ਨਵੀਂ ਗੈਰ-ਮੁਨਾਫਾ ਸੰਸਥਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੋਸ਼ਣ ਤੋਂ ਬਚਾਉਣ ਤੇ ਉਨ੍ਹਾਂ ਦੀ ਬਹੁ-ਪੱਖੀ ਮਦਦ ਲਈ ਕੰਮ ਕਰੇਗੀ
ਮਿਸੀਸਾਗਾ : ਪੰਜਾਬ ਤੋਂ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕੰਮ ਕਰਨ ਲਈ ਅਤੇ ਉਨ੍ਹਾਂ ਨੂੰ ਮਦਦ ਪ੍ਰਦਾਨ ਕਰਨ ਵਾਸਤੇ ਨਵੀਂ ਗੈਰ-ਮੁਨਾਫਾ ਸੰਸਥਾ ਸੁਖਮਨੀ ਹੇਵਨ ਲੌਂਚ ਕੀਤੀ ਗਈ ਹੈ। ਮਿਸੀਸਾਗਾ ਦੀ ਇਸ ਸੰਸਥਾ ਦਾ ਮਕਸਦ ਇਨ੍ਹਾਂ ਸਟੂਡੈਂਟਸ ਨੂੰ ਭਾਵਨਾਤਮਕ, ਵਿਤੀ, ਹਾਊਸਿੰਗ ਸੰਬੰਧੀ ਅਤੇ ਮਾਨਸਿਕ ਸਿਹਤ ਬਾਰੇ ਮੱਦਦ ਪ੍ਰਦਾਨ ਕਰਨਾ ਹੈ। ਸੁਖਮਨੀ ਹੇਵਨ ਪੀਲ ਅਤੇ ਨਾਲ ਲੱਗਦੇ ਖੇਤਰਾਂ ਵਿਚ ਪੜ੍ਹ ਰਹੇ ਜਾਂ ਕੰਮ ਕਰ ਰਹੇ ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਰੋਜ਼ਗਾਰ ਦੀਆਂ ਨਿਆਂਪੂਰਨ ਨੀਤੀਆਂ ਬਣਾਉਣ, ਉਨ੍ਹਾਂ ਦੀ ਲੁੱਟ ਰੋਕਣ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਮੁੱਦਿਆਂ ‘ਤੇ ਕੰਮ ਕਰੇਗੀ। ਸੁਖਮਨੀ ਹੇਵਨ ਦੇ ਚੇਅਰ ਬਲਜੀਤ ਸਿੰਘ ਸਿਕੰਦ ਨੇ ਕਿਹਾ, ”ਸੁਖਮਨੀ ਹੇਵਨ ਵਿਚ ਕਾਨੂੰਨੀ ਮਾਹਰ, ਤਜ਼ਰਬੇਕਾਰ ਸੋਸ਼ਲ ਵਰਕਰ, ਸਮਾਜਿਕ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਦੇ ਕਾਰਕੁੰਨ ਅਤੇ ਵੱਖ-ਵੱਖ ਪੰਜਾਬੀ ਅਤੇ ਸਿੱਖ ਕਮਿਊਨਿਟੀ ਲੀਡਰ ਸ਼ਾਮਲ ਹਨ। ਅਸੀਂ ਸਾਡੀ ਕਮਿਊਨਿਟੀ ਵਿਚ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੀ ਜ਼ਿੰਦਗੀ ਵਿਚ ਸੁਧਾਰ ਲਿਆਉਣ ਲਈ ਇਕੱਠੇ ਹੋਏ ਹਾਂ।” ਸੁਖਮਨੀ ਹੇਵਨ ਇਹ ਮੰਨਦੀ ਹੈ ਕਿ ਕੈਨੇਡਾ ਦੇ ਭਵਿੱਖ ਦੇ ਨਿਰਮਾਣ ਵਿਚ ਸੁਖਮਨੀ ਹੇਵਨ ਦਾ ਅਹਿਮ ਯੋਗਦਾਨ ਹੈ। ਪਰ ਇਸ ਵਕਤ ਇਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਸਹਾਇਤਾ, ਸਿੱਖਿਆ ਅਤੇ ਜਾਣਕਾਰੀ ਦੀ ਲੋੜ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਇੰਟਰਨੈਸ਼ਨਲ ਸਟੂਡੈਂਟਸ ਪੰਜਾਬ ਤੋਂ ਉਨਟਾਰੀਓ ਆਉਂਦੇ ਹਨ। ਪਰ ਇਕ ਚੰਗੇ ਜੀਵਨ ਲਈ ਉਨ੍ਹਾਂ ਦੇ ਸਫਰ ਵਿਚ ਕਈ ਪ੍ਰਕਾਰ ਦੀਆਂ ਵਿਤੀ ਚੁਣੌਤੀਆਂ, ਸੋਸ਼ਣ ਅਤੇ ਬੇਗਾਨਗੀ ਸ਼ਾਮਲ ਹੈ।
ਸੁਖਮਨੀ ਹੇਵਨ ਦੇ ਬੋਰਡ ਮੈਂਬਰ ਦੀਪਾ ਮੱਟੂ ਨੇ ਕਿਹਾ, ”ਸਾਡੇ ਇਸ ਰੀਜਨ ਵਿਚ ਕਰੀਬ 30 ਪਰਸੈਂਟ ਇੰਟਰਨੈਸ਼ਨਲ ਸਟੂਡੈਂਟਸ ਪੰਜਾਬ ਤੋਂ ਹਨ ਅਤੇ ਉਨ੍ਹਾਂ ਵਿਚ ਬਹੁਤ ਸਾਰੀਆਂ ਪੰਜਾਬ ਦੇ ਦੇਹਾਤੀ ਖੇਤਰਾਂ ਵਿਚੋਂ ਨੌਜਵਾਨ ਲੜਕੀਆਂ ਹਨ। ਇਹ ਲੜਕੀਆਂ ਸੋਸ਼ਣ ਦਾ ਵੱਧ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਦਾ ਇਮੀਗਰੇਸ਼ਨ ਸਟੈਟਸ ਭਾਵੇਂ ਜੋ ਵੀ ਹੋਵੇ, ਇਹ ਉਨ੍ਹਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਅਤੇ ਮਾਣ-ਸਨਮਾਨ ਮਿਲੇ।” ਸੁਖਮਨੀ ਹੇਵਨ ਮਿਸੀਸਾਗਾ ਅਧਾਰਤ ਸੰਸਥਾ ਹੈ, ਪਰ ਇਹ ਪੂਰੇ ਉਨਟਾਰੀਓ ਵਿਚ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਕੰਮ ਕਰੇਗੀ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸੁਖਮਨੀ ਹੇਵਨ ਦੀ ਵੈਬਸਾਈਟ sukhmanihaven.com ‘ਤੇ ਜਾਇਆ ਜਾ ਸਕਦਾ ਹੈ ਜਾਂ ਈਮੇਲ ਕੀਤੀ ਜਾ ਸਕਦੀ ਹੈ: [email protected]