭ ਤੋਂ ਵੱਡਾ ਚਾਨਣ-ਮੁਨਾਰਾ ਹੈ। ਗੁਰੂ ਸਾਹਿਬ ਕੋਲ ਜਿਸ ਵੇਲੇ ਕਸ਼ਮੀਰੀ ਪੰਡਤ ਇਹ ਫ਼ਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਉਨਾਂ ਨੂੰ ਕਿਹਾ ਕਿ, ਬੇਸ਼ੱਕ ਅਸੀਂ ਤੁਹਾਡੇ ਤਿਲਕ ਜੰਝੂ ਦੇ ਵਿਸ਼ਵਾਸ ਨਾਲ ਸਹਿਮਤ ਨਹੀਂ ਹਾਂ, ਪਰ ਅਸੀਂ ਤੁਹਾਡੇ ਵਿਸ਼ਵਾਸਾਂ ਦੀ ਰੱਖਿਆ ਜ਼ਰੂਰ ਕਰਾਂਗੇ। ਗੁਰੂ ਸਾਹਿਬ ਨੇ ਫ਼ਰਮਾਇਆ,”ਔਰੰਗਜ਼ੇਬ ਨੂੰ ਕਹਿ ਆਓ, ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁਸਲਮਾਨੀ ਸ਼ਰਾ ‘ਚ ਆ ਜਾਵਾਂਗੇ।ਜਿਸ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਹਨ ਉਸੇ ਧਰਮ ਦੇ ਨੌਵੇਂ ਗੁਰੂ ਇਸੇ ਜੰਝੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ, ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ। ਜੇਕਰ ਧਰਮ ਪਰਿਵਰਤਨ ਕਰਵਾ ਕੇ ਜਾਂ ਗਿਣਤੀਆਂ ਵਧਾ ਕੇ ਹੀ ਧਰਮ ਦੇ ਸੱਚੇ ਫ਼ੈਲਾਅ ਦਾ ਸੰਕਲਪ ਹੁੰਦਾ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਰਨ ਵਿਚ ਆਏ ਕਸ਼ਮੀਰੀ ਹਿੰਦੂਆਂ ਨੂੰ ਇਹ ਕਿਉਂ ਨਹੀਂ ਕਿਹਾ ਕਿ ਤੁਸੀਂ ਸਿੱਖ ਬਣ ਜਾਓ, ਫ਼ੇਰ ਅਸੀਂ ਤੁਹਾਡੀ ਰੱਖਿਆ ਕਰਾਂਗੇ।
ਗੁਰਮਤਿ ਵਿਚ ਕਿਤੇ ਵੀ ਕਿਸੇ ਨੂੰ ਆਪਣੇ ਮਜ਼ਬ ਵਿਚ ਲਿਆਉਣ ਦੀ ਗੱਲ ਨਹੀਂ ਕੀਤੀ ਗਈ। ਸਗੋਂ ਹਰੇਕ ਮਨੁੱਖ ਨੂੰ ਆਪੋ ਆਪਣੇ ਭਰੋਸੇ ਅਤੇ ਮਜ਼ਬ ਵਿਚ ਰਹਿ ਕੇ ਚੰਗੇ ਇਨਸਾਨ ਬਣਨ ਅਤੇ ਸ਼ੁਭ ਕਰਮ ਕਰਨ ਦੀ ਹੀ ਸਿੱਖਿਆ ਮਿਲਦੀ ਹੈ।
ਗੁਰਮਤਿ ਵਿਚ ਧਰਮ ਦੀ ਜੋ ਵਿਆਪਕ ਅਤੇ ਸਰਵੋਤਮ ਪ੍ਰੀਭਾਸ਼ਾ ਹੈ, ਉਹ ਹੋਰ ਕਿਸੇ ਮਜ਼ਬ ਜਾਂ ਧਰਮ ਨੇ ਨਹੀਂ ਕੀਤੀ। ਸੁਖਮਨੀ ਸਾਹਿਬ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਗੁਰਵਾਕ ”ਸਰਬ ਧਰਮ ਮਹਿ ਸ੍ਰੇਸਟ ਧਰਮੁ। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।” ਅਨੁਸਾਰ ਆਪਣੇ ਮੂਲ ਨਾਲ ਹਮੇਸ਼ਾ ਜੁੜੇ ਰਹਿਣਾ, ਸਰਬ ਵਿਆਪਕਤਾ ਦੀ ਚੇਤਨਾ ਵਿਚ ਭਿੱਜੇ ਰਹਿ ਕੇ ਸ਼ੁਭ ਕਰਮ ਕਰਨੇ ਹੀ ਸਭ ਤੋਂ ਸ਼੍ਰੇਸ਼ਟ ਧਰਮ ਹੈ। ਫ਼ਿਰ ਅੱਜ ਧਰਮ ਤਬਦੀਲੀਆਂ ਅਤੇ ‘ਘਰ ਵਾਪਸੀ’ ਅਤੇ ਧਰਮ ਦੇ ਸਾਮਰਾਜ ਖੜੇ ਕਰਨ ਵਰਗੀਆਂ ਮੁਹਿੰਮਾਂ ਕਿਸ ਵਾਸਤੇ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਤ ਨੇ ਕਿਸੇ ਨੂੰ ਸਿੱਖ ਬਣਨ ਦਾ ਉਪਦੇਸ਼ ਨਹੀਂ ਦਿੱਤਾ। ਜਿਸ ਦੇ ਕਰਮ ਜਾਗੇ ਉਹ ਖੁਦ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਦੀ ਦਾਤ ਮੰਗਣ ਆਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਹਿੰਦੂ ਨੂੰ ”ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ।” ਆਖ ਕੇ ਅਜਿਹਾ ਸੱਚਾ ਹਿੰਦੂ ਬਣਨ ਲਈ ਆਖਿਆ ਸੀ ਜਿਸ ਦੇ ਗਲ ਵਿਚ ਪਾਇਆ ਜਨੇਊ ਦਇਆ ਦੀ ਕਪਾਹ ਦਾ ਬਣਿਆ, ਸੰਤੋਖ ਦੇ ਸੂਤ ਦਾ, ਜਤ ਦੀਆਂ ਗੰਢਾਂ ਅਤੇ ਉੱਚੇ ਆਚਰਣ ਰੂਪੀ ਵੱਟ ਨਾਲ ਤਿਆਰ ਕੀਤਾ ਹੋਵੇ। ਇਸੇ ਤਰਾਂ ”ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ।” ਆਖ ਕੇ ਮੁਸਲਮਾਨ ਨੂੰ ਵੀ ਇਕ ਪਰਵਦਿਗਾਰ ਦੀ ਚੇਤਨਾ ਵਿਚ ਰਹਿ ਕੇ ਕਾਇਨਾਤ ਨਾਲ ਪਿਆਰ ਅਤੇ ਸ਼ੁਭ ਕਰਮ ਕਰਨ ਦੀ ਹੀ ਨਸੀਹਤ ਦਿੱਤੀ ਗਈ ਹੈ। ਗੁਰਮਤਿ ਵਿਚ ਸਭ ਤੋਂ ਉੱਤਮ ਸੱਚੇ ਆਚਰਣ ਨੂੰ ਹੀ ਮੰਨਿਆ ਗਿਆ ਹੈ। ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥”
ਫ਼ੇਰ ਹੁਣ ਭਾਵੇਂ ਇਸਾਈਅਤ ਦੇ ਪ੍ਰਚਾਰਕਾਂ ਵਲੋਂ ਆਰਥਿਕ ਲਾਭਾਂ ਦਾ ਲਾਲਚ ਦੇ ਕੇ ਪੰਜਾਬ ‘ਚ ਹਿੰਦੂ ਅਤੇ ਸਿੱਖਾਂ ਨੂੰ ਇਸਾਈ ਬਣਾਉਣ ਦੀ ਮੁਹਿੰਮ ਹੋਵੇ, ਜਾਂ ਫ਼ਿਰ ਕਿਸੇ ਸਮੇਂ ਮੁਗਲ ਹਾਕਮਾਂ ਦੇ ਜਬਰ ਕਾਰਨ ਮੁਸਲਮਾਨ ਬਣੇ ਲੋਕਾਂ ਨੂੰ ਮੁੜ ਹਿੰਦੂ ਬਣਾਉਣ ਜਾਂ ਫ਼ਿਰ ਸਿੱਖਾਂ ਤੋਂ ਇਸਾਈ ਬਣੇ ਲੋਕਾਂ ਨੂੰ ਮੁੜ ‘ਘਰ ਵਾਪਸੀ’ ਦੇ ਨਾਂਅ ‘ਤੇ ਸਿੱਖ ਬਣਾਉਣ ਦੀ ਕਵਾਇਦ, ਇਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ।  ਪ੍ਰੋ. ਪੂਰਨ ਸਿੰਘ ਦੇ ਸ਼ਬਦਾਂ ਵਿਚ, ”ਕੋਈ ਵੀ ਸੱਚਾ ਧਾਰਮਿਕ ਮਨੁੱਖ ਲੋਕਾਂ ਦੇ ਧਰਮ ਬਦਲਣ ਦੀ ਦਲੇਰੀ ਨਹੀਂ ਕਰ ਸਕਦਾ। ਮਨੁੱਖ ਜੰਗਲੀ ਜਾਨਵਰਾਂ ਵਾਂਗ ਬਾਕੀ ਦੂਜਿਆਂ ‘ਤੇ ਆਪਣਾ ਮਜ਼ਬ ਥੋਪਣਾ ਚਾਹੁੰਦਾ ਹੈ ਪਰ ਆਪਣੇ ‘ਤੇ ਨਹੀਂ।”
ਨਿਰਸੰਦੇਹ ਇਹ ਕਾਰਵਾਈਆਂ ਸੱਚੇ ਧਰਮ ਦੀਆਂ ਨਹੀਂ, ਸਗੋਂ ਧਰਮ ਦੀ ਆੜ ਹੇਠ ਧਾਰਮਿਕ ਗੁਲਾਮਾਂ ਦਾ ਇਕ ਵੱਡਾ ਸਾਮਰਾਜ ਖੜਾ ਕਰਨ ਦੀ ਮਨੁੱਖਤਾ ਵਿਰੋਧੀ ਮੁਹਿੰਮ ਆਖੀ ਜਾ ਸਕਦੀ ਹੈ। ਜੇਕਰ ਸਾਰੇ ਧਰਮਾਂ ਦਾ ਆਦਰਸ਼ ਮਨੁੱਖ ਨੂੰ ਚੰਗਾ ਮਨੁੱਖ ਬਣਾਉਣਾ ਹੀ ਬਣ ਜਾਵੇ ਤਾਂ ਫ਼ਿਰ ਇਹੋ-ਜਿਹੇ ਆਡੰਬਰ ਕਰਨ ਦੇ ਕੋਈ ਅਰਥ ਨਹੀਂ ਰਹਿ ਜਾਂਦੇ।
ਹਰੇਕ ਧਰਮ ਦੀ ਸਿੱਖਿਆ ਇਹ ਹੋਣੀ ਚਾਹੀਦੀ ਹੈ ਕਿ ਹਰ ਕੋਈ ਦੂਜੇ ‘ਤੇ ਧਰਮ ਥੋਪਣ ਦੀ ਥਾਂ ਖੁਦ ਸੱਚਾ ਧਰਮੀ ਬਣੇ, ਮਾਨਵਤਾ ਅਤੇ ਸਾਰੇ ਮਜ਼ਬਾਂ ਨੂੰ ਇਕੋ ਅੱਖ ਨਾਲ ਦੇਖੇ ਅਤੇ ਹਰੇਕ ਨੂੰ ਆਪਣੇ ਮਨ ਦੀ ਇੱਛਾ ਮੁਤਾਬਕ ਧਰਮ ਨਿਭਾਉਣ ਦੀ ਆਜ਼ਾਦੀ ਹੋਵੇ। ਇਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ‘ਧਰਮ ਦੀ ਖ਼ਾਤਰ ਦਿੱਤੀ ਮਹਾਨ ਸ਼ਹਾਦਤ’, ਛੋਟੇ ਸਾਹਿਬਜ਼ਾਦਿਆਂ ਦੀ ਦੀਨ ਦੀ ਖ਼ਾਤਰ ਬੇਮਿਸਾਲ ਕੁਰਬਾਨੀ ਅਤੇ ਆਜ਼ਾਦ ਭਾਰਤ ਦੇ ਸੰਵਿਧਾਨ ਵਿਚ ਧਰਮ ਦੀ ਆਜ਼ਾਦੀ ਦੇ ਦਿੱਤੇ ਅਧਿਕਾਰ ਦੇ ਸੱਚੇ ਪੈਰੋਕਾਰ ਬਣਨ ਦੀ ਸ਼ਰਤ ਹੈ। ਜਿਥੇ ਜਿਥੇ ਕਿਸੇ ਦਾ ਭਰੋਸਾ ਜਾਂ ਈਮਾਨ ਟਿਕਿਆ, ਉਸ ਨੂੰ ਬਣਿਆ ਰਹਿਣ ਦੇਣਾ ਚਾਹੀਦਾ ਹੈ। ਦਿੱਲੀ ਦੇ ਬਾਦਸ਼ਾਹਾਂ ਦੀ ਖੁਸ਼ਾਮਦ ਕਰਦਿਆਂ ਗੁਰਬਾਣੀ ਦੇ ਸ਼ਬਦ ਨੂੰ ਬਦਲਣ, ਰਜ਼ਾ, ਸਹਿਣਸ਼ੀਲਤਾ ਤੇ ਰੱਬੀ ਹੁਕਮ ਵਿਚ ਰਹਿਣ ਦੇ ਗੁਰਮਤਿ ਅਸੂਲਾਂ ਨੂੰ ਭੰਗ ਕਰਨ ਵਾਲੇ ਬਾਬਾ ਰਾਮ ਰਾਇ ਪ੍ਰਤੀ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਵਲੋਂ ਲਿਆ ਨਿਰਣਾ, ਇਕ ਵਾਰ ਦੀਨ ਤੋਂ ਡੋਲ ਜਾਣ ਵਾਲੇ ਲੋਕਾਂ ਪ੍ਰਤੀ ਗੁਰਮਤਿ ਸਿਧਾਂਤ ਦੀ ਕਸਵੱਟੀ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ੁਰਮਾਨ ਅਜਿਹੇ ਲੋਕਾਂ ਲਈ ਸਪੱਸ਼ਟ ਹੈ, ”ਦੀਨ ਨਾਹੀ, ਯਕੀਨ ਨਾਹੀ।”

Check Also

ਪੰਜਾਬ ਦੀਆਂ ਸਮੱਸਿਆਵਾਂ ਤੇ ਸਿਆਸਤਦਾਨ

ਗੁਰਮੀਤ ਸਿੰਘ ਪਲਾਹੀ ਲਗਭਗ ਤਿੰਨ ਕਰੋੜੀ ਆਬਾਦੀ ਅਤੇ ਢਾਈ ਦਰਿਆਵਾਂ ਵਾਲਾ ਪੰਜਾਬ, ਜਦੋਂ ਆਪਣੀ ਹੋਂਦ …