ਨਵਜੋਤ ਸਿੰਘ ਸਿੱਧੂ ਦੇ ਪੈਂਟ ਗਿੱਲੀ ਕਰਨ ਵਾਲੇ ਬਿਆਨ ਦਾ ਕੀਤਾ ਸੀ ਵਿਰੋਧ
ਅੰਮਿ੍ਰਤਸਰ/ਬਿੳੂਰੋ ਨਿੳੂਜ਼
ਅੰਮਿ੍ਰਤਸਰ ਵਿਚ ਇਕ ਹੈਡ ਕਾਂਸਟੇਬਲ ਵਲੋਂ ਆਤਮ ਹੱਤਿਆ ਕਰਨ ਦੀ ਸੂਚਨਾ ਮਿਲੀ ਹੈ। ਇਹ ਉਹ ਹੈਡ ਕਾਂਸਟੇਬਲ ਹੈ, ਜਿਸ ਨੇ ਨਵਜੋਤ ਸਿੰਘ ਸਿੱਧੂ ਦੇ ਪੈਂਟ ਗਿੱਲੀ ਕਰਨ ਵਾਲੇ ਬਿਆਨ ਦਾ ਵਿਰੋਧ ਕੀਤਾ ਸੀ। ਮਿਲੀ ਜਾਣਕਾਰੀ ਅਨੁਸਾਰ ਅੰਮਿ੍ਰਤਸਰ ’ਚ ਤੈਨਾਤ ਹੈਡ ਕਾਂਸਟੇਬਲ ਸੰਦੀਪ ਕੁਮਾਰ ਨੇ ਅਚਾਨਕ ਹੀ ਖੁਦਕੁਸ਼ੀ ਕਰ ਲਈ ਹੈ ਅਤੇ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਕ ਵਿਵਾਦਤ ਬਿਆਨ ਦਿੱਤਾ ਗਿਆ ਸੀ। ਨਵਜੋਤ ਸਿੱਧੂ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦਾ ਇਕ ਵਰਕਰ ਕਿਸੇ ਪੁਲਿਸ ਵਾਲੇ ਨੂੰ ਦਬਕਾ ਮਾਰ ਕੇ ਉਸਦੀ ਪੈਂਟ ਗਿੱਲੀ ਕਰ ਸਕਦਾ ਹੈ। ਇਸ ਵਿਵਾਦਤ ਬਿਆਨ ਤੋਂ ਬਾਅਦ ਪੁਲਿਸ ਅਧਿਕਾਰੀ ਸੰਦੀਪ ਕੁਮਾਰ ਵਲੋਂ ਵੀ ਨਵਜੋਤ ਸਿੱਧੂ ਨੂੰ ਆਪਣੇ ਹੀ ਅੰਦਾਜ਼ ਵਿਚ ਜਵਾਬ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਵੀ ਹੋਇਆ ਸੀ। ਏਨਾ ਹੀ ਨਹੀਂ ਜਦੋਂ ਨਵਜੋਤ ਸਿੰਘ ਸਿੱਧੂ ਅੰਮਿ੍ਰਤਸਰ (ਈਸਟ) ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ ਤਾਂ ਸੰਦੀਪ ਕੁਮਾਰ ਨੇ ਲੱਡੂ ਵੀ ਵੰਡੇ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਦੀਪ ਕੁਮਾਰ ਦੇ ਮਾਤਾ ਪਿਤਾ ਵਲੋਂ ਜੋ ਸ਼ਿਕਾਇਤ ਦਰਜ ਕਰਵਾਈ ਜਾਵੇਗੀ, ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।