ਬੇਅਦਬੀ ਮਾਮਲਿਆਂ ‘ਚ ਘਿਰੇ ਅਕਾਲੀ ਦਲ ‘ਤੇ ਕੈਪਟਨ ਦਾ ਵਾਰ
‘ਬਾਦਲਾਂ ਨੂੰ ਨਹੀਂ ਬਖਸ਼ਾਂਗੇ’
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਇਜਲਾਸ ਵਿਚ ਕਿਹਾ ਕਿ ਪੰਜਾਬ ਦੀ ਬਰਬਾਦੀ ਤੇ ਦੁਰਦਸ਼ਾ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਜ਼ਿੰਮੇਵਾਰ ਹਨ। ਅਪਰੇਸ਼ਨ ਬਲਿਊ ਸਟਾਰ ਸਮੇਤ ਅਨੇਕਾਂ ਪੁਰਾਣੇ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਬਾਦਲ ਨੇ ਹਮੇਸ਼ਾ ਸਿਆਸੀ ਹਿੱਤਾਂ ਲਈ ਸਮਾਜ ਨੂੰ ਵੰਡਿਆ ਹੈ ਅਤੇ ਉਹ ਝੂਠੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ਵਿਧਾਨ ਸਭਾ ਨੇ ਮੰਗਲਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਵਾਪਸ ਲੈ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਤੋਂ ਤੈਅ ਸਮੇਂ ਵਿਚ ਕਰਵਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮਤਾ ਸਦਨ ਵਿਚ ਪੇਸ਼ ਕੀਤਾ ਅਤੇ ਸਦਨ ਨੇ ਸਰਬ ਸੰਮਤੀ ਨਾਲ ਇਸ ਨੂੰ ਪਾਸ ਕਰ ਦਿੱਤਾ। ਮੰਗਲਵਾਰ ਨੂੰ ਬਾਅਦ ਦੁਪਹਿਰ ਸਾਢੇ ਬਾਰਾਂ ਵਜੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਵਿਧਾਨ ਸਭਾ ਵਿਚ ਬਹਿਸ ਸ਼ੁਰੂ ਹੋਈ ਜੋ ਅੱਠ ਘੰਟੇ ਤੋਂ ਵੱਧ ਚੱਲੀ। ਬਹਿਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੇ ਸਦਨ ਤੋਂ ਵਾਕਆਊਟ ਕੀਤਾ। ਸੱਤਾਧਾਰੀ ਧਿਰ ਵਲੋਂ ਬਹਿਸ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿੱਸਾ ਲਿਆ ਜਦੋਂ ਕਿ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਐਡਵੋਕੇਟ ਐਚ ਐਸ ਫੂਲਕਾ, ਅਮਨ ਅਰੋੜਾ, ਸੁਖਪਾਲ ਸਿੰਘ ਖਹਿਰਾ, ਬਲਦੇਵ ਸਿੰਘ, ਬਲਜਿੰਦਰ ਕੌਰ, ਕੰਵਰ ਸੰਧੂ, ਕੁਲਤਾਰ ਸਿੰਘ ਸੰਧਵਾਂ, ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਹਿੱਸਾ ਲਿਆ। ਇਨ੍ਹਾਂ ਸਾਰੇ ਬੁਲਾਰਿਆਂ ਨੇ ਇਕਸੁਰ ਵਿਚ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਜ਼ਿੰਮੇਵਾਰ ਦੱਸਦੇ ਹੋਏ ਹੋਰਨਾਂ ਪੁਲਿਸ ਤੇ ਸਿਵਲ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਸ ਵਿਚ ਹਿੱਸਾ ਲੈਂਦੇ ਹੋਏ ਸਦਨ ਨੂੰ ਭਰੋਸਾ ਦਿੱਤਾ ਕਿ ਉਹ ਸਦਨ ਦੇ ਸਮੂਹ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਪਰੇਸ਼ਨ ਬਲਿਊ ਸਟਾਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਘਟਨਾ ਲਈ ਸਿੱਧੇ ਤੌਰ ‘ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਗੱਲਬਾਤ ਲਈ ਕੋਈ ਰਾਹ ਖੁੱਲ੍ਹਦਾ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਸਾਰੇ ਕੀਤੇ ਕਰਾਏ ‘ਤੇ ਪਾਣੀ ਫੇਰ ਦਿੰਦੇ ਸਨ। ਉਨ੍ਹਾਂ ਕਿਹਾ ਕਿ ਬਾਦਲ ਵਾਅਦਾ ਕਰਕੇ ਗਰਮਦਲੀਆਂ ਨੂੰ ਉਕਸਾਉਂਦੇ ਸਨ ਤੇ ਬਾਅਦ ਵਿਚ ਜ਼ੁਬਾਨੋਂ ਫਿਰ ਜਾਂਦੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਮਿਆਂ ਦਾ ਇਤਿਹਾਸ ਲਿਖਿਆ ਜਾਣਾ ਹੈ ਅਤੇ ਇਸ ਵਿਚ ਬਾਦਲ ਬਖਸ਼ੇ ਨਹੀਂ ਜਾਣਗੇ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਤਾਬੜਤੋੜ ਹਮਲੇ ਕੀਤੇ। ਉਨ੍ਹਾਂ ਐਡਵੋਕੇਟ ਕੁਲਵੰਤ ਸਿੰਘ ਦੇ ਪਰਿਵਾਰ ਨੂੰ ਅਗਵਾ ਕਰਨ, ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿਊਂਦਾ ਸਾੜਨ, ਲੁਧਿਆਣਾ ਦੇ ਦੋ ਸਕੇ ਭਰਾਵਾਂ ਨੂੰ ਅਗਵਾ ਕਰਨ ਸਮੇਤ ਕਈ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਬਕਾ ਡੀਜੀਪੀ ਨੇ ਪੰਜਾਬ ਦੀ ਜਵਾਨੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਦਨ ਨੂੰ ਦੱਸਿਆ ਕਿ 13 ਅਪ੍ਰੈਲ 1978 ਨੂੰ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਰੰਕਾਰੀ ਸਮਾਗਮ ਪੰਜਾਬ ਵਿਚ ਨਾ ਕਰਵਾਉਣ ਦੀ ਅਪੀਲ ਕੀਤੀ ਸੀ। ਪਰ ਬਾਦਲ ਨੇ ਅਧਿਕਾਰੀਆਂ ਦੀ ਗੱਲ ਨਹੀਂ ਮੰਨੀ। ਸਿੱਟੇ ਵਜੋਂ ਨਿਰੰਕਾਰੀਆਂ ਤੇ ਸਿੱਖਾਂ ਵਿਚ ਹੋਏ ਵਿਵਾਦ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਸੀ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਪੰਜਾਬ ਦੇ ਲੋਕ ਸਾਨੂੰ (ਕਾਂਗਰਸੀਆਂ) ਨੂੰ ਮਾਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇ ’84 ਕਤਲੇਆਮ ਨਹੀਂ ਭੁੱਲਿਆ ਤਾਂ ਬਰਗਾੜੀ ਕਾਂਡ ਵੀ ਨਹੀਂ ਭੁਲਾਇਆ ਜਾ ਸਕਦਾ। ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ (ਡੇਰਾ ਮੁਖੀ) ਨੂੰ ਚਿੱਠੀ ‘ਤੇ ਮਾਫੀ ਦਿੱਤੀ ਗਈ ਹੋਵੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਲ੍ਹਿਆਂ ਵਾਲੇ ਬਾਗ ‘ਤੇ ਜਨਰਲ ਡਾਇਰ ਨੇ ਖੁਦ ਗੋਲੀ ਨਹੀਂ ਚਲਾਈ ਸੀ, ਪਰ ਲੋਕ ਅੱਜ ਵੀ ਜਨਰਲ ਡਾਇਰ ਨੂੰ ਯਾਦ ਕਰਦੇ ਹਨ, ਇਸੇ ਤਰ੍ਹਾਂ ਬਰਗਾੜੀ ਕਾਂਡ ਲਈ ਲੋਕ ਗੋਲੀ ਚਲਾਉਣ ਵਾਲਿਆਂ ਨੂੰ ਨਹੀਂ ਬਲਕਿ ਹੁਕਮ ਦੇਣ ਵਾਲਿਆਂ ਨੂੰ ਯਾਦ ਕਰਨਗੇ।
ਕੈਪਟਨ-ਦਾਦੂਵਾਲ ਮੀਟਿੰਗ ਦੀ ਜਾਂਚ ਲਈ ਕਮੇਟੀ ਗਠਿਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਮੀਟਿੰਗਾਂ ਦੇ ਦੋਸ਼ਾਂ ਦੀ ਜਾਂਚ ਲਈ ਇਕ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਗਠਿਤ ਇਹ ਕਮੇਟੀ ਮਾਮਲੇ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਗਲਤ ਸੂਚਨਾ ਦੇ ਕੇ ਸਦਨ ਨੂੰ ਗੁੰਮਰਾਹ ਕੀਤਾ ਹੈ। ਜਿਸ ਟਾਵਰ ਦੀ ਸਥਿਤੀ ਬਾਰੇ ਸੁਖਬੀਰ ਨੇ ਜਾਣਕਾਰੀ ਦਿੱਤੀ ਹੈ, ਉਹ ਹੈ ਹੀ ਨਹੀਂ। ਦਾਦੂਵਾਲ ਨਾਲ ਉਨ੍ਹਾਂ ਦੀਆਂ ਦਿਖਾਈਆਂ ਜਾ ਰਹੀਆਂ ਤਸਵੀਰਾਂ ਪੰਜਾਬ ਭਵਨ ਵਿਖੇ ਉਨ੍ਹਾਂ ਦੇ ਵਫਦ ਨਾਲ ਹੋਈ ਮੀਟਿੰਗ ਵੇਲੇ ਦੀਆਂ ਹਨ। ਕੈਪਟਨ ਨੇ ਇਸ ਮਾਮਲੇ ਦੀ ਜਾਂਚ ਲਈ ਸਦਨ ਵਿਚ ਕਮੇਟੀ ਬਣਾਉਣ ਦਾ ਮਤਾ ਪੇਸ਼ ਕੀਤਾ। ਇਸ ਲਈ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ, ਜਿਹੜਾ ਪ੍ਰਵਾਨ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਦੋਸ਼ ਲਾਇਆ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਗਰਮ ਖਿਆਲੀ ਆਗੂਆਂ ਨਾਲ ਮਿਲ ਕੇ ਇਹ ਰਿਪੋਰਟ ਤਿਆਰ ਕੀਤੀ ਹੈ। ਗਰਮ ਖਿਆਲੀ ਆਗੂ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਸੀ।
ਵਿਧਾਨ ਸਭਾ ‘ਚ ਮੁੱਖ ਮੰਤਰੀ ਅੱਗੇ ਝੋਲੀ ਅੱਡ ਕੇ ਸਿੱਧੂ ਨੇ ਕੀਤੀ ਮੰਗ
‘ਬਾਦਲਾਂ ਨੂੰ ਫਾਹੇ ਟੰਗ ਦਿਓ’
ਚੰਡੀਗੜ੍ਹ : ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਸਾਰਿਆਂ ਨੂੰ ਉਸ ਸਮੇਂ ਹੈਰਾਨੀ ਵਿਚ ਪਾ ਦਿੱਤਾ ਜਦੋਂ ਉਹ ਝੋਲੀ ਅੱਡ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਝੁਕ ਗਏ ਅਤੇ ਬੋਲੇ, ਬਰਗਾੜੀ ਕਾਂਡ ਦੇ ਦੋਸ਼ੀ ਬਾਦਲਾਂ ਨੂੰ ਫਾਹੇ ਲਗਾ ਦਿਓ। ਸਿੱਧੂ ਨੇ ਕਿਹਾ ਕਿ ਬੇਅਦਬੀ ਬਾਦਲਾਂ ਦੇ ਮੱਥੇ ‘ਤੇ ਕਾਲਾ ਧੱਬਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਕਹਿਣ ‘ਤੇ ਬਹਿਬਲ ਕਲਾਂ ਵਿਚ ਸਿੱਖਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਲਈ ਬਾਦਲਾਂ ਖਿਲਾਫ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਦੋ ਵਜੇ ਦੋ ਵਾਰ ਫੋਨ ਕਰਕੇ ਬਾਦਲ ਨੇ ਹੀ ਧਰਨੇ ‘ਤੇ ਬੈਠੇ ਲੋਕਾਂ ਨੂੰ ਜਬਰੀ ਹਟਾਉਣ ਲਈ ਕਿਹਾ ਸੀ। ਉਨ੍ਹਾਂ ਬਾਦਲ ਦੀ ਤੁਲਨਾ ਜਨਰਲ ਡਾਇਰ ਨਾਲ ਕਰਦਿਆਂ ਕਿਹਾ ਕਿ ਜਨਰਲ ਡਾਇਰ ਨੇ ਵੀ ਗੋਲੀ ਖੁਦ ਨਹੀਂ ਚਲਾਈ ਸੀ ਪਰ ਇਤਿਹਾਸ ਵਿਚ ਨਾਂ ਜਨਰਲ ਡਾਇਰ ਦਾ ਹੀ ਕਾਲੇ ਅੱਖਰਾਂ ਵਿਚ ਲਿਖਿਆ ਜਾਂਦਾ ਹੈ। ਸਿੱਧੂ ਨੇ ਕਿਹਾ ਕਿ ਸੀ. ਬੀ. ਆਈ.ਕੇਂਦਰ ਸਰਕਾਰ ਦੀ ਕਠਪੁਤਲੀ ਹੈ, ਇਸ ਲਈ ਬੇਅਦਬੀ ਮਾਮਲਿਆਂ ਦੀ ਜਾਂਚ ਸੀ.ਬੀ. ਆਈ. ਨੂੰ ਨਹੀਂ ਦਿੱਤੀ ਜਾਣੀ ਚਾਹੀਦੀ।
ਸੁਮੇਧ ਸੈਣੀ, ਪੀਟੀਸੀ ਚੈਨਲ ਤੇ ਫਾਸਟਵੇਅ ਨਿਸ਼ਾਨੇ ‘ਤੇ
ਸੱਤਾ ਧਿਰ ਕੋਲੋਂ ਵਿਰੋਧੀ ਧਿਰ ਦੇ ਸਮੂਹ ਬੁਲਾਰਿਆਂ ਨੇ ਵਾਰ-ਵਾਰ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕੁਲਜੀਤ ਸਿੰਘ ਨਾਗਰਾ ਤੇ ਨਵਜੋਤ ਸਿੰਘ ਸਿੱਧੂ ਨੇ ਪੀਟੀਸੀ ਤੇ ਫਾਸਟਵੇਅ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ। ਨਾਗਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਰਵਾਈ ਨਹੀਂ ਕੀਤੀ ਗਈ ਜਾਂ ਸਮੂਹ ਵਿਧਾਇਕ ਖੁਦ ਤਾਰਾਂ ਪੁੱਟ ਦੇਣ।
ਅਕਾਲੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ : ਸੁਖਬੀਰ ਬਾਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਰਣਜੀਤ ਸਿੰਘ ਕਮਿਸ਼ਨ ਦੇ ਬਹਾਨੇ ਕਾਂਗਰਸ ਦੀਆਂ ਅਕਾਲੀ ਦਲ ਨੂੰ ਦੋਸ਼ੀ ਠਹਿਰਾਉਣ ਦੀਆਂ ਸਾਰੀਆਂ ਸਾਜਿਸ਼ਾਂ ਨਕਾਮ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਕਿਤੇ ਵੀ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ।
Home / ਹਫ਼ਤਾਵਾਰੀ ਫੇਰੀ / ਪੰਜਾਬ ਵਿਧਾਨ ਸਭਾ ‘ਚ ਬੇਅਦਬੀ ਮਾਮਲਿ ਆਂ ‘ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਅੱਠ ਘੰਟੇ ਹੋਈ ਬਹਿਸ
Check Also
ਟਰੂਡੋ ਸਰਕਾਰ ਦੇ ਮੰਤਰੀ ਚੋਣਾਂ ਲੜਨ ਤੋਂ ਕਿਨਾਰਾ ਕਰਨ ਲੱਗੇ
ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਮੁੜ ਅਧਿਆਪਨ ਕਿੱਤੇ ਨਾਲ ਜੁੜਨ ਦੀ ਇੱਛਾ ਜਤਾਈ ਓਟਵਾ/ਬਿਊਰੋ ਨਿਊਜ਼ …