Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੇ ਪਹਿਲੇ ਆਯੁਰਵੈਦਿਕ ਕਾਲਜ ਦਾ ਉਦਘਾਟਨ

ਕੈਨੇਡਾ ਦੇ ਪਹਿਲੇ ਆਯੁਰਵੈਦਿਕ ਕਾਲਜ ਦਾ ਉਦਘਾਟਨ

4-20ਸਤੰਬਰ ਤੋਂ ਸ਼ੁਰੂ ਹੋਣਗੀਆਂ ਕਲਾਸਾਂ, ਦੋ ਸਾਲ ਦਾ ਹੋਵੇਗਾ ਡਿਪਲੋਮਾ
ਮਿੱਸੀਸਾਗਾ/ਪਰਵਾਸੀ ਬਿਊਰੋ
ਬੀਤੇ ਮੰਗਲਵਾਰ, 21 ਜੂਨ ਨੂੰ ਜਿੱਥੇ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਡੇਅ ਮਨਾਇਆ ਗਿਆ, ਉੱਥੇ ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕੈਨੇਡਾ ਦੀ ਧਰਤੀ ‘ਤੇ ਪਹਿਲੇ ਆਯੁਰਵੈਦਿਕ ਕਾਲਜ ਦਾ ਉਦਘਾਟਨ ਵੀ ਕੀਤਾ ਗਿਆ। ਵਰਨਣਯੋਗ ਹੈ ਕਿ   ਕੈਨੇਡੀਅਨ ਕਾਲਜ ਆਫ ਆਯੁਰਵੇਦਾ ਐਂਡ ਯੋਗਾ ਦੇ ਨਾਮਕ ਇਸ ਕਾਲਜ ਵਿੱਚ ਦੋ ਸਾਲ ਦਾ ਰੈਗੂਲਰ ਆਯੁਰਵੈਦਿਕ ਕੋਰਸ ਕਰਵਾਇਆ ਜਾਵੇਗਾ, ਜਿਸ ਨੂੰ ਪਾਸ ਕਰਕੇ ਵਿਦਿਆਰਥੀ ਕੈਨੇਡਾ ਵਿੱਚ ਮਾਨਤਾ ਪ੍ਰਾਪਤ ਕਰਕੇ ਆਯੁਰਵੈਦਿਕ ਪ੍ਰੈਕਟੀਸ਼ਨਰ ਦੇ ਤੌਰ ‘ਤੇ ਕੰਮ ਕਰ ਸਕਦੇ ਹਨ।
ਇਸ ਸੰਸਥਾ ਦੇ ਮੁਖੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਆਯੁਰਵੈਦਿਕ ਡਾ. ਹਰੀਸ਼ ਵਰਮਾ ਦਾ ਕਹਿਣਾ ਹੈ ਕਿ ਜਿੱਥੇ 12 ਗ੍ਰੇਡ ਪਾਸ ਵਿਦਿਆਰਥੀ ਦੋ ਸਾਲ ਦਾ ਫੁੱਲ ਟਾਈਮ 2700 ਘੰਟਿਆਂ ਦਾ ਕੋਰਸ ਕਰਕੇ ਇਹ ਡਿਪਲੋਮਾ ਹਾਸਲ ਕਰ ਸਕਦੇ ਹਨ, ਉੱਥੇ ਬਾਹਰਲੇ ਮੁਲਕਾਂ ਤੋਂ ਪਹਿਲਾਂ ਹੀ ਮੈਡੀਕਲ ਦੀ ਪੜ੍ਹਾਈ ਕਰ ਚੁੱਕੇ ਵਿਅਕਤੀਆਂ ਜਿਵੇਂ ਕਿ ਨਰਸਾਂ, ਫਾਰਮਸਿਸਟ, ਕੈਰੋਪ੍ਰਕਟਰ ਜਾਂ ਫਿਜ਼ਿਓਥਰੈਪਿਸਟ ਸਿਰਫ਼ 1500 ਘੰਟੇ ਵੀਕ-ਐਂਡ ਤੇ ਇਹ ਕੋਰਸ ਕਰਕੇ ਡਿਪਲੋਮਾ ਹਾਸਲ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਖਤਮ ਕਰਨ ਤੋਂ ਬਾਅਦ 500 ਘੰਟੇ ਦੀ ਕੈਨੇਡਾ ਜਾਂ ਭਾਰਤ ਤੋਂ ਇੰਟਰਨਸ਼ਿਫ ਵੀ ਕਰਨੀ ਪਵੇਗੀ, ਜਿਸ ਲਈ ਬੈਂਗਲੌਰ ਵਿਖੇ ਸਥਿਤ 300 ਬੈੱਡ ਦੇ ਇਕ ਪ੍ਰਸਿੱਧ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨਾਲ ਸਮਝੌਤਾ ਕਰ ਲਿਆ ਗਿਆ ਹੈ।
ਇੰਜ ਇਹ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਓਨਟੈਰਿਓ ਵਿੱਚ ਸਥਿਤ ਇਕ ਬੋਰਡ ਨਾਲ ਰਜਿਸਟਰ ਹੋਣਾ ਪਵੇਗਾ, ਜਿਸ ਤੋਂ ਬਾਅਦ ਉਹ ਬਤੌਰ ਆਯੁਰਵੈਦਿਕ ਪ੍ਰੈਕਟੀਸ਼ਨਰ ਕੰਮ ਕਰ ਸਕਣਗੇ।
ਡਾ. ਹਰੀਸ਼ ਵਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਦਾ ਅੱਜ ਇਹ ਸੁਪਨਾ ਸਾਕਾਰ ਹੋਇਆ ਹੈ ਕਿ ਕੈਨੇਡਾ ਵਿੱਚ ਰਹਿ ਕੇ ਵੀ ਹੁਣ ਵਿਦਿਆਰਥੀ ਬਾਕਾਇਦਾ ਆਯੁਰਵੈਦਿਕ ਡਿਪਲੋਮਾ ਹਾਸਲ ਕਰ ਸਕਣਗੇ, ਜਿਸ ਲਈ ਸਾਰੀਆਂ ਸਰਕਾਰੀ ਕਾਰਵਾਈਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮਿੱਸੀਸਾਗਾ ਵਿੱਚ ਹਾਈਵੇ 10 ਅਤੇ ਡੈਰੀ ਰੋਡ ਦੇ ਨੇੜੇ ਸਥਿਤ ਗਰੈਂਡ ਵਿਕਟੋਰੀਅਨ ਕੰਨਵੈਨਸ਼ਨ ਵਿੱਚ ਆਯੋਜਤ ਇਕ ਵਿਸ਼ੇਸ਼ ਸਮਾਗਮ ਵਿੱਚ ਇਸ ਕਾਲਜ ਦੇ ਉਦਘਾਟਨ ਮੌਕੇ ਜਿੱਥੇ ਟੋਰਾਂਟੋ ਦਾ ਸਾਊਥ ਇੰਡੀਅਨ ਮੀਡੀਆਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸੀ। ਉੱਥੇ ਭਾਰਤੀ ਕੌਂਸਲੇਟ ਜਨਰਲ, ਸ਼੍ਰੀ ਦਿਨੇਸ਼ ਭਾਟੀਆ ਵੀ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਉਨ੍ਹਾਂ ਨੇ ਕਾਲਜ ਦੇ ਸੰਸਥਾਪਕਾਂ, ਡਾ. ਹਰੀਸ਼ ਵਰਮਾ, ਸੀਆਈਐਮਟੀ ਸੰਸਥਾ ਦੇ ਮੁਖੀ ਕਮਲਜੀਤ ਬੱਲ ਅਤੇ ਪਰਵਾਸੀ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਨੂੰ ਇਸ ਨਵੇਂ ਸੰਸਥਾਨ ਲਈ ਵਧਾਈਆਂ ਦਿੱਤੀਆਂ।
ਇਸ ਤੋਂ ਇਲਾਵਾ ਬਰੈਂਪਟਨ- ਮਿੱਸੀਸਾਗਾ ਸਾਊਥ ਤੋਂ ਐਮਪੀਪੀ ਅਮ੍ਰਿਤ ਮਾਂਗਟ ਹੋਰਾਂ ਨੇ ਵੀ ਆਪਣੇ ਭਾਸ਼ਨ ਵਿੱਚ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਕਾਲਜ ਮਿੱਸੀਸਾਗਾ ਅਤੇ ਸਾਡੇ ਸੂਬੇ ਵਿੱਚ ਨੌਕਰੀਆਂ ਦੇ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਯੋਗਦਾਨ ਪਾਵੇਗਾ। ਇਸ ਮੌਕੇ ਉਨ੍ਹਾਂ ਨੇ ਓਨਟੈਰਿਓ ਦੇ ਸਿਹਤ ਮੰਤਰੀ ਐਰਿਕ ਹੌਸਕਿਨ ਹੋਰਾਂ ਵੱਲੋਂ ਭੇਜਿਆ ਵਧਾਈ ਸੰਦੇਸ਼ ਵੀ ਪੜ੍ਹ ਕੇ ਸੁਣਾਇਆ।
ਇਸ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ (ਮਾਰਕੀਟਿੰਗ) ਡਾ. ਗਲੈਨ ਨੇ ਕਾਲਜ ਦੀ ਮਹਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਹੋਰਨਾਂ ਤੋਂ ਇਲਾਵਾ ਯੋਗਾ ਟੀਚਰ ਸ਼੍ਰੀ ਸਾਹਿਬ ਸ਼ਰਮਾ, ਯੋਗਾ ਟ੍ਰੇਨਰ ਸੰਦੀਪ ਤਿਆਗੀ ਨੇ ਵੀ ਯੋਗਾ ਅਤੇ ਆਯੁਰਵੇਦਾ ਦੇ ਮਹੱਤਵ ਬਾਰੇ ਬਹੁਤ ਕੀਮਤੀ ਜਾਣਕਾਰੀ ਦਿੱਤੀ। ਸੰਦੀਪ ਤਿਆਗੀ ਨੇ ਯੋਗਾ ਦੇ ਕੁਝ ਕਠਿਨ ਆਸਨ ਕਰਕੇ ਸੱਭ ਨੂੰ ਹੈਰਾਨ ਕਰ ਦਿੱਤਾ।
ਮੰਚ ਦਾ ਸੰਚਾਲਨ ਬਾਖੂਬੀ ਜੈਕ ਧੀਰ ਹੋਰਾਂ ਨੇ ਕੀਤਾ।
ਇਸ ਕਾਲਜ ਦੀਆਂ ਕਲਾਸਾਂ ਆਉਣ ਵਾਲੇ ਸਤੰਬਰ ਮਹੀਨੇ ਦੇ ਸੈਸ਼ਨ ਵਿੱਚ ਮਾਲਟਨ ਵਿੱਚ ਗੋਰ ਰੋਡ ‘ਤੇ ਸਥਿਤ ਸੀਆਈਐਮਟੀ ਕਾਲਜ ਵਿੱਚ ਲੱਗਣਗੀਆਂ। ਕਿਸੇ ਵੀ ਹੋਰ ਜਾਣਕਾਰੀ ਲਈ ਇਸ ਕਾਲਜ ਦੀ ਵੈੱਬ-ਸਾਈਟ www.CCAYCOLLEGE.COM ‘ਤੇ ਜਾ ਕੇ ਲਈ ਜਾ ਸਕਦੀ ਹੈ। ਜਾਂ ਫਿਰ 416-804-1500 ਫੋਨ ਨੰਬਰ ‘ਤੇ ਵੀ ਕਾਲ ਕੀਤਾ ਜਾ ਸਕਦਾ ਹੈ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …