Breaking News
Home / ਨਜ਼ਰੀਆ / ਰਾਮ ਰਹੀਮ ਨੂੰ 21 ਦਿਨਾਂ ਦੀ ਮਿਲੀ ਪੈਰੋਲ

ਰਾਮ ਰਹੀਮ ਨੂੰ 21 ਦਿਨਾਂ ਦੀ ਮਿਲੀ ਪੈਰੋਲ

ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰਾਮੁਖੀ ਨੂੰ ਪੈਰੋਲ ਮਿਲਣ ‘ਤੇ ਉਠੇ ਸਵਾਲ
ਚੰਡੀਗੜ੍ਹ : ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ‘ਚ ਜਬਰ-ਜਨਾਹ ਦੇ ਦੋਸ਼ਾਂ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ‘ਤੇ ਛੱਡ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰਾਮੁਖੀ ਨੂੰ ਦਿੱਤੀ ਪੈਰੋਲ ਤੋਂ ਬਾਅਦ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਸਵਾਲ ਵੀ ਉਠ ਰਹੇ ਹਨ। ਡੇਰਾ ਮੁਖੀ ਨੇ ਪਹਿਲਾਂ ਵੀ ਛੇ ਵਾਰ ਪੈਰੋਲ ਲਈ ਹਰਿਆਣਾ ਜੇਲ੍ਹ ਪ੍ਰਸ਼ਾਸਨ ਨੂੰ ਦਰਖਾਸਤ ਕੀਤੀ ਸੀ ਪਰ ਹਰ ਵਾਰ ਅਰਜ਼ੀ ਨਾਮਨਜ਼ੂਰ ਹੋ ਗਈ ਸੀ। ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 21 ਦਿਨਾਂ ਦੀ ਫਰਲੋ ਮਨਜ਼ੂਰ ਕੀਤੀ ਗਈ ਹੈ। ਇਨ੍ਹਾਂ 21 ਦਿਨਾਂ ਦੌਰਾਨ ਉਹ ਆਪਣੇ ਸਿਰਸਾ ਸਥਿਤ ਡੇਰੇ ‘ਤੇ ਨਹੀਂ ਜਾ ਸਕਦਾ ਹੈ। ਉਹ 7 ਤੋਂ 28 ਫਰਵਰੀ ਤੱਕ ਪੁਲਿਸ ਦੀ ਦੇਖ-ਰੇਖ ਹੇਠ ਗੁਰੂਗ੍ਰਾਮ ਸਥਿਤ ਡੇਰੇ ‘ਚ ਹੀ ਰਹੇਗਾ। ਪੁਲਿਸ ਨੇ ਗੁਰੂਗ੍ਰਾਮ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਡੇਰਾ ਮੁਖੀ ਨੂੰ ਆਪਣੀ ਬਿਮਾਰ ਮਾਂ ਨਾਲ ਮੁਲਾਕਾਤ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਸਿਹਤ ਠੀਕ ਨਾ ਹੋਣ ਕਰਕੇ ਡੇਰਾ ਮੁਖੀ ਨੂੰ ਕਈ ਵਾਰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ। ਡੇਰੀ ਮੁਖੀ ਨੂੰ ਜਬਰ-ਜਨਾਹ ਦੇ ਮਾਮਲੇ ਵਿੱਚ 25 ਅਗਸਤ, 2017 ਨੂੰ ਪੰਚਕੂਲਾ ਵਿਖੇ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ 27 ਅਗਸਤ, 2017 ਨੂੰ ਉਸ ਨੂੰ ਸਜ਼ਾ ਸੁਣਾਈ ਸੀ ਜਿਸ ਮਗਰੋਂ ਉਸ ਨੂੰ ਸੁਨਾਰੀਆ ਜੇਲ੍ਹ ‘ਚ ਰੱਖਿਆ ਗਿਆ ਸੀ।
ਅਦਾਲਤ ‘ਚ ਪਹੁੰਚ ਕਰਾਂਗੇ: ਛਤਰਪਤੀ : ਡੇਰਾ ਮੁਖੀ ਨੂੰ 21 ਦਿਨਾਂ ਦੀ ਫਰਲੋ ਦਿੱਤੇ ਜਾਣ ਦੇ ਸਮੇਂ ‘ਤੇ ਸਵਾਲ ਖੜ੍ਹੇ ਕਰਦਿਆਂ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਉਹ ਇਸ ਹੁਕਮ ਖ਼ਿਲਾਫ਼ ਅਦਾਲਤ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਦੋ ਕਤਲਾਂ ਅਤੇ ਜਬਰ-ਜਨਾਹ ਦੇ ਦੋ ਕੇਸਾਂ ‘ਚ ਦੋਸ਼ੀ ਵਿਅਕਤੀ ਨੂੰ ਫਰਲੋ ਦਿੱਤੇ ਜਾਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ।
ਡੇਰਾ ਮੁਖੀ ਦੀ ਰਿਹਾਈ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ: ਖੱਟਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਪੰਜਾਬ ਜਾਂ ਹੋਰਨਾਂ ਸੂਬਿਆਂ ਦੀ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ ਅਤੇ ਰੁਟੀਨ ਦੀ ਕਾਰਵਾਈ ਤਹਿਤ ਉਸ ਨੂੰ ਫਰਲੋ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਤਹਿਤ ਕੋਈ ਵੀ ਦੋਸ਼ੀ ਤਿੰਨ ਸਾਲ ਦੀ ਸਜ਼ਾ ਤੋਂ ਬਾਅਦ ਫਰਲੋ ਦੀ ਮੰਗ ਕਰ ਸਕਦਾ ਹੈ ਅਤੇ ਇਸੇ ਪ੍ਰਕਿਰਿਆ ਤਹਿਤ ਡੇਰਾ ਮੁਖੀ ਦੀ ਫਰਲੋ ਮਨਜ਼ੂਰ ਕੀਤੀ ਗਈ ਹੈ। ਖੱਟਰ ਨੇ ਕਿਹਾ ਕਿ ਪਹਿਲਾਂ ਵੀ ਡੇਰਾ ਮੁਖੀ ਨੂੰ ਬਿਮਾਰ ਮਾਂ ਨਾਲ ਮੁਲਾਕਾਤ ਕਰਨ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਅਤੇ ਸਿਹਤ ਠੀਕ ਨਾ ਹੋਣ ਕਰਕੇ ਉਸ ਨੂੰ ਕਈ ਵਾਰ ਹਸਪਤਾਲ ਇਲਾਜ ਲਿਜਾਇਆ ਗਿਆ ਸੀ।
ਰਾਮ ਰਹੀਮ ਨੂੰ ਫਰਲੋ ਦੇਣਾ ਭਾਜਪਾ ਦੀ ਚਾਲ : ਰਾਜੇਵਾਲ
ਸਮਰਾਲਾ : ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਮੁਖੀ ਨੂੰ 21 ਦਿਨਾਂ ਦੀ ਫਰਲੋ ਦੇਣਾ ਭਾਜਪਾ ਦੀ ਚਾਲ ਹੈ। ਭਾਜਪਾ ਨੂੰ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਇਸ ਲਈ ਉਹ ਕੋਈ ਨਾ ਕੋਈ ਮਾੜੀ ਚਾਲ ਜ਼ਰੂਰ ਚੱਲੇਗੀ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਦੇ ਪਿੰਡਾਂ ‘ਚੋਂ ਉਨ੍ਹਾਂ ਨੂੰ ਭਾਰੀ ਹਮਾਇਤ ਮਿਲਣ ਲੱਗੀ ਹੈ। ਇਸ ਵਾਰ ਹਲਕੇ ਦੇ ਵੋਟਰ ਸਿਆਸੀ ਬਦਲਾਅ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇੱਕ ਖਾਸ ਵਰਗ ਦੇ ਵੋਟਰਾਂ ਦਾ ਸਾਥ ਲੈਣ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਸਿੱਧੂ ਸਿਰਫ ਇੱਕ ਦਰਸ਼ਨੀ ਘੋੜਾ ਬਣ ਕੇ ਰਹਿ ਗਿਆ।

ਰਾਮ ਰਹੀਮ ਦੀ ਪੈਰੋਲ ‘ਤੇ ਸਿੱਖ ਭਾਈਚਾਰਾ ਨਰਾਜ਼
ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਡੇਰਾ ਮੁਖੀ ਦੀ ਪੈਰੋਲ ਰੱਦ ਕਰਨ ਦੀ ਕੀਤੀ ਮੰਗ
ਅੰਮ੍ਰਿਤਸਰ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨ ਦੀ ਫਰਲੋ ਦੇਣ ਦੇ ਫੈਸਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਕਰਦਿਆਂ ਉਸਦੀ ਰਿਹਾਈ ਰੱਦ ਕਰਨ ਦੀ ਮੰਗ ਕੀਤੀ ਹੈ। ਸਿੱਖ ਧਾਰਮਿਕ ਆਗੂਆਂ ਨੇ ਆਖਿਆ ਕਿ ਇਹ ਫੈਸਲਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ, ਜਿਸ ‘ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਡੇਰਾ ਮੁਖੀ ਜਿਥੇ ਜਬਰ-ਜਨਾਹ ਅਤੇ ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਸਜ਼ਾ ਕੱਟ ਰਿਹਾ ਹੈ, ਉਥੇ ਹੀ ਬਰਗਾੜੀ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨਾਲ ਵੀ ਉਸ ਦਾ ਸਿੱਧਾ ਸਬੰਧ ਜੁੜਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਰਲ ਕੇ ਰਾਜਸੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਭਾਜਪਾ ਰਾਜਸੀ ਲਾਹਾ ਲੈਣ ਦੇ ਮੰਤਵ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਇਸ ਫੈਸਲੇ ‘ਤੇ ਮੁੜ ਵਿਚਾਰ ਕਰੇ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਿੱਖਾਂ ਤੋਂ ਇਸ ਗਲਤੀ ਦੀ ਮੁਆਫ਼ੀ ਵੀ ਮੰਗੇ। ਇਸ ਦੌਰਾਨ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਆਖਿਆ ਕਿ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਰਾਮ ਰਹੀਮ ਨੂੰ ਛੱਡਿਆ ਜਾ ਰਿਹਾ ਹੈ ਅਤੇ ਇਹ ਭਾਜਪਾ ਦੇ ਇਸ਼ਾਰੇ ‘ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿਚ ਡੇਰਾ ਪ੍ਰੇਮੀਆਂ ਦੀਆਂ ਵੋਟਾਂ ‘ਤੇ ਸਾਰੀਆਂ ਹੀ ਪਾਰਟੀਆਂ ਦੀ ਨਿਗਾਹ ਹੈ ਅਤੇ ਭਾਜਪਾ ਵਲੋਂ ਡੇਰੇ ਦੀ ਵੋਟ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਇਹ ਚਾਲ ਖੇਡੀ ਗਈ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਕਰਾਰੀ ਹਾਰ ਦੇ ਕੇ ਸਬਕ ਸਿਖਾਉਣ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …