ਪੰਜ ਸੀਟਾਂ ‘ਚੋਂ 4 ‘ਆਪ’ ਨੇ ਤੇ ਇਕ ਸੀਟ ਕਾਂਗਰਸ ਨੇ ਜਿੱਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਨਵੀਂ ਦਿੱਲੀ ਵਿਚ ਨਗਰ ਨਿਗਮ ਲਈ ਹੋਈ ਜ਼ਿਮਨੀ ਚੋਣ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਵਿਚੋਂ 4 ਸੀਟਾਂ ਜਿੱਤੀਆਂ ਹਨ ਅਤੇ ਇਕ ਸੀਟ ‘ਤੇ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਭਾਜਪਾ ਪੰਜਾਂ ਵਿਚੋਂ ਇਕ ਸੀਟ ਵੀ ਨਹੀਂ ਜਿੱਤ ਸਕੀ। ਪਹਿਲਾਂ ਇਨ੍ਹਾਂ ਪੰਜ ਸੀਟਾਂ ਵਿਚੋਂ ਇਕ ਸੀਟ ਭਾਜਪਾ ਕੋਲ ਸੀ, ਪਰ ਇਸ ਵਾਰ ਭਾਜਪਾ ਜ਼ੀਰੋ ‘ਤੇ ਰਹਿ ਗਈ। ਜ਼ਿਕਰਯੋਗ ਹੈ ਕਿ ਤ੍ਰਿਲੋਕਪੁਰੀ, ਸ਼ਾਲੀਮਾਰ ਬਾਗ ਵਾਰਡ, ਰੋਹਿਣੀ-ਸੀ ਅਤੇ ਕਲਿਆਣਪੁਰੀ ਸੀਟ ‘ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ, ਜਦਕਿ ਪੂਰਬੀ ਦਿੱਲੀ ਦੀ ਚੌਹਾਨ ਬਾਂਗੜ ਸੀਟ ‘ਤੇ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਦਿੱਲੀ ਦੀ ਜਨਤਾ ਨੇ ਇੱਕ ਵਾਰ ਫਿਰ ਚੰਗੇ ਸ਼ਾਸਨ ਲਈ ਵੋਟ ਦਿੱਤੀ ਹੈ। ਨਤੀਜਿਆਂ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਲੋਕ ਐੱਮਸੀਡੀ ਵਿੱਚ 15 ਸਾਲਾਂ ਤੋਂ ਭਾਜਪਾ ਦੇ ਸ਼ਾਸਨ ਤੋਂ ਥੱਕ ਗਏ ਹਨ। ਲੋਕ ਐੱਮਸੀਡੀਜ਼ ਵਿੱਚ ‘ਆਪ’ ਨੂੰ ਲਿਆਉਣ ਲਈ ਉਤਸੁਕ ਹਨ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ‘ਚ ਕਿਹਾ ਕਿ ਐੱਮਸੀਡੀ ਦੀਆਂ ਚਾਰ ਸੀਟਾਂ ‘ਤੇ ਵੱਡੀ ਜਿੱਤ ਲਈ ‘ਆਪ’ ਵਰਕਰਾਂ ਨੂੰ ਵਧਾਈ। ਦਿੱਲੀ ਦੇ ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ। ਅਗਲੇ ਸਾਲ ਹੋਣ ਵਾਲੀਆਂ ਮਿਉਂਸਿਪਲ ਚੋਣਾਂ ਵਿੱਚ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਬਿਹਤਰੀਨ ਸ਼ਾਸਨ ਮਾਡਲ ਲਈ ‘ਆਪ’ ਨੂੰ ਸੱਤਾ ਵਿੱਚ ਲਿਆਉਣਗੇ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …