ਭਾਰਤ, ਕੈਨੇਡਾ ਤੇ ਅਮਰੀਕਾ ਸਮੇਤ 135 ਮੁਲਕਾਂ ‘ਚ ਮਨਾਇਆ ਗਿਆ ਇੰਟਰਨੈਸ਼ਨਲ ਯੋਗ ਡੇਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਡੀਗੜ੍ਹ ਵਿਚ 30 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤਾ ਯੋਗਾ
ਫੌਜੀ ਜਵਾਨਾਂ ਨੇ ਸਿਆਚਿਨ ‘ਚ ਤੇ ਫਰੀਦਾਬਾਦ ‘ਚ 1 ਲੱਖ ਤੋਂ ਵੱਧ ਲੋਕਾਂ ਨੇ ਯੋਗਾ ਕਰ ਬਣਾਇਆ ਰਿਕਾਰਡ
ਚੰਡੀਗੜ੍ਹ/ਬਿਊਰੋ ਨਿਊਜ਼
ਦੂਜੇ ਕੌਮਾਂਤਰੀ ਯੋਗ ਦਿਵਸ ਮੌਕੇ 21 ਜੂਨ ਦਿਨ ਮੰਗਲਵਾਰ ਨੂੰ ਵਿਦੇਸ਼ਾਂ ਤੋਂ ਇਲਾਵਾ ਭਾਰਤ ਵਿੱਚ ਲੱਖਾਂ ਲੋਕਾਂ ਨੇ ਯੋਗ ਆਸਣ ਲਾਏ।ਇਸ ਦੂਸਰੇ ਇੰਟਰਨੈਸ਼ਨਲ ਯੋਗਾ ਦਿਵਸ ਮੌਕੇ ਜਿੱਥੇ ਭਾਰਤ, ਅਮਰੀਕਾ, ਕੈਨੇਡਾ ਸਮੇਤ 135 ਤੋਂ ਵੱਧ ਮੁਲਕਾਂ ਵਿਚ ਲੋਕਾਂ ਨੇ ਯੋਗਾ ਕੀਤਾ ਉਥੇ 40 ਮੁਸਲਿਮ ਦੇਸ਼ਾਂ ਵਿਚ ਯੋਗ ਕੀਤਾ ਗਿਆ। ਜਦੋਂਕਿ ਫਰੀਦਾਬਾਦ ਵਿਚ 1 ਲੱਖ ਤੋਂ ਵੱਧ ਲੋਕਾਂ ਨੇ ਇਕੱਠਿਆਂ ਯੋਗ ਆਸਣ ਕੀਤੇ ਤੇ ਇੰਝ ਭਾਰਤ ਵਿਚ ਇਸ ਦਿਨ 8 ਵਰਲਡ ਰਿਕਾਰਡ ਬਣੇ। ਨਾ ਸਹੇ ਜਾਣ ਬਰਫੀਲੇ ਮੌਸਮ ਵਿਚ ਸਿਆਚਿਨ ਗਲੇਸ਼ੀਅਰ ‘ਤੇ ਭਾਰਤੀ ਫੌਜੀ ਜਵਾਨਾਂ ਨੇ ਯੋਗਾ ਕਰਕੇ ਜਿੱਥੇ ਇਤਿਹਾਸ ਸਿਰਜਿਆ, ਉਥੇ ਉਨ੍ਹਾਂ ਨੂੰ ਸਮੂਹ ਭਾਰਤੀਆਂ ਨੇ ਸਲਿਊਟ ਕੀਤਾ।
ਮੁੱਖ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਹੇਠ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਵਿੱਚ ਹੋਇਆ। ਮੋਦੀ ਨੇ ਤਕਰੀਬਨ ਪੌਣਾ ਘੰਟਾ 30 ਹਜ਼ਾਰ ਲੋਕਾਂ ਨਾਲ ਯੋਗ ਆਸਣ ਕੀਤੇ। ਉਨ੍ਹਾਂ ਕਿਹਾ ਕਿ ਯੋਗ ਕੋਈ ਧਾਰਮਿਕ ਗਤੀਵਿਧੀ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਯੋਗ ਨੂੰ ਮੋਬਾਈਲ ਫੋਨ ਵਾਂਗ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ, ‘ਇਹ ਬਿਨਾ ਧੇਲਾ ਦਿੱਤੇ ਸਾਡਾ ਸਿਹਤ ਬੀਮਾ ਹੈ।’
ਉਨ੍ਹਾਂ ਐਲਾਨ ਕੀਤਾ ਕਿ ਯੋਗ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲਿਆਂ ਨੂੰ ਕੌਮਾਂਤਰੀ ਯੋਗ ਐਵਾਰਡ ਸਮੇਤ ਦੋ ਪੁਰਸਕਾਰ ਦਿੱਤੇ ਜਾਣਗੇ। ਨਿਤੀਸ਼ ਸਰਕਾਰ ਨੇ ਯੋਗ ਦਿਵਸ ਸਬੰਧੀ ਬਿਹਾਰ ਵਿੱਚ ਕੋਈ ਸਮਾਗਮ ਨਹੀਂ ਕਰਾਇਆ, ਜਿਥੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਹਜ਼ਾਰਾਂ ਲੋਕਾਂ ਨਾਲ ਆਸਣ ਲਾਏ। ਪੁਡੂਚੇਰੀ ਵਿੱਚ ਮੁੱਖ ਮੰਤਰੀ ਵੀ. ਨਾਰਾਇਣਸਵਾਮੀ ਅਤੇ ਉਸ ਦੇ ਵਜ਼ੀਰ ਯੋਗ ਸਮਾਗਮ ਵਿੱਚ ਭੇਤਭਰੇ ਢੰਗ ਨਾਲ ਗ਼ੈਰਹਾਜ਼ਰ ਰਹੇ ਅਤੇ ਲੈਫ. ਗਵਰਨਰ ਕਿਰਨ ਬੇਦੀ ਨੇ ਸਮਾਗਮ ਵਿੱਚ ਲੋਕਾਂ ਨਾਲ ਯੋਗ ਕੀਤਾ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਦੇ ਕੇਡੀ ਸਿੰਘ ਬਾਬੂ ਸਟੇਡੀਅਮ ਵਿੱਚ ਵਰ੍ਹਦੇ ਮੀਂਹ ਵਿੱਚ ਯੋਗ ਕੀਤਾ। ਗੁਜਰਾਤ ਦੇ ਰਾਜਕੋਟ ਵਿੱਚ 2000 ਗਰਭਵਤੀ ਔਰਤਾਂ ਨੇ ਯੋਗ ਕਰਕੇ ਰਿਕਾਰਡ ਕਾਇਮ ਕੀਤਾ। ਸੰਯੁਕਤ ਰਾਸ਼ਟਰ ਦੇ ਸਕੱਤਰ ਬਾਨ ਕੀ-ਮੂਨ ਨੇ ਸਾਰੇ ਮੁਲਕਾਂ ਨੂੰ ਯੋਗ ਦਿਵਸ ‘ਤੇ ਸਿਹਤਮੰਦ ਜੀਵਨ ਦੀ ਚੋਣ ਦਾ ਸੱਦਾ ਦਿੱਤਾ।
ਮੋਦੀ ਨੇ ਕਿਹਾ ਕਿ ਕੁਝ ਲੋਕਾਂ ਨੂੰ ਯੋਗ ਦੀ ਤਾਕਤ ਸਮਝ ਨਹੀਂ ਆ ਰਹੀ। ਯੋਗ ਕੁਝ ਪਾਉਣ ਦਾ ਨਹੀਂ ਸਗੋਂ ਮੁਕਤੀ ਦਾ ਮਾਰਗ ਹੈ। ਯੋਗ ਵੱਡੇ ਕਾਰੋਬਾਰ ਵਜੋਂ ਸਥਾਪਤ ਹੋ ਰਿਹਾ ਹੈ। ਇਸ ਵੇਲੇ ਯੋਗ ਟਰੇਨਰਾਂ ਦੀ ਵੱਡੀ ਮੰਗ ਹੈ ਅਤੇ ਇਸ ਨਾਲ ਅਰਬਾਂ-ਖਰਬਾਂ ਦਾ ਕਾਰੋਬਾਰ ਜੁੜ ਗਿਆ ਹੈ। ਦੁਨੀਆਂ ਦੇ ਕਈ ਦੇਸ਼ ਟੀਵੀ ਚੈਨਲ ਕੇਵਲ ਯੋਗ ਨੂੰ ਹੀ ਸਮਰਪਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿਸ਼ਵ ਨੂੰ ਯੋਗ ਦੇ ਰੂਪ ਵਿਚ ਅਨਮੋਲ ਵਿਰਾਸਤ ਦਿੱਤੀ ਹੈ। ਉਨ੍ਹਾਂ ਚੰਡੀਗੜ੍ਹ ਨਾਲ ਆਪਣੇ ਮੋਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਥੇ ਪੰਜ ਸਾਲ ਰਹੇ ਹਨ ਅਤੇ ਇਸ ਸ਼ਹਿਰ ਵਿੱਚ ਕੌਮਾਂਤਰੀ ਯੋਗ ਦਿਵਸ ਮਨਾ ਕੇ ਬੇਹੱਦ ਪ੍ਰਸੰਨ ਹਨ। ਮੋਦੀ ਸਵੇਰੇ ਸਾਢੇ ਛੇ ਵਜੇ ਮੁੱਖ ਪੰਡਾਲ ਵਿਚ ਪੁੱਜੇ। ਉਨ੍ਹਾਂ ਨਾਲ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟਰ, ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ, ਕੇਂਦਰੀ ਆਯੁਰਵੈਦ ਤੇ ਯੋਗ ਵਿਭਾਗ ਦੇ ਮੰਤਰੀ ਸ੍ਰੀਪਦ ਯਾਦਵ ਨਾਇਕ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਮੌਜੂਦ ਸਨ। ઠਆਸਣਾਂ ਦੀ ਸਮਾਪਤੀ ਬਾਅਦ ਮੋਦੀ ਆਪ ਮੁਹਾਰੇ ਲੋਕਾਂ ਵਿਚ ਚਲੇ ਗਏ ਅਤੇ ਉਨ੍ਹਾਂ ਨੇ ਸੈਲਫੀਆਂ ਖਿਚਵਾ ਕੇ ਕਈਆਂ ਦੇ ਮਨ ਮੋਹੇ। ਕੈਪੀਟਲ ਕੰਪਲੈਕਸ ਦੇ ਪੰਡਾਲ ਨੂੰ 8 ਬਲਾਕਾਂ ਵਿਚ ਵੰਡਿਆ ਗਿਆ ਸੀ। ਲੋਕਾਂ ਨੂੰ ਨੂੰ ਲਿਆਉਣ ਲਈ 600 ਬੱਸਾਂ ਦਾ ਪ੍ਰਬੰਧ ਕੀਤਾ ਸੀ। ਪੰਡਾਲ ਵਿਚ 300 ਆਰਜ਼ੀ ਪਖਾਨੇ ਬਣਾਏ ਸਨ। ਪੰਡਾਲ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿਚ ਵੱਡੀਆਂ ਐਲਈਡੀ ਸਕਰੀਨਾਂ ਵੀ ਲਾਈਆਂ ਗਈਆਂ ਸਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …