ਮੰਤਰੀ ਕੁਲਦੀਪ ਧਾਲੀਵਾਲ ਨੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਦੋ ਸਾਬਕਾ ਕਾਂਗਰਸੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਿਵਾਦਾਂ ਵਿਚ ਘਿਰ ਗਏ ਹਨ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੋਵਾਂ ਸਾਬਕਾ ਮੰਤਰੀਆਂ ਵਲੋਂ ਸਰਕਾਰੀ ਰਿਹਾਇਸ਼ ਖਾਲੀ ਕਰਨ ਤੋਂ ਬਾਅਦ ਡਾਈਨਿੰਗ ਟੇਬਲ, ਫਰਿੱਜ, ਹੀਟਰ ਅਤੇ ਐਲਈਡੀ ਆਦਿ ਗਾਇਬ ਮਿਲੇ ਹਨ। ਇਸ ਬਾਰੇ ਪੀਡਬਲਿਊਡੀ ਨੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਭੇਜ ਕੇ ਸੂਚਨਾ ਦੇ ਦਿੱਤੀ ਹੈ। ਇਸ ਪੱਤਰ ਵਿਚ ਇਨ੍ਹਾਂ ਦੋਵੇਂ ਸਾਬਕਾ ਮੰਤਰੀਆਂ ਕੋਲੋਂ ਗਾਇਬ ਹੋਏ ਸਮਾਨ ਦੇ ਪੈਸੇ ਵਸੂਲਣ ਲਈ ਕਿਹਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਗੱਲ ਦੀ ਬੜੀ ਹੈਰਾਨੀ ਹੈ ਕਿ ਅਸੀਂ ਨੇਤਾ ਹਾਂ ਜਾਂ ਕੋਈ ਚੋਰ ਡਾਕੂ, ਜੋ ਸਾਡਾ ਪੇਟ ਨਹੀਂ ਭਰਦਾ। ਜਾਣਕਾਰੀ ਮਿਲੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਵਿਚੋਂ ਇਕ ਡਾਈਨਿੰਗ ਟੇਬਲ, 10 ਡਾਈਨਿੰਗ ਚੇਅਰ ਅਤੇ ਸੋਫਾ ਆਦਿ ਸਮਾਨ ਨਹੀਂ ਮਿਲਿਆ ਹੈ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ ਦੀ ਸਰਕਾਰੀ ਕੋਠੀ ਵਿਚੋਂ ਦੋ ਫਰਿੱਜ, ਇਕ ਐਲਈਡੀ, ਰੂਮ ਹੀਟਰ ਅਤੇ ਪੱਖਾ ਆਦਿ ਸਮਾਨ ਗਾਇਬ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸੇ ਦੌਰਾਨ ਮਨਪ੍ਰੀਤ ਬਾਦਲ ਦੇ ਇਕ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਸਫਾਈ ਵੀ ਦਿੱਤੀ ਹੈ। ਜੌਹਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਇਹ ਸਮਾਨ 1 ਲੱਖ 82 ਹਜ਼ਾਰ ਰੁਪਏ ਵਿਚ ਖਰੀਦਿਆ ਸੀ ਅਤੇ ਇਹ ਚੰਡੀਗੜ੍ਹ ਦੇ ਹੈਰੀਟੇਜ ਨਾਲ ਜੁੜਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਵਲੋਂ ਇਸ ਸਮਾਨ ਦੀ ਪੂਰੀ ਕੀਮਤ ਵਿਭਾਗ ਨੂੰ ਦਿੱਤੀ ਜਾ ਚੁੱਕੀ ਹੈ।