ਚੀਨ ਨੇ ਪਿੱਛੇ ਹਟਣਾ ਮੰਨਿਆ – ਲੈਫਟੀਨੈਂਟ ਜਨਰਲ ਪੱਧਰ ਦੀ ਹੋਈ ਸੀ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਚੀਨ ਦੋਵੇਂ ਦੇਸ਼ ਸ਼ਾਂਤੀ ਕਾਇਮ ਰੱਖਣ ਲਈ ਸਹਿਮਤ ਹੋ ਗਏ ਹਨ, 7 ਦਿਨਾਂ ਵਿਚ ਹੀ ਚੀਨ ਨੇ ਪਿੱਛੇ ਹਟਣਾ ਮੰਨ ਲਿਆ। ਧਿਆਨ ਰਹੇ ਕਿ ਦੋਵਾਂ ਦੇਸ਼ਾਂ ਵਿਚਕਾਰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ ਸੀ। ਫੌਜ ਦੇ ਸੂਤਰਾਂ ਮੁਤਾਬਕ ਦੱਸਿਆ ਗਿਆ ਕਿ ਇਹ ਗੱਲਬਾਤ ਚੰਗੇ ਮਾਹੌਲ ਵਿਚ ਹੋਈ ਅਤੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੀ ਥਾਂ ਤੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਾਉਣ ਲਈ ਸਹਿਮਤੀ ਬਣੀ ਹੈ। ਜਾਣਕਾਰੀ ਮਿਲੀ ਹੈ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਕਰੀਬ 11 ਘੰਟੇ ਤੱਕ ਚਲੀ। ਭਾਰਤ ਵਲੋਂ ਮੀਟਿੰਗ ਵਿਚ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਹਿੱਸਾ ਲਿਆ। ਇਸੇ ਦੌਰਾਨ ਭਾਰਤੀ ਅਫਸਰਾਂ ਨੇ ਹਿੰਸਕ ਝੜਕ ਨੂੰ ਚੀਨ ਦੀ ਸੋਝੀ ਸਮਝੀ ਸਾਜਿਸ਼ ਦੱਸਿਆ ਸੀ। ਚੀਨ ਨੇ ਇਹ ਵੀ ਮੰਨਿਆ ਕਿ ਝੜਪ ਵਿਚ ਉਨ੍ਹਾਂ ਦਾ ਕਮਾਂਡਿੰਗ ਅਫਸਰ ਵੀ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਇਸ ਟਕਰਾਅ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿਚੋਂ 4 ਪੰਜਾਬ ਦੇ ਸਨ। ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ‘ਟਕਰਾਅ ਤੋਂ ਪਿੱਛੇ ਹਟਣ ਲਈ ਆਪਸੀ ਸਮਝੌਤਾ ਹੋਇਆ ਹੈ।’ ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪੇਈਚਿੰਗ ਵਿੱਚ ਕਿਹਾ ਕਿ ਦੋਵੇਂ ਧਿਰਾਂ ਬਕਾਇਆ ਮੁੱਦਿਆਂ ‘ਤੇ ਲੰਮੀ ਵਿਚਾਰ ਚਰਚਾ ਮਗਰੋਂ ਅਸਲ ਕੰਟਰੋਲ ਰੇਖਾ ‘ਤੇ ਸਿਖਰ ‘ਤੇ ਪੁੱਜੀ ਤਲਖੀ ਨੂੰ ਘਟਾਉਣ ਲਈ ਲੋੜੀਂਦੀ ਪੇਸ਼ਕਦਮੀ ਲਈ ਸਹਿਮਤ ਹੋ ਗਈਆਂ ਹਨ।
ਚੀਨ ਨਾਲ ਵਿਗੜੇ ਹਾਲਾਤ ਲਈ ਮੋਦੀ ਸਰਕਾਰ ਜ਼ਿੰਮੇਵਾਰ : ਕਾਂਗਰਸ
