ਸਿੱਖ ਧਰਮ ਵਿਚ ਔਰਤ ਦਾ ਸਥਾਨ
ਸਾਡੀ ਧਰਤੀ ਉੱਤੇ ਔਰਤਾਂ ਦੀ ਸੰਖਿਆ ਕੁੱਲ ਮਨੁੱਖੀ ਅਬਾਦੀ ਦਾ 50 ਪ੍ਰਤੀਸ਼ਤ ਹੈ। ਫਿਰ ਵੀ ਉਨ੍ਹਾਂ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਛਮੀ ਸਮਾਜ ਵਿੱਚ ਨਾਰੀਵਾਦੀ ਲਹਿਰ ਦੇ ਪੈਦਾ ਹੋਣ ਕਾਰਣ ਔਰਤ-ਮਰਦ ਵਿਤਕਰਾ ਕਾਫੀ ਹੱਦ ਤਕ ਘਟਿਆ ਹੈ। ਪਰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਔਰਤਾਂ ਨੂੰ ਅਜੇ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਸ਼ਕਲਾਂ ਵਿਚ ਔਰਤਾਂ ਪ੍ਰਤੀ ਹਿੰਸਾਤਮਕ ਵਰਤਾਰਾ, ਅਨਪੜ੍ਹਤਾ, ਆਰਥਿਕ ਤੰਗੀ ਅਤੇ ਸਮਾਜਿਕ ਵਿਤਕਰੇਬਾਜ਼ੀ ਸ਼ਾਮਿਲ ਹੈ। ਅਜਿਹਾ ਯਕੀਨ ਹੈ ਕਿ ਔਰਤਾਂ ਲਈ ਬਿਹਤਰ ਸਿੱਖਿਆ ਪ੍ਰਾਪਤੀ ਦੀਆਂ ਸੁਵਿਧਾਵਾਂ ਅਤੇ ਉਨ੍ਹਾਂ ਦਾ ਆਰਥਿਕ ਸਸ਼ਕਤੀਕਰਨ, ਦੁਨੀਆਂ ਭਰ ਦੇ ਪਿਛੜੇ ਖੇਤਰਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਵਿੱਚ, ਅਤੇ ਜਨਮ ਦਰ ਨੂੰ ਘਟਾਉਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ। ਅਜਿਹੇ ਕਾਰਜ ਮੌਸਮੀ ਤਬਦੀਲੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਅਹਿਮ ਰੋਲ ਅਦਾ ਕਰਨ ਦੀ ਸਮਰਥਾ ਰੱਖਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੌਰਾਨ ਪ੍ਰਚਲਿਤ ਅਨੇਕ ਰਸਮੋਂ-ਰਿਵਾਜਾਂ ਅਤੇ ਰਹੁ-ਰੀਤਾਂ ਨੂੰ ਦੇਖਦਿਆਂ ਇਹ ਨੋਟ ਕੀਤਾ ਕਿ ਮਰਦ ਅਕਸਰ ਔਰਤਾਂ ਦਾ ਸ਼ੋਸ਼ਣ ਕਰਦੇ ਸਨ। ਉਨ੍ਹਾਂ ਨੂੰ ਜਾਇਦਾਦ ਦੀ ਤਰ੍ਹਾਂ ਸਮਝਿਆ ਜਾਂਦਾ ਸੀ। ਔਰਤਾਂ ਨੂੰ ਕਮਜੋਰ, ਅਯੋਗ ਅਤੇ ਨੀਵੇਂ ਦਰਜੇ ਦਾ ਸਮਝਿਆ ਜਾਂਦਾ ਸੀ। ਗੁਰੂ ਜੀ ਨੇ ਅਜਿਹੇ ਸਮਾਜੀ ਚਲਣ ਦਾ ਵਿਰੋਧ ਕੀਤਾ। ਸਪੱਸ਼ਟ ਹੈ ਕਿ ਨਾਰੀਵਾਦੀ ਲਹਿਰ ਦੇ ਪੈਦਾ ਹੋਣ ਤੋਂ ਕਈ ਸਦੀਆਂ ਪਹਿਲਾਂ, ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਮਰਦ-ਪ੍ਰਧਾਨ ਸਮਾਜ ਵਿੱਚ ਔਰਤਾਂ ਨਾਲ ਹੋ ਰਹੀ ਵਿਤਕਰੇਬਾਜ਼ੀ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਨੇ ਸਥਾਪਿਤ ਕੱਟੜਪੰਥੀ ਸੋਚ ਦਾ ਦ੍ਰਿੜਤਾ ਨਾਲ ਵਿਰੋਧ ਕਰਦੇ ਹੋਏ ਆਖਿਆ ਕਿ ਸਮਾਜ ਲਈ ਔਰਤ ਦੀ ਦੇਣ ਬਹੁਤ ਮਹੱਤਵਪੂਰਣ ਹੈ ਤੇ ਔਰਤਾਂ ਦੀ ਅਹਿਮੀਅਤ ਮਰਦਾਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ। ਉਨ੍ਹਾਂ ਫੁਰਮਾਇਆ ਕਿ ਪ੍ਰਮਾਤਮਾ ਦਾ ਸਰੂਪ, ਆਦਮੀ ਅਤੇ ਔਰਤ ਦੋਵੇਂ ਰੂਪ ਹੀ ਸਮੋਈ ਬੈਠਾ ਹੈ। ਪ੍ਰਮਾਤਮਾ ਦਾ ਰਚਨਾਤਮਕ ਪਹਿਲੂ ਇੱਕ ਮਾਂ ਦੇ ਰੂਪ ਵਿੱਚ ਹੀ ਪ੍ਰਗਟ ਹੁੰਦਾ ਹੈ।
ਆਪੇ ਪੁਰਖੁ ਆਪੇ ਹੀ ਨਾਰੀ॥
(ਮ। 1, ਸਗਗਸ, ਪੰਨਾ 1020)
ਭਾਵ: ਪ੍ਰਮਾਤਮਾ, ਆਦਮੀ ਅਤੇ ਔਰਤ ਦੋਵੇਂ ਸਰੂਪਾਂ ਦਾ ਮਾਲਕ ਹੈ। ਗੁਰੂ ਜੀ ਅਨੁਸਾਰ ਇਕੋ ਦੈਵੀ ਤੱਤ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਿਚ ਹੀ ਵਿਆਪਕ ਹੈ। ਔਰਤਾਂ ਨਾਲ ਬਦਸਲੂਕੀ ਜਾਂ ਵਿਤਕਰਾ ਕਰਨ ਦੀ ਬਜਾਏ, ਉਨ੍ਹਾਂ ਦਾ ਮਾਣ-ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਔਰਤ ਦੇ ਸਮਾਜ ਵਿਚ ਭਿੰਨ-ਭਿੰਨ ਰੋਲਾਂ ਦਾ ਵਰਨਣ ਕਰਦੇ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਸਾ ਰਾਗ ਵਿਚ ਲਿਖੀ ਆਪਣੀ ਰਚਨਾ ਵਿਚ ਇੰਝ ਵਰਨਣ ਕੀਤਾ ਹੈ;
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
(ਮ। 1, ਸਗਗਸ, ਪੰਨਾ 473)
ਭਾਵ : ਅਸੀਂ ਸਾਰੇ ਔਰਤ ਤੋਂ ਜਨਮ ਲੈਂਦੇ ਹਾਂ। ਅਸੀਂ ਔਰਤ ਦੀ ਕੁੱਖ ਵਿੱਚ ਪਲਦੇ ਹਾਂ। ਔਰਤ ਨਾਲ ਹੀ ਸਾਡਾ ਮੰਗਣੀ ਹੁੰਦੀ ਹੈ, ਅਤੇ ਔਰਤ ਨਾਲ ਹੀ ਵਿਆਹ ਹੁੰਦਾ ਹੈ। ਔਰਤ ਨਾਲ ਹੀ ਮਿੱਤਰਤਾ ਕੀਤੀ ਜਾਂਦੀ ਹੈ ਅਤੇ ਔਰਤ ਦੁਆਰਾ ਹੀ ਨਵੀਆਂ ਮਨੁੱਖੀ ਪੀੜ੍ਹੀਆਂ ਜਨਮ ਲੈਂਦੀਆਂ ਹਨ। ਜਦੋਂ ਕਿਸੇ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਵਿਅਕਤੀ ਦੁਬਾਰਾ ਵਿਆਹ ਲਈ ਹੋਰ ਔਰਤ ਦੀ ਭਾਲ ਕਰਦਾ ਹੈ। ਅਸੀਂ ਔਰਤ ਰਾਹੀਂ ਹੀ ਸੰਸਾਰਿਕ ਸੰਬੰਧਾਂ ਵਿਚ ਜੁੜੇ ਹੋਏ ਹਾਂ। ਤਾਂ ਫਿਰ ਅਸੀਂ ਉਸ ਬਾਰੇ ਬੁਰਾ ਕਿਉਂ ਬੋਲਦੇ ਹੈ? ਉਸ ਤੋਂ ਰਾਜਿਆਂ ਦਾ ਜਨਮ ਹੁੰਦਾ ਹੈ। ਇੱਕ ਔਰਤ ਤੋਂ ਹੀ ਹੋਰ ਔਰਤ ਦਾ ਜਨਮ ਹੁੰਦਾ ਹੈ। ਔਰਤ ਤੋਂ ਬਿਨਾਂ ਇੱਥੇ ਕਿਸੇ ਦੀ ਵੀ ਹੌਂਦ ਨਹੀਂ ਸੀ ਹੋਣੀ। (ਗੁਰੂ) ਨਾਨਕ ਦਾ ਕਹਿਣਾ ਹੈ ਕਿ ਕੇਵਲ ਪਰਮਾਤਮਾ ਹੀ ਔਰਤ ਦੀ ਸਬੰਧਤਾਂ ਤੋਂ ਮੁਕਤ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਸਿੱਖ ਗੁਰੂਆਂ ਨੇ ਔਰਤਾਂ ਦੀ ਸ਼ਮੂਲੀਅਤ ਜੀਵਨ ਦੇ ਹਰ ਖੇਤਰ ਵਿਚ ਜਿਵੇਂ ਕਿ ਪੂਜਾ ਦੇ ਕਾਰਜਾਂ, ਸਮਾਜਿਕ ਕੰਮਾਂ-ਕਾਰਾਂ ਅਤੇ ਇਥੋਂ ਤੱਕ ਕਿ ਯੁੱਧ ਦੇ ਮੈਦਾਨ ਵਿਚ ਵੀ ਬਰਾਬਰਤਾ ਦੇ ਅਧਾਰ ਉੱਤੇ ਉਤਸ਼ਾਹਿਤ ਕੀਤੀ। ਉਨ੍ਹਾਂ ਨੇ ਔਰਤਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਾ ਸਮਰਥਨ ਕੀਤਾ। ਔਰਤਾਂ ਨੂੰ ਸਾਰੇ ਧਾਰਮਿਕ ਕੰਮਾਂ ਵਿਚ ਹਿੱਸਾ ਲੈਣ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਸਤੀ (ਪਤੀ ਦੀ ਚਿਤਾ ਵਿਚ ਵਿਧਵਾ ਔਰਤ ਨੂੰ ਜਿੰਦਿਆਂ ਜਲਾ ਦੇਣ ਦੀ ਰੀਤ) ਅਤੇ ਕੰਨਿਆ ਭਰੂਣ-ਹੱਤਿਆ ਦੀਆਂ ਰਵਾਇਤਾਂ ਦਾ ਸਖਤੀ ਨਾਲ ਵਿਰੋਧ ਕੀਤਾ। ਵਿਧਵਾ ਔਰਤਾਂ ਦੇ ਦੁਬਾਰਾ ਵਿਆਹ ਨੂੰ ਉਤਸ਼ਾਹਿਤ ਕੀਤਾ। ਵਰਨਣਯੋਗ ਹੈ ਕਿ ਸਿੱਖ ਗੁਰੂਆਂ ਨੇ ਔਰਤ ਦੀ ਦਸਾ ਵਿਚ ਸੁਧਾਰ ਦੇ ਇਹ ਕਾਰਜ, ਪੱਛਮ ਵਿਚ ਨਾਰੀਵਾਦੀ ਲਹਿਰ ਦੇ ਜਨਮ ਲੈਣ ਤੋਂ ਸੈਂਕੜੇ ਸਾਲ ਪਹਿਲਾਂ, ਮਰਦ-ਪ੍ਰਧਾਨ ਭਾਰਤੀ ਸਮਾਜ ਵਿਚ ਚਲਾਏ।
ਦੁੱਖ ਦੀ ਗੱਲ ਇਹ ਹੈ ਕਿ ਅਜੋਕਾ ਸਿੱਖ ਸਮਾਜ ਪੁਰਾਣੀਆਂ ਗਲਤ ਸਭਿਆਚਾਰਕ ਪਰੰਪਰਾਵਾਂ ਨੂੰ ਪੂਰੀ ਤਰ੍ਹਾਂ ਬਦਲਣ ਅਤੇ ਗੁਰੂ ਸਾਹਿਬਾਂ ਦੁਆਰਾ ਸਿਖਾਈ ਗਈ ਮਰਦ-ਔਰਤ ਸਮਾਨਤਾ ਦੇ ਆਦਰਸ਼ਾਂ ਉੱਤੇ ਸਹੀ ਰੂਪ ਵਿਚ ਚੱਲਣ ਤੋਂ ਅਸਮਰਥ ਰਿਹਾ ਹੈ। ਪੁੱਤਰ ਪ੍ਰਾਪਤੀ ਦੀ ਇੱਛਾ ਕਾਰਣ ਕੀਤੇ ਜਾ ਰਹੇ ਲਿੰਗ-ਨਿਰਧਾਰਣ ਟੈਸਟਾਂ ਦੇ ਫਲਸਰੂਪ ਬੱਚੀਆਂ ਦੀ ਭਰੂਣ-ਹੱਤਿਆ ਪੰਜਾਬ ਵਿੱਚ ਸਰਾਪ ਬਣ ਕੇ ਉੱਭਰੀ ਹੈ। ਜੋ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਲਈ ਵੱਡੇ ਕਲੰਕ ਦਾ ਕਾਰਣ ਹੈ।
ਇਹ ਜਾਨਣਾ ਥੋੜ੍ਹਾ ਉਤਸ਼ਾਹਜਨਕ ਹੈ ਕਿ ਅਕਾਲ ਤਖਤ ਸਮੇਤ ਸਿੱਖਾਂ ਦੀਆਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਇਸ ਪ੍ਰਥਾ ਦੇ ਵਿਰੁੱਧ ਆਵਾਜ ਉਠਾ ਰਹੀਆਂ ਹਨ। ਅੱਜ ਦੇ ਇਸ ਮਹੱਤਵਪੂਰਣ ਦਿਨ,ਆਓ ਰਲ ਮਿਲ ਅਹਿਦ ਕਰੀਏ ਕਿ ਅਸੀਂ ਸਾਰੇ ਇਸ ਸੰਸਾਰ ਨੂੰ ਪੱਖਪਾਤ ਰਹਿਤ,ਤਰਕਹੀਣ ਪਰੰਪਰਾਵਾਂ ਅਤੇ ਲਿੰਗ-ਭੇਦਭਾਵ ਤੋਂ ਮੁਕਤ ਬਨਾਉਣ ਲਈ ਹਰ ਸੰਭਵ ਯਤਨ ਕਰਾਂਗੇ। ਆਓ ਆਪਾਂ ਮਿਲ ਕੇ ਇੱਕ ਅਜਿਹੀ ਦੁਨੀਆ ਦੀ ਸਿਰਜਣਾ ਲਈ ਯਤਨ ਕਰੀਏ ਜਿੱਥੇ ਹਰ ਔਰਤ ਕੋਲ ਆਪਣੀ ਜ਼ਿੰਦਗੀ ਦੀ ਬੁਲੰਦੀ ਛੂੰਹਣ ਲਈ ਲੋੜੀਂਦੇ ਮੌਕੇ ਸਹਿਜੇ ਹੀ ਉਪਲਬਧ ਹੋ ਸਕਣ।
– ਡਾ. ਦੇਵਿੰਦਰ ਪਾਲ ਸਿੰਘ
ਸੈਂਟਰ ਫਾਰ ਅੰਡਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਓਂਟਾਰੀਓ, ਕੈਨੇਡਾ
Website: c4usikhism.com,
Email: [email protected]