ਕਲਵੰਤ ਸਿੰਘ ਸਹੋਤਾ
604-589-5919
ਅਮਰੀਕਾ ਦੀ ਬੇਲੋੜੀ ਦੁਨੀਆਂ ਤੇ ਥਾਣੇਦਾਰੀ ਕਰਨ ਦੀ ਗੱਲ ਆਪਾਂ ਵੀਅਤਨਾਮ ਦੀ ਲੜਾਈ ਤੋਂ ਸ਼ੁਰੂ ਕਰਦੇ ਹਾਂ, ਜਿਸ ਨੂੰ ਦੂਸਰਾ ਇੰਡੋ-ਚਾਈਨਾਂ ਯੁੱਧ ਵੀ ਕਹਿੰਦੇ ਹਨ, ਇਹ 1954 ਤੋਂ 1975 ਤੱਕ ਚੱਲਿਆ ਜਿਸ ‘ਚ ਬੇਅੰਤ ਜ਼ੁਲਮ ਤੇ ਅੱਤਿਆਚਾਰ ਹੋਏ। ਪਿਛਲੀ ਸਦੀ ਦੇ ਪੰਜਾਹਵਿਆਂ ਦੇ ਅੰਤ ਵਿਚ ਅਮਰੀਕੀ ਪ੍ਰਧਾਨ ਆਇਜ਼ਨਹਾਵਰ ਦੇ ਸਮੇਂ ਵੀਅਤਨਾਮ ਦੇ ਦੋ ਟੁਕੜੇ ਹੋ ਗਏ, ਉਤਰੀ ਤੇ ਦੱਖਣੀ ਵੀਅਤਨਾਮ। ਉਤਰੀ ਵੀਅਤਨਾਮ ‘ਚ ਕਮਿਊਨਿਸਟ ਸਰਕਾਰ ਸੀ ਤੇ ਦੱਖਣੀ ਵੀਅਤਨਾਮ ‘ਚ ਸਰਕਾਰ ਅਮਰੀਕਾ ਦੇ ਦਿਸ਼ਾ ਨਿਰਦੇਸ਼ਾਂ ਨਾਲ ਚੱਲਦੀ ਸੀ, ਅਮਰੀਕਨ ਫੌਜਾਂ ਦੀ ਸਿੱਧੀ ਸਰਪ੍ਰਸਤੀ ਥੱਲੇ। ਦੂਸਰੇ ਸੰਸਾਰ ਯੁੱਧ ਤੋਂ ਬਾਅਦ ਕਮਿਊਨਿਸਟਾਂ ਦੇ ਵਧ ਰਹੇ ਪ੍ਰਭਾਵ ਦੇ ਸਨਮੁੱਖ, ਸੀਤ ਯੁੱਧ ਦੌਰਾਨ ਵਧਦੀਆਂ ਚਿੰਤਾਵਾਂ ਨੇ ਇਹ ਤੌਂਖਲਾ ਅਮਰੀਕਾ ਤੇ ਹੋਰ ਪੱਛਮੀਂ ਦੇਸ਼ਾਂ ਨੂੰ ਲਾ ਦਿੱਤਾ ਕਿ ਜੇ ਉਤਰੀ ਵੀਅਤਨਾਮ ਦੀ ਸਰਕਾਰ ਕਾਇਮ ਰਹਿੰਦੀ ਹੈ ਤਾਂ ਸਮੇਂ ਦੇ ਵਹਾਉ ਮੁਤਾਬਿਕ ਦੱਖਣ ਪੂਰਬ ਏਸ਼ੀਆ ਵੀ ਸਹਿਜੇ ਹੀ ਉਹਨਾਂ ਦੇ ਪ੍ਰਭਾਵ ਥੱਲੇ ਆ ਸਕਦਾ ਹੈ। ਸੋ ਇਸ ਸੰਧਰਵ ਵਿਚ ਅਮਰੀਕਾ ਨੇ ਸਿੱਧਾ ਫੌਜੀ ਦਖਲ ਵਧਾ ਕੇ ਉੱਤਰੀ ਵੀਅਤਨਾਮ ਨੂੰ ਤਹਿਸ ਨਹਿਸ ਕਰਨ ਦੇ ਤਹੱਈਏ ਨਾਲ ਅੱਤਿਆਚਾਰਾਂ ਦਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਜੋ 1975 ਤੱਕ ਚੱਲਿਆ। ਸਭ ਯਤਨਾਂ ਦੇ ਬਾਵਜੂਦ ਅਮਰੀਕਾ ਦੀ ਮਹਾਂਸ਼ਕਤੀ ਉੱਤਰੀ ਵੀਅਤਨਾਮ ਨੂੰ ਕੁਚਲਣ ‘ਚ ਅਸਫਲ ਰਹੀ ਤੇ ਆਖਿਰ ਉੱਤਰੀ ਤੇ ਦੱਖਣੀ ਵੀਅਤਨਾਮ ਇਕ ਦੇਸ਼ ਦੇ ਰੂਪ ‘ਚ ਉੱਭਰੇ ਤੇ ਅਮਰੀਕਾ ਨੂੰ ਜ਼ਲੀਲ ਹੋਕੇ, ਨਿਮੋਝੂਣਾ ਹੋ ਹਜ਼ਾਰਾਂ ਆਪਣੇ ਫੌਜੀ ਮਰਵਾ ਤੇ ਬੇਅੰਤ ਆਪਣਾ ਤੇ ਵੀਅਤਨਾਮ ਦਾ ਆਰਥਿਕ ਨੁਕਸਾਨ ਕਰਵਾ ਨਿਕਲਣਾ ਪਿਆ। ਇਹ ਹੈ ਅਮਰੀਕਾ ਵੀਅਤਨਾਮ ਯੁੱਧ ਦੀ ਪ੍ਰਾਪਤੀ ਦੀ ਝਲਕ।
ਅਗਲੀ ਗੱਲ ਆਪਾਂ ਕਿਊਬਾ ਦੀ ਕਰਦੇ ਹਾਂ, ਬਤਿਸਤਾ ਨੂੰ ਹਰਾ ਕੇ ਜਨਵਰੀ 1959 ‘ਚ ਫਿਡਲ ਕਾਸਟਰੋ ਨੇ ਜਦ ਆਪਣੀ ਇਨਕਲਾਬੀ ਪਕੜ ਜਮਾਈ ਤਾਂ ਅਮਰੀਕਾ ਨੂੰ ਇਹ ਗੱਲ ਪਸੰਦ ਨਹੀਂ ਸੀ ਤੇ ਇੰਝ ਅਮਰੀਕਾ ਨੂੰ ਆਪਣੀਆਂ ਜੜਾਂ ‘ਚ ਕਮਿਊਨਿਜਮ ਦੇ ਪ੍ਰਭਾਵ ਅਧੀਨ ਇਕ ਛੋਟਾ ਜਿਹਾ ਟਾਪੂ ਨੁਮਾ ਦੇਸ਼ ਡਰਾਉਣੇ ਜਿੰਨ ਦੀ ਤਰ੍ਹਾਂ ਦਿੱਸਣ ਲੱਗਾ ਤਾਂ ਅਕਤੂਬਰ 1960 ‘ਚ ਕਿਊਬਾ ਦੀ ਆਰਥਿਕ ਨਾਕਾਬੰਦੀ ਸ਼ੁਰੂ ਕੀਤੀ ਗਈ ਜੋ 2016 ਤੱਕ ਜਾਰੀ ਰਹੀ, ਇਸ ਨਾਕਾਬੰਦੀ ਦੌਰਾਨ ਕਿਊਬਾ ਨੂੰ ਬੇਅੰਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਬੇ ਆਫ ਪਿਗਜ਼ ਹਮਲਾ ਜਿਸ ‘ਚ ਅਮਰੀਕਾ ਨੂੰ ਮੂੰਹ ਦੀ ਖਾਣੀ ਪਈ, ਅਤੇ 1962 ਦਾ ਕਿਊਬਨ ਮਿਸਲ ਕਰਾਈਸਿਜ਼ ਜਿਸ ‘ਚ ਦੁਨੀਆਂ ਪਰਮਾਣੂੰ ਯੁੱਧ ਦੇ ਮੂੰਹ ‘ਚ ਜਾਂਦੀ ਜਾਂਦੀ ਮਸਾਂ ਹੀ ਬਚੀ ਦੋ ਪ੍ਰਮੁੱਖ ਘਟਨਾਵਾਂ ਵਾਪਰੀਆਂ ਜਿਹਨਾਂ ਪ੍ਰਤੱਖ ਸਾਬਤ ਕੀਤਾ ਕਿ ਕਿਸ ਤਰ੍ਹਾਂ ਅਮਰੀਕਾ ਧੌਂਸ ਨਾਲ ਹੋਰ ਮੁਲਕਾਂ ਨੂੰ ਟਿੱਚ ਸਮਝਦਾ, ਜਿਨ੍ਹਾਂ ਦੇ ਰਾਜ ਪ੍ਰਬੰਧ ਇਨ੍ਹਾਂ ਨੂੰ ਪਸੰਦ ਨਹੀਂ ਤੇ ਕਿਵੇਂ ਆਪਣਾਂ ਥਾਣੇਦਾਰੀ ਦਾ ਝੁਰਲੂ ਵਰਾਹੁਣ ਤੋਂ ਵੀ ਨਹੀਂ ਝਿਜਕਦਾ।
ਦੱਖਣੀ ਅਮਰੀਕਾ ਦੇ ਮੁਲਕ ਚਿੱਲੀ ਦੀ ਜਮਹੂਰੀਅਤ ਨਾਲ ਚੁਣੀ ਹੋਈ ਪ੍ਰਧਾਨ ਸਲਵੇਡੋਰ ਅਲੈਂਡੇ (1970-1973) ਦੀ ਹਕੂਮਤ ਦਾ ਰਾਜ ਪਲਟਾ ਅਤੇ ਕਤਲ ਸੀ. ਆਈ. ਏ. ਨੇ ਕਰਵਾ ਕੇ ਅਗਸਤੋ ਪੀਨੋਸ਼ੇ ਨੂੰ ਮੂਹਰੇ ਲਿਆਂਦਾ, ਜੇ ਦੇਖੋ ਤਾਂ ਅਮਰੀਕਾ ਜਮਹੂਰੀਅਤ ਦੀਆਂ ਅਖੌਤੀ ਕਹਾਣੀਆਂ ਪਾਉਣੋਂ ਨਹੀਂ ਥੱਕਦਾ। ਇਸੇ ਤ੍ਹਰਾਂ ਹੀ ਕੈਰੇਬੀਅਨ ਦੇ ਟਾਪੂ ਗਰਨੇਡਾ ਤੇ 1984 ਵਿਚ ਅਮਰੀਕਾ ਨੇ ਸਿੱਧਾ ਹਮਲਾ ਕਰਕੇ ਉਥੋਂ ਦੇ ਪ੍ਰਧਾਨ ਮੰਤਰੀ ਮਰੇਸ ਬਿਸ਼ਪ ਨੂੰ ਕਤਲ ਕਰਵਾ ਦਿੱਤਾ ਜਿਸ ‘ਚੋਂ ਮੱਖ ਕਾਰਨ ਇਹ ਸੀ ਕਿ ਉਸ ਨੇ ਕਿਊਬਾ ਨਾਲ ਨੇੜਤਾ ਦਾ ਹੱਥ ਵਧਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਤੱਕ ਪਾਕਿਸਤਾਨ ਨੂੰ ਨਿਰੰਤਰ ਆਰਥਿਕ ਮਦਦ ਦੇ ਕੇ ਭਾਰਤ ਦੇ ਖਿਲਾਫ ਉਕਸਾਈ ਰੱਖਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਥੋਂ ਤੱਕ ਕਿ ਉਥੇ ਭੀ ਜਮਹੂਰੀਅਤ ਨਾਲ ਚੁਣੀਆਂ ਸਰਕਾਰਾਂ ਖਿਲਾਫ ਰਾਜ ਪਲਟੇ ਕਰਵਾ ਕੇ ਆਪਣੇ ਪੱਖੀ ਫੌਜੀ ਜਰਨੈਲਾਂ ਨੂੰ ਰਾਜ ਭਾਗ ਤੇ ਬਿਠਾਇਆ, ਮਗਰੋਂ ਜਦੋਂ ਮਰਜੀ ਜਾਂ ਤਾਂ ਗੱਦੀਉ ਲਾਹ ਮਾਰਿਆ ਜਾਂ ਕਿਸੇ ਗੁੱਝੇ ਬਹਾਨੇ ਮਰਵਾ ਦਿੱਤਾ, ਜਦ ਕਿ ਪਹਿਲਾਂ ਇਹੀ ਕੰਮ ਉਹਨਾਂ ਜਰਨੈਲਾਂ ਤੋਂ ਜਮਹੂਰੀਅਤ ਨਾਲ ਚੁਣੇ ਲੀਡਰਾਂ ਨੂੰ ਵੀ ਫਾਹੇ ਲਗਵਾਉਣੋਂ ਨਹੀਂ ਝਿਜਕਿਆ। ਜ਼ੁਲਫਕਾਰ ਅਲੀ ਭੁੱਟੋ ਨੂੰ 1979 ‘ਚ ਜਨਰਲ ਜ਼ਿਆ ਉਲਹੱਕ ਨੇ ਰਾਜ ਪਲਟਾ ਕਰ ਕੇ ਕੈਦ ਕਰ, ਮਗਰੋਂ ਨਕਲੀ ਮੁਕੱਦਮਾਂ ਚਲਾ ਫਾਹੇ ਲਾਇਆ। ਉਪਰੰਤ ਜਨਰਲ ਜ਼ਿਆ ਉਲਹੱਕ ਵੀ ਗੁੱਝੇ ਭੇਦ ਨਾਲ ਹਵਾਈ ਹਾਦਸੇ ਵਿਚ ਮਰਿਆ। ਜਨਰਲ ਪ੍ਰਵੇਜ਼ ਮੁਸ਼ਰਫ ਤੋਂ ਜਮਹੂਰੀਅਤ ਨਾਲ ਚੁਣੇਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਰਾਜ ਪਲਟਾ ਕਰਵਾ ਉਸ ਨੂੰ ਗੱਦੀ ਤੇ ਬਿਠਾਇਆ, ਮਗਰੋਂ ਉਸੇ ਮੁਸ਼ਰਫ ਨੇ ਜ਼ਲਫਕਾਰ ਅਲੀ ਭੁੱਟੋ ਦੀ ਲੜਕੀ, ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਕਤਲ ਕਰਵਾ ਦਿੱਤਾ। ਇਹ ਸਭ ਕੰਮ ਅਮਰੀਕਾ ਦੀ ਖੁਫੀਆ ਏਜੰਸੀ ਸੀ. ਆਈ. ਏ. ਨੇ ਬੜੀ ਚਤੁਰਾਈ ਨਾਲ ਕੀਤੇ ਜਾਂ ਕਰਵਾਏ।
1979 ‘ਚ ਜਦੋਂ ਇਰਾਨ ਵਿਚ ਇਨਕਲਾਬ ਮਗਰੋਂ ਅਮਰੀਕਨ ਪੱਖੀ ਤਾਨਾਸ਼ਾਹ ਮੁਹੰਮਦ ਰਜ਼ਾ ਪਹਿਲਵੀ ਅਮਰੀਕਾ ਭੱਜਿਆ ਤਾਂ ਖੁਮੇਨੀ ਦੇ ਪ੍ਰਭਾਵ ਥੱਲੇ ਇਨਕਲਾਬੀ ਸਰਕਾਰ ਬਣੀਂ ਤਾਂ ਅਮਰੀਕਾ ਨੂੰ ਬੜੀ ਨਮੋਸ਼ੀ ਹੋਈ ਤੇ ਸਾਰੀ ਦੁਨੀਆਂ ‘ਚ ਤੋਏ ਤੋਏ ਭੀ; ਇਸ ਦਾ ਬਦਲਾ ਲੈਣ ਲਈ ਇਰਾਕੀ ਪ੍ਰਧਾਨ ਸਦਾਮ ਹੁਸੈਨ ਨੂੰ ਉਕਸਾ ਕੇ ਇਰਾਨ ਨਾਲ ਲੜਾਇਆ, ਇਹ ਇਰਾਨ ਇਰਾਕ ਲੜਾਈ ਨੌਂ ਦਸ ਸਾਲ ਚੱਲੀ ਜਿਸ ‘ਚ ਦੋਹਾਂ ਮੁਲਕਾਂ ਦਾ ਬੇਤਹਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਹੁਣ ਅੱਗੇ ਦੇਖੋ ਅਮਰੀਕਾ ਦੀਆਂ ਚਾਲਾਂ, ਪਹਿਲਾਂ ਸਦਾਮ ਹੁਸੈਨ ਨੂੰ ਇਰਾਨ ਨਾਲ ਲੜਾ ਆਪਣੀ 1979 ‘ਚ ਹੋਈ ਬੇਇਜ਼ਤੀ ਦਾ ਬਦਲਾ ਲਿਆ, ਤੇ ਮਗਰੋਂ ਸਦਾਮ ਦੇ ਖਿਲਾਫ ਵੀ ਡੰਡਾ ਕੱਢ ਲੈਣ ਦੀਆਂ ਵਿਉਂਤਾਂ ਵਿੱਢ ਲਈਆਂ। ਚੁੱਪ ਚੁਪੀਤੇ ਅਮਰੀਕਣ ਖੁਫੀਆ ਏਜੰਸੀ ਨੇ ਅੰਦਰਖਾਤੇ ਸਦਾਮ ਹੁਸੈਨ ਨੂੰ ਹਰੀ ਝੰਡੀ ਦੇ ਇਰਾਕ ਦੇ ਨਾਲ ਲਗਦੇ ਛੋਟੇ ਜਿਹੇ ਅਮੀਰ ਮੁਲਕ ਕੁਵੈਤ ਤੇ ਹਮਲਾ ਕਰਨ ਦੀ ਛੁੱਟੀ ਦੇ ਦਿੱਤੀ। ਮਗਰੋਂ ਜਦੋਂ ਸਦਾਮ ਨੇ ਕੁਵੈਤ ਤੇ ਹਮਲਾ ਕਰ ਕਬਜ਼ਾ ਕਰ ਲਿਆ ਤਾਂ ਉਹੀ ਅਮਰੀਕਾ ਦੁਨੀਆਂ ਨੂੰ ਬੁੱਧੂ ਬਣਾਉਣ ਲਈ ਇਹ ਪਰਚਾਰ ਕਰ ਉੱਠਿਆ ਕਿ ਸਦਾਮ ਹੁਸੈਨ ਨੇ ਬਹੁਤ ਮਾੜਾ ਕੰਮ ਕਰਤਾ, ਤੇ ਕੁਵੈਤ ਨੂੰ ਬਚਾਉਣ ਦੀ ਲੋੜ ਦੇ ਮੱਦੇ ਨਜ਼ਰ ਅਮਰੀਕਾ ਨੇ ਆਪਣੀਆਂ ਫੌਜਾਂ ਭੇਜ ਸਦਾਮ ਹੁਸੈਨ ਨੂੰ ਕੁਵੈਤ ਵਿਚੋਂ ਕੱਢ ਦਿੱਤਾ। ਇਸੇ ਕਹਾਣੀ ਨੂੰ ਅੱਗੇ ਤੋਰਦਿਆਂ ਸੰਨ 2003 ‘ਚ ਬਰਿਟਨ ਤੇ ਹੋਰ ਨੇਟੋ ਮੁਲਕਾਂ ਨੂੰ ਨਾਲ ਲੈ, ਬਹਾਨਾ ਇਹ ਘੜਿਆ ਕਿ ਇਰਾਕ ਕੋਲ ਰਸਾਇਣਕ ਹਥਿਆਰ ਹਨ ਜੋ ਕਿ ਬਹੁਤ ਹੀ ਖਤਰਨਾਕ ਹਨ ਤੇ ਇਰਾਕ ਤੇ ਹਮਲਾ ਕਰਨਾ ਸਮੇਂ ਦੀ ਲੋੜ ਹੈ, ਹਮਲਾ ਕਰ ਯੁੱਧ ਅਰੰਭ ਦਿੱਤਾ। ਸਦਾਮ ਦੇ ਖਾਤਮੇ ਉਪਰੰਤ ਇਰਾਕ ਦਾ ਚੱਪਾ ਚੱਪਾ ਛਾਣ ਮਾਰਿਆ ਪਰ ਕਿਤੋਂ ਭੀ ਕੋਈ ਰਸਾਇਣਕ ਮਾਰੂ ਹਥਿਆਰ ਨਹੀਂ ਲੱਭਿਆ। ਇਸ ਸਭ ਘਸਮਾਣ ਤੋਂ ਬਾਅਦ ਇਰਾਕ ਦੀ ਜੋ ਦੁਰਦਸ਼ਾ ਹੋਈ ਹੈ ਤੇ ਹੋ ਰਹੀ ਹੈ ਇਕ ਦੁਖਦਾਈ ਵਿਰਤਾਂਤ ਤੇ ਮਹਾਂ ਤਰਾਸਦੀ ਹੈ। ਇਰਾਕ ‘ਚ ਦਖਲ ਦੇ ਕੇ ਅਮਰੀਕਾ ਦਾ ਪਾਇਆ ਖਲਲ ਬੇਲੋੜਾ ਸੀ ਜਿਸ ‘ਚ ਲੱਖਾਂ ਜਾਨਾਂ ਅਜਾਈਂ ਗਈਆਂ ਤੇ ਨਾਂ ਪੂਰੀ ਹੋਣ ਵਾਲੀ ਆਰਥਿਕਤਾ ਦੀ ਬਰਬਾਦੀ ਹੋਈ। ਇਥੇ ਹੀ ਬੱਸ ਨਹੀਂ ਇਹੀ ਹਾਲ ਲਿਬੀਆ ‘ਚ ਕਰਕੇ ਤਬਾਹੀ ਮਚਾਈ, ਲਿਬੀਅਨ ਤਾਨਾਂਸ਼ਾਹ ਮੁਆਮਾਰ ਗੱਦਾਫੀ ਨਾਲ ਹਿਤਾਂ ਦੇ ਚਲੇ ਆ ਰਹੇ ਲੰਬੇ ਅਰਸੇ ਤੋਂ ਟਕਰਾ ਕਾਰਨ ਉਸ ਦੇ ਖਿਲਾਫ ਭੀ ਯੁੱਧ ਛੇੜਿਆ ਤੇ ਉਸ ਨੂੰ ਮਰਵਾ ਕੇ ਸਾਹ ਲਿਆ। ਮਗਰੋਂ ਹਾਲ ਉਥੇ ਭੀ ਇਰਾਕ ਵਾਲਾ ਹੀ ਹੋ ਰਿਹਾ ਹੈ, ਛੋਟੇ ਛੋਟੇ ਆਪੂ ਬਣੇ ਤੇ ਕੁਝ ਅਮਰੀਕਾ ਦੇ ਬਣਾਏ ਲੜਾਕੂ ਗਰੁੱਪ ਤਬਾਹੀ ਮਚਾ ਰਹੇ ਹਨ।
ਇਹੀ ਭਾਂਬੜ ਹੁਣ ਅਮਰੀਕਾ ਨੇ ਸੀਰੀਆ ‘ਚ ਮਚਾਇਆ ਹੋਇਆ ਹੈ ਪਿਛਲੇ ਚਾਰ ਪੰਜ ਸਾਲਾਂ ਤੋਂ। ਮੱਧ ਪੂਰਬ ‘ਚ ਅਮਰੀਕਾ ਨੇ ਐਸਾ ਖਲਲ ਤੇ ਭਦਰੋਹਲ਼ ਪਾ ਦਿੱਤਾ ਹੈ, ਤੇ ਇਤਨਾਂ ਇਸ ‘ਚ ਖੁੱਭ ਗਿਆ ਹੈ ਕਿ ਹੁਣ ਨਿਕਲਣ ਦਾ ਰਾਹ ਨਹੀਂ ਦਿਸਦਾ। ਲਿਬੀਆ ਤੇ ਇਰਾਕ ‘ਚ ਅਮਰੀਕਾ ਤੇ ਨੈਟੋ ਮੁਲਕਾਂ ਦੇ ਸਿਧੇ ਫੌਜੀ ਦਖਲ ਨਾਲ ਚੱਲੀ ਲੜਾਈ ਦੌਰਾਨ ਤਾਂ ਰਸ਼ੀਆ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਪਰ ਜਦੋਂ ਧੁਖਦੀ ਅੱਗ ਦੇ ਭਾਂਬੜ ਸੀਰੀਆ ‘ਚ ਮੱਚੇ ਤਾਂ ਰਸ਼ੀਆ ਆਪਣੇ ਸਹਿਯੋਗੀ ਐਲ ਅਸਾਦ ਦੀ ਮਦਦ ਤੇ ਉਤਰ ਆਇਆ ਤਾਂ ਸਥਿਤੀ ਹੋਰ ਭੀ ਗੰਭੀਰ ਤੇ ਗੁੰਝਲਦਾਰ ਬਣ ਗਈ। ਸੀਰੀਅਨ ਲੋਕਾਂ ਦੀ ਦੁਰਦਸ਼ਾ ਜੋ ਇਸ ਜਾਣ ਬੁੱਝ ਕੇ ਸ਼ੁਰੂ ਕਰਵਾਈ ਖਾਨਾਂ ਜੰਗੀ, ਵੱਖੋ ਵੱਖਰੇ ਅੱਤਵਾਦੀ ਧੜੇ, ਅਸਾਦ ਫੌਜਾਂ ਤੇ ਅਮਰੀਕਾ ਨੈਟੋ ਸਹਾਇਤਾ ਪ੍ਰਾਪਤ ਧੜਿਆਂ ਦੀ ਲੜਾਈ ਕਾਰਨ ਹੋਈ ਉਹ ਬਿਆਨ ਤੋਂ ਬਾਹਰ ਹੈ। ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ, ਲੱਖਾਂ ਹੀ ਬੇਘਰ ਹੋ ਸ਼ਰਨਾਰਥੀ ਕੈਂਪਾਂ ‘ਚ ਜਮਾਂ ਹੋਏ ਤੇ ਲੱਖਾਂ ਹੀ ਵਿਚ ਵਿਚਾਲੇ ਰੁਲ਼ ਰਹੇ ਹਨ। ਅਮਰੀਕਾ ਦੁਆਰਾ ਸ਼ੁਰੂ ਕਰਾਈ ਇਸ ਖਾਨਾਂ ਜੰਗੀ ‘ਚ ਅਮਰੀਕਾ ਨੇ ਕੀ ਖੱਟਿਆ ਮਨੁੱਖਤਾ ਦਾ ਬੇਅੰਤ ਘਾਣ ਕਰਵਾ, ਸਮਝ ਤੋਂ ਬਾਹਰ ਹੈ। ਖਾਹ ਮੁਖਾਹ ਸਾਰੀ ਦੁਨੀਆਂ ਦੀ ਥਾਣੇਦਾਰੀ ਕਰਨ ਦਾ ਅਮਰੀਕਾ ਦਾ ਭੁਲੇਖਾ ਪਤਾ ਨਹੀਂ ਕਦੋਂ ਦੂਰ ਹੋਏਗਾ। ਝੂਠ ਦੇ ਪਲੰਦੇ ਬਣਾ, ਖੁਫੀਆਂ ਏਜੰਸੀਆਂ ਰਾਹੀ ਬਦੇਸ਼ੀ ਮੁਲਕਾਂ ‘ਚ ਚੰਗੀਆਂ ਭਲੀਆਂ ਚਲਦੀਆਂ ਸਰਕਾਰਾਂ ਦੇ ਰਾਜ ਪਲਟੇ ਕਰ, ਖਾਨਾਂ ਜੰਗੀਆਂ ਸ਼ੁਰੂ ਕਰਾ ਇਹ ਕੇਹੀ ਖੇਡ ਅਮਰੀਕਾ ਖੇਡ ਰਿਹਾ ਹੈ। ਉਪਰ ਦਿਤੀਆਂ ਤਾਂ ਕੁਝ ਕੁ ਹੀ ਉਧ੍ਹਾਰਣਾਂ ਹਨ ਜਦ ਕਿ ਸੈਂਕੜੇ ਹੀ ਹੋਰ ਦੁਨੀਆਂ ਦੇ ਵੱਖੋ ਵੱਖਰੇ ਦੀਪਾਂ ‘ਚ ਅਜਿਹੀਆਂ ਬੇਲੋੜੀਆਂ ਦਖਲ ਅੰਦਾਜ਼ੀਆਂ ਕਾਰਨ ਸਥਾਨਿਕ ਲੋਕਾਂ ਦਾ ਘਾਣ ਹੋਈ ਜਾ ਰਿਹਾ ਹੈ।
ਅਮਨ ਅਮਾਨ ਤੇ ਸ਼ਾਂਤੀ ਨਾਲ ਵਸਦੇ ਲੋਕਾਂ ਨੂੰ ਬਣਾਉਟੀ ਤੇ ਝੂਠੇ ਬਹਾਨੇ ਬਣਾ ਲੜਾਈਆਂ ਕਰਾ ਕੇ ਸੱਚ ਦਰਸਾਉਣ ਦਾ ਯਤਨ ਕਰਨਾਂ ਅਮਰੀਕਾ ਦੀ ਵਿਦੇਸ਼ ਨੀਤੀ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਮਨੁੱਖੰੀ ਅਧਿਕਾਰਾਂ ਅਤੇ ਜਮਹੂਰੀਅਤ ਦੀਆਂ ਡੀਂਗਾਂ ਮਾਰਨ ਵਾਲਾ ਅਮਰੀਕਾ, ਲੱਖਾਂ ਬੇਗੁਨਾਹੇ ਲੋਕਾਂ ਨੂੰ ਕਤਲ ਕਰ ਤੇ ਕਰਵਾ ਕੇ ਜਮਹੂਰੀਅਤ ਨਾਲ ਚੁਣੀਆਂ ਸਰਕਾਰਾਂ ਦੇ ਰਾਜ ਪਲਟੇ ਕਰਾ ਕਠਪੁਤਲੀਆਂ ਕਮਜ਼ੋਰ ਸਰਕਾਰਾਂ ਖੜੀਆਂ ਕਰ ਕਿਵੇਂ ਦਿਨ ਦਿਹਾੜੇ ਝੂਠ ਤੇ ਫਰੇਬ ਦਾ ਨੰਗਾ ਨਾਚ ਕਰ ਦੁਨੀਆਂ ਨੂੰ ਬੁੱਧੂ ਬਣਾਈ ਜਾ ਰਿਹਾ ਹੈ। ਇਸ ਦੇ ਆਪਣੇ ਦੇਸ਼ ਅੰਦਰ ਕਿਸ ਤਰ੍ਹਾਂ ਅਫਰੀਕਨ ਅਮਰੀਕਨਾਂ ਤੇ ਹੋਰ ਘੱਟ ਗਿਣਤੀ ਸ਼ਹਿਰੀਆਂ ਨੂੰ ਕਿਤਨੀਆਂ ਔਖਿਆਈਆਂ ਤੇ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀਆਂ ਖਬਰਾਂ ਰੋਜ਼ ਹੀ ਸੁਰਖੀਆਂ ‘ਚ ਰਹਿਦੀਆਂ ਹਨ। ਕਿਸੇ ਕਾਲ਼ੇ ਨੂੰ ਬਿਨਾਂ ਕਿਸੇ ਕਾਰਨ ਸਹਿਜੇ ਹੀ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣਨਾ ਇਕ ਆਮ ਗੱਲ ਬਣ ਕੇ ਰਹਿ ਗਈ ਹੈ। ਆਮ ਤੇ ਮੱਧ ਵਰਗ ਸ਼ਹਿਰੀਆਂ ਨੂੰ ਮਣਾਂ ਮੂੰਹ ਟੈਕਸ ਤਾਰਨੇ ਪੈਂਦੇ ਹਨ ਜਦ ਕਿ ਅਮੀਰਾਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਟੈਕਸ ਨਾਂ ਅਦਾ ਕਰਨ ਲਈ ਅਣਗਿਣਤ ਚੋਰ ਮੋਰੀਆਂ ਹਨ ਜਿਹੜੀਆਂ ਉਹਨਾਂ ਨੂੰ ਘੱਟ ਤੋਂ ਘੱਟ ਟੈਕਸ ਜਾਂ ਪੂਰਨ ਤੌਰ ਤੇ ਹੀ ਟੈਕਸ ਮੁਕਤ ਕਰ ਦਿੰਦੀਆਂ ਹਨ। ਨਸਲਬਾਦੀ ਵਿਤਕਰਾ ਅਮਰੀਕਾ ‘ਚ ਸਿਖਰਾਂ ‘ਤੇ ਹੈ। ਕਾਲੇ ਲੋਕਾਂ ਨਾਲ ਜੇਲਾਂ ਤੁੰਨੀਆਂ ਪਈਆਂ ਹਨ ਤੇ ਉਹਨਾਂ ਦਾ ਜੀਵਨ ਪੱਧਰ ਨਿੱਘਰ ਕੇ ਰਹਿ ਗਿਆ ਹੈ। ਇਹ ਹੈ ਅਮਰੀਕਾ ਦੀ ਦੋਹਰੀ ਤੇ ਦੋਗਲੀ ਨੀਤੀ ਤੇ ਇਕ ਝਾਤ, ਜਿਸ ਦੀ ਕਹਿਣੀ ਤੇ ਕਰਨੀ ‘ਚ ਬੇਅੰਤ ਅੰਤਰ ਹੈ। ਮਨੱਖੀ ਅਧਿਕਾਰਾਂ ਤੇ ਕਦਰਾਂ ਕੀਮਤਾਂ ਨਾਲੋਂ ਵਪਾਰ ਤੇ ਵੱਧ ਮੁਨਾਫਾ ਪ੍ਰਮੁੱਖ ਹਨ। ਇਸ ਸਭ ਕਾਸੇ ਤੋਂ ਸਹਿਜ ਸੁਭਾ ਹੀ ਅਮਰੀਕਾ ਦਾ ਅਸਲੀ ਚਿਹਰਾ ਸਾਹਮਣੇ ਆ ਜਾਂਦਾ ਹੈ। ਹੁਣ ਟਰੰਪ ਦਾ ਸਭ ਉਲਟ ਕਿਆਸ ਅਰਾਈਆਂ ਦੇ ਬਾਵਯੂਦ ਪ੍ਰਧਾਨਗੀ ਦੀ ਚੋਣ ਜਿੱਤ ਜਾਣ ਨਾਲ ਜਿਹੜਾ ਤਣਾਓ, ਭੈਅ, ਨਫਰਤ ਅਤੇ ਅਸਥਿਰਤਾ ਦਾ ਮਹੌਲ ਸਿਰਜ ਹੋ ਗਿਆ ਹੈ, ਇਸ ਦੇ ਅੱਗੇ ਕੀ ਚੰਦ ਚੜ੍ਹਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ।
ਡੌਨਲਡ ਟਰੰਪ ਵਰਗੇ ਬੰਦੇ ਦਾ ਅਮਰੀਕਨ ਪ੍ਰਧਾਂਨ ਦੀ ਚੋਣ ਜਿੱਤ ਜਾਣਾਂ ਸਮੇਂ ਤੇ ਇਤਹਾਸ ਦੇ ਪਹੀਏ ਨੂੰ ਪਿਛਾਂਹ ਮੋੜਨ ਵਾਲੀ ਗੱਲ ਹੈ। ਕਿਸ ਕਦਰ ਵੋਟਾਂ ਦੌਰਾਨ ਘਟੀਆ ਕਿਸਮ ਦੀ ਸ਼ਬਦਾਬਲੀ; ਨੀਂਵੇਂ ਦਰਜੇ ਦੇ ਬਚਗਾਨਾਂ ਤ੍ਹਾਨੇ ਮਿਹਣੇ, ਅਸ਼ਲੀਲ, ਗੈਰ ਪਾਲੀਮਾਨੀ ਭਾਸ਼ਾ ਦੀ ਵਰਤੋਂ; ਔਰਤਾਂ, ਘੱਟ ਗਿਣਤੀ ਸ਼ਹਿਰੀਆਂ ਤੇ ਪਰਵਾਸੀਆਂ ਪ੍ਰਤੀ ਬੇਇਜ਼ਤੀ ਭਰੇ ਬੋਲ ਬੋਲਣ ਉਪਰੰਤ ਭੀ ਟਰੰਪ ਦਾ ਜੇਤੂ ਹੋ ਨਿਕਲਣਾਂ ਆਪਣੇ ਆਪ ‘ਚ ਹੀ ਅਮਰੀਕੀ ਮਖੌਟਾ ਬੇਨਿਕਾਬ ਹੋਣਾ ਹੈ।