ਚੰਡੀਗੜ੍ਹ : ਦਿੱਲੀ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਚੀਨ ਦੇ ਮੁੱਦੇ ‘ਤੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਸਰਹੱਦ ਉਤੇ ਚੀਨ ਨਾਲ ਜੋ ਟਕਰਾਅ ਚੱਲ ਰਿਹਾ ਹੈ, ਉਹ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। ਇਸ ਮੀਟਿੰਗ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਕਈ ਆਗੂ ਸ਼ਾਮਲ ਹੋਏ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਇਸ ਬੈਠਕ ਦਾ ਹਿੱਸਾ ਬਣੇ ਅਤੇ ਉਨ੍ਹਾਂ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਕਈ ਜ਼ਰੂਰੀ ਮੁੱਦਿਆਂ ਸਬੰਧੀ ਪਾਰਟੀ ਨੂੰ ਜਾਣੂ ਕਰਵਾਇਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸਰਹੱਦ ਦੇ ਮੁੱਦੇ ‘ਤੇ ਜੇਕਰ ਮਜ਼ਬੂਤੀ ਨਾਲ ਨਹੀਂ ਨਿਪਟਿਆ ਗਿਆ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਡਾ. ਮਨਮੋਹਨ ਸਿੰਘ ਨੇ ਮੋਦੀ ਨੂੰ ਕਈ ਨਸੀਹਤਾਂ ਦਿੱਤੀਆਂ ਸਨ।
ਥਲ ਸੈਨਾ ਮੁਖੀ ਨੇ ਫੌਜੀ ਤਿਆਰੀਆਂ ਦਾ ਲਿਆ ਜਾਇਜ਼ਾ
ਨਵੀਂ ਦਿੱਲੀ: ਥਲ ਸੈਨਾ ਮੁਖੀ ਐੱਮ.ਐੱਮ.ਨਰਵਾਣੇ ਨੇ ਲੱਦਾਖ ਖੇਤਰ ਦਾ ਦੌਰਾ ਕਰਕੇ ਕਿਸੇ ਵੀ ਹਾਲਾਤ ਦੇ ਟਾਕਰੇ ਲਈ ਭਾਰਤ ਦੀਆਂ ਫੌਜੀ ਤਿਆਰੀਆਂ ਦਾ ਜਾਇਜ਼ਾ ਲਿਆ। ਲੇਹ ਪੁੱਜਦੇ ਹੀ ਥਲ ਸੈਨਾ ਮੁਖੀ ਜਨਰਲ ਨਰਵਾਣੇ ਨੇ ਫੌਜੀ ਹਸਪਤਾਲ ਜਾ ਕੇ 18 ਫੌਜੀਆਂ ਦੀ ਸਿਹਤ ਬਾਰੇ ਖ਼ਬਰਸਾਰ ਲਈ, ਜੋ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜੱਪ ਮਗਰੋਂ ਇਥੇ ਜ਼ੇਰੇ ਇਲਾਜ ਹਨ।
ਗਲਵਾਨ ਹਿੰਸਾ ਸਿਰਫ਼ ਗਸ਼ਤ ਦੌਰਾਨ ਹੋਈ ਝੜਪ ਨਹੀਂ : ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਗਲਵਾਨ ਘਾਟੀ ਦੀ ਘਟਨਾ ਨੂੰ ਸਿਰਫ਼ ਗਸ਼ਤ ਦੌਰਾਨ ਹੋਈ ਝੜਪ ਦਸ ਕੇ ਰੱਦ ਨਹੀਂ ਕਰਨਾ ਚਾਹੀਦਾ ਬਲਕਿ ਭਾਰਤੀ ਇਲਾਕੇ ‘ਤੇ ਕਬਜ਼ਾ ਕਰ ਰਹੇ ਚੀਨ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ਵਿਚ ਹੋਈ ਹਿੰਸਾ ਇਸ ਗੱਲ ਦਾ ਸਬੂਤ ਹੈ ਕਿ ਚੀਨ ਕੋਈ ਯੋਜਨਾ ਬਣਾ ਰਿਹਾ ਸੀ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …