Breaking News
Home / ਹਫ਼ਤਾਵਾਰੀ ਫੇਰੀ / UNFPA ਦੀ ਰਿਪੋਰਟ ਵਿੱਚ ਖੁਲਾਸਾ

UNFPA ਦੀ ਰਿਪੋਰਟ ਵਿੱਚ ਖੁਲਾਸਾ

ਭਾਰਤ ਦੀ ਆਬਾਦੀ 144 ਕਰੋੜ ਤੋਂ ਪਾਰ
14 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ * 77 ਸਾਲਾਂ ‘ਚ ਆਬਾਦੀ ਦੁੱਗਣੀ ਹੋਣ ਦਾ ਅਨੁਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਜਨਸੰਖਿਆ 144 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ ਜਿਸ ਵਿੱਚ 24 ਫੀਸਦ ਆਬਾਦੀ 0 ਤੋਂ 14 ਸਾਲ ਦੇ ਉਮਰ ਵਾਲਿਆਂ ਦੀ ਹੈ। ਇਹ ਖੁਲਾਸਾ ਸੰਯੁਕਤ ਰਾਸ਼ਟਰ ਆਬਾਦੀ ਫੰਡ (ਯੂਐੱਨਐੱਫਪੀਏ) ਦੀ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ। ਯੂਐੱਨਐੱਫਪੀਏ ਦੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ 77 ਸਾਲਾਂ ਵਿੱਚ ਦੁੱਗਣੀ ਹੋਣ ਦਾ ਅਨੁਮਾਨ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ 144.17 ਕਰੋੜ ਦੀ ਅੰਦਾਜ਼ਨ ਆਬਾਦੀ ਨਾਲ ਵਿਸ਼ਵ ਪੱਧਰ ‘ਤੇ ਸਭ ਤੋਂ ਅੱਗੇ ਹੈ, ਜਦਕਿ ਚੀਨ 142.5 ਕਰੋੜ ਨਾਲ ਦੂਜੇ ਨੰਬਰ ‘ਤੇ ਹੈ। 2011 ਵਿੱਚ ਕੀਤੀ ਗਈ ਪਿਛਲੀ ਜਨਗਣਨਾ ਦੌਰਾਨ ਭਾਰਤ ਦੀ ਆਬਾਦੀ 121 ਕਰੋੜ ਦਰਜ ਕੀਤੀ ਗਈ ਸੀ। ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਭਾਰਤ ਦੀ ਅੰਦਾਜ਼ਨ 24 ਫੀਸਦ ਆਬਾਦੀ 0-14 ਸਾਲ ਦੀ ਉਮਰ ਦੀ ਹੈ, ਜਦੋਂਕਿ 17 ਫੀਸਦ 10-19 ਸਾਲ ਦੀ ਉਮਰ ਵਰਗ ਦੀ ਹੈ। 10-24 ਸਾਲ ਦੀ ਉਮਰ ਦੇ ਵਰਗ ਦੀ ਆਬਾਦੀ 26 ਫੀਸਦ ਹੋਣ ਦਾ ਅਨੁਮਾਨ ਹੈ। 15-64 ਉਮਰ ਸਮੂਹ 68 ਫੀਸਦ ਹੈ। ਇਸ ਤੋਂ ਇਲਾਵਾ ਭਾਰਤ ਦੀ 7 ਫੀਸਦ ਆਬਾਦੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹੈ। ਦੇਸ਼ ਵਿੱਚ ਮਰਦਾਂ ਦੀ ਔਸਤ ਉਮਰ 71 ਸਾਲ ਅਤੇ ਔਰਤਾਂ ਦੀ 74 ਸਾਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨਸੀ ਅਤੇ ਪ੍ਰਜਣਨ ਸਿਹਤ ਵਿੱਚ 30 ਸਾਲਾਂ ਦੀ ਪ੍ਰਗਤੀ ਨੇ ਦੁਨੀਆ ਵਿੱਚ ਸਭ ਤੋਂ ਵਾਂਝੇ ਭਾਈਚਾਰਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਰਿਪੋਰਟ ਮੁਤਾਬਕ, ਭਾਰਤ ਵਿੱਚ ਸਾਲ 2006-2023 ਦਰਮਿਆਨ 23 ਫ਼ੀਸਦ ਬਾਲ ਵਿਆਹ ਹੋਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਜਣੇਪੇ ਦੌਰਾਨ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਗਿਰਾਵਟ ਆਈ ਹੈ ਜੋ ਦੁਨੀਆ ਵਿੱਚ ਹੋਣ ਵਾਲੀਆਂ ਅਜਿਹੀਆਂ ਸਾਰੀਆਂ ਮੌਤਾਂ ਦਾ 8 ਫੀਸਦੀ ਰਹਿ ਗਈਆਂ ਹਨ। ਰਿਪੋਰਟ ਮੁਤਾਬਕ, ”ਭਾਰਤ ਦੀ ਸਫਲਤਾ ਦਾ ਸਿਹਰਾ ਅਕਸਰ ਕਿਫਾਇਤੀ, ਮਿਆਰੀ ਜਣੇਪਾ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਦੇ ਨਾਲ-ਨਾਲ ਸਿਹਤ ਨਤੀਜਿਆਂ ‘ਤੇ ਲਿੰਗ ਭੇਦ-ਭਾਵ ਦੇ ਪ੍ਰਭਾਵ ਨੂੰ ਹੱਲ ਕਰਨ ਦੇ ਯਤਨਾਂ ਨੂੰ ਦਿੱਤਾ ਜਾਂਦਾ ਹੈ।”

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …