4.7 C
Toronto
Tuesday, November 25, 2025
spot_img
Homeਨਜ਼ਰੀਆਛੱਤਰੀ ਤੇ ਸਾਇਕਲ ਦੀ ਖਾਹਿਸ਼ ਨੂੰ ਯਾਦ ਕਰਦਿਆਂ

ਛੱਤਰੀ ਤੇ ਸਾਇਕਲ ਦੀ ਖਾਹਿਸ਼ ਨੂੰ ਯਾਦ ਕਰਦਿਆਂ

ਆਮ ਕਹਾਵਤ ਹੈ ਜੀਵੇ ਆਸਾ, ਮਰੇ ਨਿਰਾਸਾ। ਆਸ ਨਾਲ ਹੀ ਇਨਸਾਨ ਮਿਹਨਤ ਕਰਦਾ ਹੈ। ਕਿਸੇ ਦੀ ਖਾਹਿਸ਼ ਛੋਟੀ ਹੁੰਦੀ ਹੈ, ਕਿਸੇ ਦੀ ਵੱਡੀ। ਅੱਜ ਤੋਂ ਪੰਜ-ਛੇ ਦਹਾਕੇ ਪਹਿਲਾਂ ਛੋਟੇ ਹੁੰਦਿਆਂ ਮੇਰੀ ਖਾਹਿਸ਼ ਹੁੰਦੀ ਸੀ ਛੱਤਰੀ ਤੇ ਸਾਇਕਲ। ਕਹਾਣੀ ਇਸ ਤਰ੍ਹਾਂ ਸੀ ਕਿ ਸਾਡੇ ਪਰਿਵਾਰ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸ ਕਰਕੇ ਮੈਨੂੰ ਪੜ੍ਹਾਈ ਕਰਨ ਦੇ ਨਾਲ-ਨਾਲ ਖੇਤੀ ਵਿੱਚ ਵੀ ਹੱਥ ਵਟਾਉਣਾ ਪੈਂਦਾ ਸੀ। ਖੇਤੀ ਦੇ ਕੰਮਾਂ ‘ਚੋਂ ਮੱਝਾਂ ਚਾਰਨੀਆਂ, ਪਸ਼ੂਆਂ ਲਈ ਪੱਠੇ ਵੱਢਣੇ ਆਦਿ ਤਾਂ ਸੌਖੇ ਲੱਗਦੇ ਸੀ। ਪਰ ਚਾਰ-ਪੰਜ ਕੰਮ ਬੇਹੱਦ ਮੁਸ਼ਕਲ ਸਨ।
ਸਭ ਤੋਂ ਔਖਾ ਕੰਮ ਸੀ ਛੁੱਟੀਆਂ ਦੌਰਾਨ 10-11 ਦਿਨ ਲਗਾਤਾਰ ਰੋਜ਼ਾਨਾ 9-10 ਘੰਟੇ ਕੜਕਦੀ ਧੁੱਪ ਵਿੱਚ ਦਾਤੀਆਂ ਨਾਲ ਕਣਕ (ਹਾੜ੍ਹੀ) ਵੱਢਣੀ। ਕਣਕ ਵੱਢਣ ਸਮੇਂ ਇੱਕ ਤਾਂ ਧੁੱਪ ਬੁਰਾ ਹਾਲ ਕਰਦੀ ਸੀ । ਦੂਜਾ ਜਿਹੜਾ ਮਿੱਟੀ-ਘੱਟਾ ਮੂੰਹ-ਗਰਦਨ ‘ਤੇ ਪੈ ਜਾਂਦਾ ਸੀ, ਉਹ ਬਹੁਤ ਤੰਗ ਕਰਦਾ ਸੀ। ਘਰ ਤੋਂ ਦੂਰ ਖੇਤਾਂ ਵਿੱਚ ਕਣਕ ਵੱਢਦਿਆਂ ਪਾਣੀ ਪੀਣ ਨੂੰ ਵੀ ਤਰਸ ਜਾਈਦਾ ਸੀ। ਉਸ ਸਮੇਂ ਦੇ ਪ੍ਰਬੰਧਾਂ ਮੁਤਾਬਕ ਹਾੜ੍ਹੀ ਦੀ ਵਾਢੀ ਵਿਚ ਸਾਡੇ ਨੇੜੇ-ਤੇੜੇ ਜਮੀਨਾਂ ਵਾਲੇ 10-12 ਪਰਿਵਾਰਾਂ ਦੇ ਕਣਕ ਵੱਢਦੇ ਬੰਦਿਆਂ ਨੂੰ ਨਿਹਾਲੀ ਤਾਈ (ਝਿਉਰੀ) ਪਾਣੀ ਪਿਲਾਉਂਦੀ ਹੁੰਦੀ ਸੀ। ਉਸਨੇ ਸਿਰ ‘ਤੇ ਪਾਣੀ ਦਾ ਘੜਾ ਰੱਖਿਆ ਹੁੰਦਾ ਸੀ। ਜਿੱਥੇ-ਜਿੱਥੇ ਵੀ ਕੋਈ ਕਣਕ ਵੱਢਦਾ ਹੁੰਦਾ ਸੀ ਉੱਥੇ ਹੀ ਖੇਤਾਂ ਵਿੱਚ ਜਾ ਕੇ ਪਾਣੀ ਪਿਲਾਈ ਜਾਂਦੀ ਸੀ। ਕਈ ਵਾਰ ਜਦੋਂ ਉਸ ਨੂੰ ਜ਼ਿਆਦਾ ਦੇਰ ਹੋ ਜਾਣੀ ਤਾਂ ਪਿਆਸ ਨਾਲ ਮੂੰਹ ਸੁੱਕਣ ਲੱਗ ਜਾਣਾ। ਫਿਰ ਉੱਠ-ਉੱਠ ਕੇ ਦੇਖਣਾ ਕਿ ਘੜੇ ਵਾਲੀ ਤਾਈ ਕਿੱਥੇ ਕੁ ਆ ਰਹੀ ਹੈ।
ਦੂਜਾ ਸਖ਼ਤ ਕੰਮ ਸੀ ਜੇਠ-ਹਾੜ੍ਹ (ਮਈ-ਜੂਨ) ਦੇ ਮਹੀਨੇ ਕਣਕ ਦੀ ਗਹਾਈ ਲਈ ਫਲ੍ਹਾ ਹੱਕਣਾ ਅਤੇ ਫਿਰ ਮਸ਼ੀਨੀ ਯੁੱਗ ਆਉਣ ਤੋਂ ਬਾਅਦ ਕਣਕ ਕੱਢਣ ਲਈ ਥਰੈਸ਼ਰ ‘ਤੇ ਕੰਮ ਕਰਨਾ। ਤੀਜਾ ਔਖਾ ਕੰਮ ਸੀ ਗਰਮੀਆਂ ਵਿੱਚ ਪਿੰਡ ਦੀਆਂ ਰੂੜੀਆਂ ‘ਚੋਂ ਪਸ਼ੂਆਂ ਦੇ ਗਲੇ-ਸੜੇ ਗੋਹੇ ਦੀ ਖਾਦ ਲਿਜਾ ਕੇ ਖੇਤਾਂ ਵਿੱਚ ਪਾਉਣੀ। ਚੌਥਾ ਕਰੜਾ ਕੰਮ ਸੀ ਸਾਉਣ-ਭਾਦੋਂ ਦੀ ਧੁੱਪ ਵਿੱਚ ਮੱਕੀ, ਕਪਾਹ ਅਤੇ ਕਮਾਦ ਦੀ ਗੁਡਾਈ ਕਰਨੀ। ਪੰਜਵਾਂ ਅਤੀ ਕਠਿਨ ਕੰਮ ਸੀ ਸਉਣ-ਭਾਦੋਂ ਵਿਚ ਮੱਕੀ ਤੇ ਕਪਾਹ ‘ਚੋਂ ਕੱਖ ਕੱਢਣੇ। ਅਜਿਹੇ ਔਖੇ ਕੰਮ ਕਰਦਿਆਂ ਪਸੀਨੇ ਨਾਲ ਭਿੱਜੇ ਨੂੰ ਇਹ ਪੰਕਤੀਆਂ ਅਕਸਰ ਹੀ ਯਾਦ ਆਉਂਦੀਆਂ: ”ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰ੍ਹੀ ਨੂੰ ਜਾਵੇਂ” ਅਤੇ ”ਭਾਦੋਂ ਦਾ ਭਜਾਇਆ ਜੱਟ ਸਾਧ ਹੋ ਗਿਆ।” ਇਸ ਧੁੱਪ ਤੇ ਗਰਮੀ ਦੇ ਸਤਾਏ ਹੋਏ ਨੇ ਮੈਂ ਵੀ ਪ੍ਰਮਾਤਮਾ ਅੱਗੇ ਅਕਸਰ ਅਰਦਾਸ ਕਰਨੀ ਕਿ ਹੇ ਮਾਲਕ ਇਸ ਜੂਨ ਵਿਚੋਂ ਕੱਢ ਕੇ ਕੋਈ ਸੌਖਾ ਕੰਮ ਦੇ ਦੇ।
ਅੱਗ ਵਰ੍ਹਦੀ ਧੁੱਪ ਵਿੱਚ ਖੇਤਾਂ ਵਿਚ ਕੰਮ ਕਰਦਿਆਂ ਜਦੋਂ ਕਿਸੇ ਪੜ੍ਹੇ-ਲਿਖੇ ਜਾਂ ਹੋਰ ਦਾਨੇ ਪੁਰਸ਼ ਨੂੰ ਸਾਇਕਲ ‘ਤੇ ਜਾਂ ਧੁੱਪ ਤੋਂ ਬਚਣ ਲਈ ਛੱਤਰੀ ਲੈ ਕੇ ਜਾਂਦਿਆਂ ਵੇਖਣਾ ਤਾਂ ਮਨ ਵਿੱਚ ਇੱਛਾ ਪੈਦਾ ਹੋਣੀ ਕਿ ਕੀ ਮੇਰੇ ਕੋਲ ਵੀ ਕਦੇ ਇਸ ਤਰ੍ਹਾਂ ਸਾਈਕਲ, ਛੱਤਰੀ ਹੋਣਗੇ? ਕੀ ਮੇਰੀ ਭਵਿੱਖਤ ਜ਼ਿੰਦਗੀ ਵੀ ਇਹਨਾਂ ਦਾਨੇ ਵਿਅਕਤੀਆਂ ਵਰਗੀ ਅਰਾਮਦਾਇਕ ਹੋਵੇਗੀ? ਉਸ ਸਮੇਂ ਛੱਤਰੀ ਦੀ ਕੀਮਤ ਤਕਰੀਬਨ ਪੰਜ-ਛੇ ਰੁਪਏ, ਨਵੇਂ ਸਾਈਕਲ ਦੀ ਕੀਮਤ ਡੇਢ ਕੁ ਸੌ ਰੁਪਏ ਅਤੇ ਪੁਰਾਣੇ ਦੀ 60-70 ਰੁਪਏ ਹੁੰਦੀ ਸੀ। ਬੇਸ਼ੱਕ ਸਮੇਂ ਦੇ ਨਾਲ ਐਮਐਸਸੀ, ਪੀਐਚ ਡੀ ਕਰਨ ਤੋਂ ਬਾਅਦ ਪੀ ਏ ਯੂ ਲੁਧਿਆਣਾ ਅਤੇ ਉਸ ਤੋਂ ਬਾਅਦ ਕੈਨੇਡਾ ਵਿੱਚ ਪ੍ਰੋਫੈਸਰ-ਸਾਇੰਸਦਾਨ ਦੀ ਨੌਕਰੀ ਕਰਦਿਆਂ ਖਾਹਿਸ਼ਾਂ ਵੀ ਬਦਲਦੀਆਂ ਗਈਆਂ। ਪਰ ਛੋਟੇ ਹੁੰਦਿਆਂ ਧੁੱਪੇ ਖੇਤਾਂ ‘ਚ ਕੰਮ ਕਰਨ ਵੇਲੇ ਮਨ ਵਿਚ ਉੱਠਦੀ ਛੱਤਰੀ ਤੇ ਸਾਈਕਲ ਦੀ ਖਾਹਿਸ਼ ਅੱਜ ਵੀ ਮੇਰੇ ਜਿਹਨ ਵਿੱਚ ਜਿਉਂ ਦੀ ਤਿਉਂ ਤਾਜ਼ਾ ਹੈ।
ਡਾ. ਨੌਰੰਗ ਸਿੰਘ ਮਾਂਗਟ
ਅਪਾਹਜ ਆਸ਼ਰਮ, ਸਰਾਭਾ
ਇੰਡੀਆ : 95018-42506, ਕੈਨੇਡਾ : 403-401-8787

RELATED ARTICLES
POPULAR POSTS